ਭਾਰਤ ਮੁਕਾਬਲੇ ਪਾਕਿਸਤਾਨ ''ਚ ਸੋਨੇ ਦਾ ਭਾਅ ਦੁੱਗਣੇ ਤੋਂ ਵੀ ਵੱਧ, ਕੀਮਤ ਜਾਣ ਕੇ ਹੋਵੋਗੇ ਹੈਰਾਨ

01/06/2020 5:05:35 PM

ਨਵੀਂ ਦਿੱਲੀ — ਮਹਿੰਗਾਈ ਅਤੇ ਆਰਥਿਕ ਸਮੱਸਿਆ ਨੇ ਪਾਕਿਸਤਾਨ ਨੂੰ ਪਹਿਲਾਂ ਹੀ ਖੋਖਲਾ ਬਣਾ ਦਿੱਤਾ ਹੈ। ਸਬਜ਼ੀ, ਪੈਟਰੋਲ-ਡੀਜ਼ਲ ਦੇ ਬਾਅਦ ਹੁਣ ਸੋਨੇ ਦੀਆਂ ਕੀਮਤਾਂ ਨੇ ਪਾਕਿਸਤਾਨ ਦੀ ਜਨਤਾ ਦੀਆਂ ਸਮੱਸਿਆ ਨੂੰ ਵਧਾ ਦਿੱਤਾ ਹੈ। ਪਾਕਿਸਤਾਨ 'ਚ ਸੋਨੇ ਦੀ ਕੀਮਤ ਪ੍ਰਤੀ ਤੋਲਾ 90,800 ਪਹੁੰਚ ਗਈ ਹੈ। ਦੂਜੇ ਪਾਸੇ ਭਾਰਤੀ ਬਜ਼ਾਰ 'ਚ ਸੋਨੇ ਦੀ ਕੀਮਤ 41,395 ਰੁਪਏ ਪ੍ਰਤੀ 10 ਗ੍ਰਾਮ ਹੈ। ਪਾਕਿਸਤਾਨ ਦੇ ਪ੍ਰਮੁੱਖ ਅਖਬਾਰ 'ਡਾਨ' ਮੁਤਾਬਕ ਕਰਾਚੀ ਦੇ ਬਜ਼ਾਰ ਵਿਚ ਇਕ ਤੋਲਾ ਯਾਨੀ ਕਿ 10 ਗ੍ਰਾਮ ਸੋਨੇ ਦੀ ਕੀਮਤ 90,800 ਪਾਕਿਸਤਾਨੀ ਰੁਪਏ ਹੈ।

ਈਰਾਨ-ਅਮਰੀਕਾ ਦੇ ਤਣਾਅ ਕਾਰਨ ਸੋਨੇ ਦੇ ਭਾਅ 'ਚ ਭਾਰੀ ਵਾਧਾ ਹੋਇਆ ਹੈ। ਇਸ ਕਾਰਨ ਸ਼ੁੱਕਰਵਾਰ ਨੂੰ ਸੋਨੇ ਦੀ ਕੀਮਤ 'ਚ 1,150 ਰੁਪਏ ਦੀ ਤੇਜ਼ੀ ਰਹੀ। ਡਾਨ ਮੁਤਾਬਕ 1 ਜਨਵਰੀ 2019 ਤੋਂ ਲੈ ਕੇ ਸਾਲ 2020 ਦੀ 4 ਜਨਵਰੀ ਤੱਕ ਇਕ ਤੋਲੇ ਸੋਨੇ ਦੀ ਕੀਮਤ 'ਚ 23,000 ਰੁਪਏ ਤੱਕ ਦਾ ਵਾਧਾ ਹੋ ਚੁੱਕਾ ਹੈ।

ਭਾਰਤ 'ਚ ਸੋਨੇ ਦੀ ਕੀਮਤ

ਪਿਛਲੇ ਕਾਰੋਬਾਰੀ ਦਿਨ ਸਥਾਨਕ ਪੱਧਰ 'ਤੇ 24 ਕੈਰੇਟ ਸ਼ੁੱਧਤਾ ਵਾਲੇ ਸੋਨੇ ਦੀ ਕੀਮਤ 41 ਹਜ਼ਾਰ ਰੁਪਏ ਦੇ ਪੱਧਰ ਨੂੰ ਪਾਰ ਕਰਕੇ 41,270 ਰੁਪਏ ਪ੍ਰਤੀ 10 ਗ੍ਰਾਮ 'ਤੇ ਪਹੁੰਚ ਗਿਆ ਸੀ। ਇਸ ਦੇ ਨਾਲ ਹੀ ਗਹਿਣਿਆਂ ਵਾਲਾ 22 ਕੈਰੇਟ ਸੋਨਾ ਵੀ ਉਛਲ ਕੇ 41,120 ਰੁਪਏ ਪ੍ਰਤੀ 10 ਗ੍ਰਾਮ 'ਤੇ ਰਿਹਾ ਸੀ। 8 ਗ੍ਰਾਮ ਵਾਲੀ ਗਿੱਨੀ 100 ਰੁਪਏ ਦੀ ਤੇਜ਼ੀ ਨਾਲ 30,900 ਰੁਪਏ ਪਹੁੰਚ ਗਈ ਸੀ।

ਜ਼ਿਕਰਯੋਗ ਹੈ ਕਿ ਅਮਰੀਕੀ ਏਅਰ ਸਟ੍ਰਾਈਕ 'ਚ ਈਰਾਨ ਦੇ ਟਾਪ ਫੌਜ ਦੇ ਅਧਿਕਾਰੀ ਮੇਜਰ ਜਨਰਲ ਕਾਸਿਮ ਸੁਲੇਮਾਨੀ ਦੇ ਮਾਰੇ ਜਾਣ ਬਾਅਦ ਪੱਛਮੀ ਏਸ਼ੀਆ 'ਚ ਤਣਾਅ ਹੈ। ਈਰਾਨ ਨੇ ਅਮਰੀਕੀ ਕਾਰਵਾਈ ਦਾ ਜਵਾਬ ਦੇਣ ਅਤੇ ਬਦਲਾ ਲੈਣ ਦੀ ਗੱਲ ਕਹੀ ਹੈ। ਅਜਿਹੇ 'ਚ ਨਿਵੇਸ਼ਕ ਸੁਰੱਖਿਅਤ ਨਿਵੇਸ਼ ਦੇ ਤਹਿਤ ਕੀਮਤੀ ਧਾਤੂਆਂ ਨੂੰ ਤਰਜੀਹ ਦੇ ਰਹੇ ਹਨ। ਇਸ ਕਾਰਨ ਸੋਨੇ-ਚਾਂਦੀ ਵਿਚ ਤੇਜ਼ੀ ਦੇਖੀ ਜਾ ਰਹੀ ਹੈ।


Related News