ਸਾਲ ’ਚ 30 ਫ਼ੀਸਦੀ ਮਹਿੰਗਾ ਹੋਇਆ ਸੋਨਾ, ਦੀਵਾਲੀ ਤੱਕ ਜਾਵੇਗਾ 40,000 ਦੇ ਪਾਰ

08/20/2019 10:29:28 AM

ਨਵੀਂ ਦਿੱਲੀ - ਸੋਨੇ ਦੇ ਮੁੱਲ ਇਕ ਸਾਲ ’ਚ ਲਗਭਗ 30 ਫ਼ੀਸਦੀ ਅਤੇ ਬੀਤੇ 2 ਮਹੀਨਿਆਂ ’ਚ ਹੀ 4,000 ਰੁਪਏ ਪ੍ਰਤੀ 10 ਗਰਾਮ ਤੋਂ ਜ਼ਿਆਦਾ ਵਧਣ ਨਾਲ ਬੁਲੀਅਨ ਡੀਲਰਸ ਦੇ ਨਾਲ ਹੀ ਆਮ ਨਿਵੇਸ਼ਕ ਅਤੇ ਖਰੀਦਦਾਰ ਹੈਰਾਨ ਹਨ। ਬੀਤੇ ਹਫਤੇ 38,648 ਰੁਪਏ ਪ੍ਰਤੀ 10 ਗਰਾਮ ਦੀ ਰਿਕਾਰਡ ਉਚਾਈ ਤੋਂ ਬਾਅਦ ਇਸ ਦੇ 4,045 ਅਤੇ ਇੱਥੋਂ ਤੱਕ ਕਿ 50 ਹਜ਼ਾਰੀ ਹੋਣ ਦੀਆਂ ਅਟਕਲਾਂ ਵੀ ਲੱਗ ਰਹੀਆਂ ਹਨ। ਯਾਨੀ ਕਿ ਇਸ ਦੀਆਂ ਕੀਮਤਾਂ ’ਚ ਤੇਜ਼ੀ ਜਾਰੀ ਰਹੇਗੀ। ਓਧਰ ਇਹੀ ਹਾਲ ਚਾਂਦੀ ਦਾ ਹੈ, ਜੋ 45,000 ਰੁਪਏ ਪ੍ਰਤੀ ਕਿੱਲੋਗ੍ਰਾਮ ਦੀ ਬੁਲੰਦੀ ਛੂਹ ਚੁੱਕੀ ਹੈ। ਹਾਲਾਂਕਿ ਅੱਜ ਸ਼ੁਰੂਆਤੀ ਕਾਰੋਬਾਰ ’ਚ ਮਲਟੀ ਕਮੋਡਿਟੀ ਇੰਡੈਕਸ (ਐੱਮ. ਸੀ. ਐੱਕਸ.) ’ਤੇ ਅਕਤੂਬਰ ਡਲਿਵਰੀ ਦੇ ਸੋਨੇ ਦੇ ਭਾਅ 0.33 ਫ਼ੀਸਦੀ ਡਿੱਗ ਕੇ 37812.00 ਰੁਪਏ ਸਨ ਅਤੇ ਚਾਂਦੀ 274 ਰੁਪਏ ਹੇਠਾਂ 43,550 ਰੁਪਏ ਪ੍ਰਤੀ ਕਿੱਲੋ ’ਤੇ ਸੀ।

ਕਿਉਂ ਵਧ ਰਹੇ ਸੋਨੇ ਦੇ ਮੁੱਲ?

ਗਲੋਬਲ ਸਲੋਡਾਊਨ :

ਦੁਨੀਆ ਭਰ ਦੀ ਅਰਥਵਿਵਸਥਾ ’ਚ ਛਾਈ ਸੁਸਤੀ ਅਤੇ ਕਈ ਦੇਸ਼ਾਂ ’ਚ ਮੰਦੀ ਦੀ ਦਸਤਕ ਨਾਲ ਸ਼ੇਅਰਾਂ, ਮਿਊਚੁਅਲ ਫੰਡਾਂ ਤੋਂ ਨਿਵੇਸ਼ਕਾਂ ਦਾ ਲਾਭ ਘਟਿਆ ਹੈ ਅਤੇ ਜਮ੍ਹਾ ਯੋਜਨਾਵਾਂ ਦੇ ਵਿਆਜ ’ਤੇ ਵੀ ਕੈਂਚੀ ਚੱਲ ਰਹੀ ਹੈ। ਹੁਣ ਉਹ ਸੋਨੇ ਵਰਗੇ ਸੁਰੱਖਿਅਤ ਨਿਵੇਸ਼ ਨੂੰ ਤਰਜੀਹ ਦੇ ਰਹੇ ਹਨ। ਇਸ ਨਾਲ ਵਡਮੁੱਲੀਆਂ ਧਾਤਾਂ ਦੀ ਮੰਗ ਵਧ ਰਹੀ ਹੈ।

ਡਾਲਰ ’ਤੇ ਦਬਾਅ :

ਅਮਰੀਕਾ-ਚੀਨ ਵਪਾਰ ਯੁੱਧ, ਵਿਆਜ ਦਰਾਂ ’ਚ ਕਟੌਤੀ ਅਤੇ ਅਮਰੀਕਾ ’ਚ ਲੰਮੀ ਮਿਆਦ (30 ਸਾਲ) ਦੀ ਬਾਂਡ ਯੀਲਡ ਹੁਣ ਤੱਕ ਦੇ ਸਭ ਤੋਂ ਹੇਠਲੇ ਪੱਧਰ ’ਤੇ ਆਉਣ ਨਾਲ ਡਾਲਰ ’ਤੇ ਦਬਾਅ ਵਧਿਆ ਹੈ। ਜ਼ਿਆਦਾਤਰ ਦੇਸ਼ ਆਪਣਾ ਕਰੰਸੀ ਭੰਡਾਰ ਡਾਲਰ ’ਚ ਰੱਖਦੇ ਹਨ ਅਤੇ ਉਨ੍ਹਾਂ ਦੀ ਕੋਸ਼ਿਸ਼ ਸੋਨੇ ਦਾ ਭੰਡਾਰ ਵਧਾ ਕੇ ਅੱਗੇ ਉੱਚੀ ਕੀਮਤ ’ਤੇ ਭੁਨਾਉਣ ਜਾਂ ਜ਼ਿਆਦਾ ਡਾਲਰ ਹਾਸਲ ਕਰਨ ਦੀ ਹੁੰਦੀ ਹੈ। ਇਸ ਨਾਲ ਵੀ ਸੋਨੇ ਦੀ ਮੰਗ ਵਧੀ ਹੈ।

ਕੇਂਦਰੀ ਬੈਂਕਾਂ ਦੀ ਖਰੀਦ :

ਪੂਰੀ ਦੁਨੀਆ ਦੇ ਕੇਂਦਰੀ ਬੈਂਕਾਂ ਨੇ 2019 ਦੀ ਪਹਿਲੀ ਛਿਮਾਹੀ ’ਚ 374 ਟਨ ਸੋਨਾ ਖਰੀਦਿਆ, ਜੋ ਪਿਛਲੇ ਸਾਲ ਨਾਲੋਂ 68 ਫ਼ੀਸਦੀ ਜ਼ਿਆਦਾ ਹੈ। ਇਸ ਦੌਰਾਨ ਸੋਨੇ ਦੀ ਕੀਮਤ 18 ਫ਼ੀਸਦੀ ਵਧੀ ਹੈ। ਤੁਰਕੀ, ਕਜ਼ਾਕਿਸਤਾਨ, ਚੀਨ ਅਤੇ ਰੂਸ ਦੇ ਕੇਂਦਰੀ ਬੈਂਕ ਸੋਨੇ ਦੇ ਸਭ ਤੋਂ ਵੱਡੇ ਖਰੀਦਦਾਰ ਹਨ, ਜਦੋਂ ਕਿ ਆਰ. ਬੀ. ਆਈ. ਨੇ ਵੀ ਇਸ ਸਾਲ ਖਰੀਦ ਵਧਾਈ ਹੈ ਅਤੇ ਟਾਪ-10 ’ਚ ਸ਼ਾਮਲ ਹੋ ਗਿਆ ਹੈ। ਇਸ ਸਾਲ ਸੋਨੇ ਦੀ ਕੁਲ ਮੰਗ ’ਚ ਕੇਂਦਰੀ ਬੈਂਕਾਂ ਦੀ ਖਰੀਦਦਾਰੀ 16 ਫ਼ੀਸਦੀ ਰਹੀ ਹੈ।

ਕੀ ਕਾਇਮ ਰਹੇਗੀ ਤੇਜ਼ੀ?

ਫਿਲਹਾਲ ਕੌਮਾਂਤਰੀ ਅਰਥਵਿਵਸਥਾ ਦੀ ਵਾਧਾ ਦਰ ਅਤੇ ਅਮਰੀਕੀ ਕਰੰਸੀ ਨੀਤੀ ਦੇ ਰੁਝਾਨਾਂ ਨਾਲ ਸੋਨੇ ’ਚ ਤੇਜ਼ੀ ਬਣੇ ਰਹਿਣ ਦੇ ਸੰਕੇਤ ਮਿਲ ਰਹੇ ਹਨ ਪਰ ਕਈ ਰਾਜਨੀਤਕ ਅਤੇ ਆਰਥਕ ਮੋੜ ਵੀ ਵਿੱਖ ਰਹੇ ਹਨ, ਜਿੱਥੇ ਰੁਝਾਨ ਪਲਟ ਸਕਦਾ ਹੈ। ਅਮਰੀਕਾ ’ਚ ਨਵੰਬਰ 2020 ’ਚ ਰਾਸ਼ਟਰਪਤੀ ਚੋਣ ਹੈ ਅਤੇ ਸੱਤਾ ਬਦਲੀ ਤਾਂ ਆਰਥਕ ਨੀਤੀਆਂ ’ਚ ਵੀ ਉਥਲ-ਪੁਥਲ ਹੋਵੇਗੀ। ਇਸ ਦੇ ਸੋਨੇ ਦੀਆਂ ਕੀਮਤਾਂ ’ਤੇ ਅਸਰ ਦਾ ਅੰਦਾਜ਼ਾ ਇਸ ਤੋਂ ਲਾਇਆ ਜਾ ਸਕਦਾ ਹੈ ਕਿ ਪਿਛਲੇ ਦਿਨੀਂ ਰਾਸ਼ਟਰਪਤੀ ਟਰੰਪ ਨੇ ਚੀਨੀ ਸਾਮਾਨ ’ਤੇ ਉੱਚੀਆਂ ਡਿਊਟੀ ਦਰਾਂ ਨੂੰ 1 ਸਤੰਬਰ ਦੇ ਬਜਾਏ 15 ਦਸੰਬਰ ਤੋਂ ਲਾਗੂ ਕਰਨ ਦੀ ਗੱਲ ਕਹੀ ਅਤੇ ਦੁਨੀਆਭਰ ਦੇ ਬਾਜ਼ਾਰਾਂ ’ਚ ਤੇਜ਼ੀ ਅਤੇ ਸੋਨੇ ’ਚ ਗਿਰਾਵਟ ਆ ਗਈ।

ਜਾਣਕਾਰਾਂ ਦਾ ਇਹ ਵੀ ਕਹਿਣਾ ਹੈ ਕਿ ਸੋਨੇ ਦੀਆਂ ਕੌਮਾਂਤਰੀ ਕੀਮਤਾਂ ਦੇ ਮੁਕਾਬਲੇ ਭਾਰਤ ’ਚ ਤੇਜ਼ੀ ਥੋੜ੍ਹੀ ਪਿੱਛੇ ਹੈ, ਜਦੋਂ ਕਿ ਪੀਕ ਘਰੇਲੂ ਮੰਗ ਵਾਲਾ ਤਿਉਹਾਰੀ ਸੀਜ਼ਨ ਅਜੇ ਬਾਕੀ ਹੈ। ਬਜਟ ’ਚ ਸੋਨੇ ਦੀ ਦਰਾਮਦ ’ਤੇ ਕਸਟਮ ਡਿਊਟੀ 10 ਤੋਂ ਵਧਾ ਕੇ 12.5 ਫ਼ੀਸਦੀ ਕੀਤੇ ਜਾਣ ਨਾਲ ਸਪਲਾਈ ਟਾਈਟ ਰਹੇਗੀ, ਜਿਸ ਨਾਲ ਪੀਲੀ ਧਾਤੂ ਦੀਆਂ ਕੀਮਤਾਂ ਨੂੰ ਹੋਰ ਬਲ ਮਿਲੇਗਾ। ਮੋਤੀਲਾਲ ਓਸਵਾਲ ਦੇ ਰਿਸਰਚ ਹੈੱਡ (ਕਮੋਡਿਟੀ) ਨਵਨੀਤ ਦਾਮਾਨੀ ਮੁਤਾਬਕ ਕਮੋਡਿਟੀ ਫਿਊਚਰ ਟਰੇਡਿੰਗ ਕਮੀਸ਼ਨ ਪੁਜ਼ੀਸ਼ਨਸ ਦੇ ਰੁਝਾਨ ਵੀ ਮੁੱਲ ਵਧਣ ਦੇ ਸੰਕੇਤ ਦਿੰਦੇ ਹਨ। ਕੁਝ ਮਹੀਨੇ ਪਹਿਲਾਂ ਨੈੱਟ ਸ਼ਾਰਟ ਦਾ ਜ਼ੋਰ ਸੀ, ਜੋ ਕਵਰਿੰਗ ਅਤੇ ਨੈੱਟ ਲਾਂਗ ’ਚ ਬਦਲ ਚੁੱਕਿਆ ਹੈ।


Related News