‘ਸੋਨੇ ਦੇ ਰੇਟ ਇਕ ਮਹੀਨੇ ’ਚ ਸਭ ਤੋਂ ਵੱਧ, ਬਾਜ਼ਾਰ ’ਚ ਜੋਖਮ ਦੇਖ ਮੁੜ ਸੋਨੇ ਵੱਲ ਭੱਜ ਰਹੇ ਨਿਵੇਸ਼ਕ’

Friday, Apr 15, 2022 - 11:23 AM (IST)

ਨਵੀਂ ਦਿੱਲੀ (ਇੰਟ.) – ਰੂਸ ਅਤੇ ਯੂਕ੍ਰੇਨ ਦਰਮਿਆਨ ਜਾਰੀ ਜੰਗ ਹਾਲੇ ਬੇਨਤੀਜਾ ਹੈ ਪਰ ਇਸ ਦੇ ਨਤੀਜੇ ਸੋਨੇ ਦੀਆਂ ਕੀਮਤਾਂ ’ਤੇ ਦਿਖਾਈ ਦੇ ਰਹੇ ਹਨ। ਜੰਗ ਸ਼ੁਰੂ ਹੋਣ ’ਤੇ ਲੱਗ ਰਿਹਾ ਸੀ ਕਿ ਕੁੱਝ ਦਿਨਾਂ ’ਚ ਇਹ ਖਤਮ ਹੋ ਜਾਏਗੀ ਅਤੇ ਨਿਵੇਸ਼ਕ ਮੁੜ ਸੋਨੇ ’ਤੇ ਨਿਵੇਸ਼ ਕੀਤੇ ਪੈਸੇ ਕੱਢਣ ਲੱਗੇ ਸਨ ਪਰ ਹੁਣ ਮੁੜ ਬਾਜ਼ਾਰ ’ਤੇ ਜੋਖਮ ਦੇਖ ਕੇ ਇਸ ’ਚ ਪੈਸੇ ਲਗਾਉਣੇ ਸ਼ੁਰੂ ਕਰ ਦਿੱਤੇ ਹਨ।

ਇਹ ਵੀ ਪੜ੍ਹੋ : ਸਰਕਾਰੀ ਤੇਲ ਕੰਪਨੀ OIL 'ਤੇ ਹੋਇਆ ਸਾਈਬਰ ਹਮਲਾ, 57 ਕਰੋੜ ਰੁਪਏ ਦੀ ਮੰਗੀ ਫਿਰੌਤੀ

ਸੋਨੇ ਨੂੰ ਸਭ ਤੋਂ ਸੁਰੱਖਿਅਤ ਨਿਵੇਸ਼ ਮੰਨਿਆ ਜਾਂਦਾ ਹੈ ਅਤੇ ਇਹੀ ਕਾਰਨ ਹੈ ਕਿ ਗਲੋਬਲ ਮਾਰਕੀਟ ’ਚ ਨਿਵੇਸ਼ਕ ਮੁੜ ਸੋਨੇ ਵੱਲ ਭੱਜਣਾ ਸ਼ੁਰੂ ਹੋ ਗਏ ਹਨ। ਲਿਹਾਜਾ ਇਸ ਦੀਆਂ ਕੀਮਤਾਂ ’ਚ ਵੀ ਅਚਾਨਕ ਤੇਜ਼ੀ ਆਉਣੀ ਸ਼ੁਰੂ ਹੋ ਗਈ ਅਤੇ ਬੁੱਧਵਾਰ ਨੂੰ ਗਲੋਬਲ ਮਾਰਕੀਟ ’ਚ ਸੋਨੇ ਦਾ ਭਾਅ ਇਕ ਮਹੀਨੇ ਦੇ ਉੱਚ ਪੱਧਰ ’ਤੇ ਪਹੁੰਚ ਗਿਆ। ਗਲੋਬਲ ਮਾਰਕੀਟ ’ਚ ਸੋਨੇ ਦਾ ਭਾਅ 0.5 ਫੀਸਦੀ ਵਧ ਕੇ 1,977.24 ਡਾਲਰ ਪ੍ਰਤੀ ਓਂਸ ਪੁੱਜ ਗਿਆ। ਇਹ 14 ਮਾਰਚ ਨੂੰ 1,979.85 ਡਾਲਰ ਪ੍ਰਤੀ ਓਂਸ ਤੋਂ ਬਾਅਦ ਸਭ ਤੋਂ ਜ਼ਿਆਦਾ ਭਾਅ ਹੈ।

2000 ਡਾਲਰ ਪ੍ਰਤੀ ਓਂਸ ਦੇ ਪੱਧਰ ਨੂੰ ਕਰ ਜਾਵੇਗਾ ਪਾਰ

ਬ੍ਰਿਟੇਨ ਦੇ ਕਮੋਡਿਟੀ ਮਾਰਕੀਟ ਐਨਾਲਿਸਟ ਮਾਈਕਲ ਹਿਊਸਨ ਨੇ ਕਿਹਾ ਕਿ ਯੂਕ੍ਰੇਨ ਸੰਕਟ ਅਤੇ ਮਹਿੰਗਾਈ ਦੇ ਦਬਾਅ ’ਚ ਸੋਨੇ ਦੀਆਂ ਕੀਮਤਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ। ਨਿਵੇਸ਼ਕਾਂ ’ਚ ਸ਼ੇਅਰ ਬਾਜ਼ਾਰ ਅਤੇ ਹੋਰ ਨਿਵੇਸ਼ ਬਦਲਾਂ ਨੂੰ ਲੈ ਕੇ ਡਰ ਬੈਠ ਰਿਹਾ ਹੈ, ਜਿਸ ਦਾ ਨਤੀਜਾ ਇਹ ਹੈ ਕਿ ਸੋਨੇ ਦੀ ਮੰਗ ਲਗਾਤਾਰ ਵਧ ਰਹੀ ਹੈ। ਇੰਝ ਹੀ ਚਲਦਾ ਰਿਹਾ ਤਾਂ ਆਉਣ ਵਾਲੇ ਕੁੱਝ ਦਿਨਾਂ ’ਚ ਸੋਨੇ ਦਾ ਰੇਟ ਵਾਪਸ 2000 ਡਾਲਰ ਪ੍ਰਤੀ ਓਂਸ ਦੇ ਪੱਧਰ ਨੂੰ ਪਾਰ ਕਰ ਜਾਏਗਾ।

ਇਹ ਵੀ ਪੜ੍ਹੋ : ਹੁਣ ਟਵਿੱਟਰ ਨੂੰ ਖਰੀਦਣਾ ਚਾਹੁੰਦੇ ਹਨ Elon Musk, 54.20 ਡਾਲਰ ਪ੍ਰਤੀ ਸ਼ੇਅਰ ਦੀ ਕੀਤੀ ਪੇਸ਼ਕਸ਼

ਅਮਰੀਕੀ ਬਾਜ਼ਾਰ ’ਤੇ ਦਬਾਅ

ਅਮਰੀਕਾ ’ਚ ਹਾਲ ਹੀ ’ਚ ਜਾਰੀ ਮਹਿੰਗਾਈ ਦੇ ਅੰਕੜਿਆਂ ’ਚ ਮਾਰਚ ਦੀ ਪ੍ਰਚੂਨ ਮਹਿੰਗਾਈ ਦਰ 8 ਫੀਸਦੀ ਤੋਂ ਉੱਪਰ ਰਹੀ, ਜਿਸ ਦੇ ਦਬਾਅ ’ਚ ਅਮਰੀਕੀ ਫੈੱਡਰਲ ਰਿਜ਼ਰਵ ਨੇ ਆਪਣੀਆਂ ਵਿਆਜ ਦਰਾਂ ਨੂੰ 50 ਆਧਾਰ ਅੰਕ ਵਧਾਉਣ ਦੀ ਗੱਲ ਕਹੀ ਹੈ। ਇਸ ਦਾ ਸਿੱਧਾ ਅਸਰ ਸੋਨੇ ਦੀਆਂ ਕੀਮਤਾਂ ’ਤੇ ਨਜ਼ਰ ਆਇਆ ਅਤੇ ਪਿਛਲੇ ਕੁੱਝ ਦਿਨਾਂ ’ਚ ਇਹ 1 ਫੀਸਦੀ ਤੋਂ ਜ਼ਿਆਦਾ ਉੱਪਰ ਚੜ੍ਹ ਚੁੱਕਾ ਹੈ।

ਸਿਰਫ ਸੋਨਾ ਹੀ ਨਹੀਂ ਹੋਰ ਕੀਮਤੀ ਧਾਤਾਂ ਦੇ ਰੇਟ ਵੀ ਲਗਾਤਾਰ ਵਧਦੇ ਜਾ ਰਹੇ ਹਨ। ਚਾਂਦੀ ਦਾ ਹਾਜ਼ਰ ਮੁੱਲ 1.2 ਫੀਸਦੀ ਵਧ ਕੇ 25.66 ਡਾਲਰ ਪ੍ਰਤੀ ਓਂਸ ਪੁੱਜ ਚੁੱਕਾ ਹੈ ਜਦ ਕਿ ਪਲੈਟੀਨਮ 2 ਫੀਸਦੀ ਵਧ ਕੇ 984 ਡਾਲਰ ਅਤੇ ਪੈਲੇਡੀਅਮ 2.9 ਫੀਸੀਦ ਵਧ ਕੇ 2,393.46 ਡਾਲਰ ਦੇ ਭਾਅ ਵਿਕ ਰਿਹਾ ਹੈ।

ਭਾਰਤ ’ਚ ਵੀ 53,000 ਦੇ ਕਰੀਬ ਪੁੱਜਿਆ ਸੋਨਾ

ਗਲੋਬਲ ਮਾਰਕੀਟ ’ਚ ਸੋਨੇ ਦੀਆਂ ਕੀਮਤਾਂ ’ਚ ਆਈ ਤੇਜ਼ੀ ਦਾ ਅਸਰ ਭਾਰਤ ਦੇ ਮਲਟੀਕਮੋਡਿਟੀ ਐਕਸਚੇਂਜ (ਐੱਮ. ਸੀ. ਐਕਸ) ’ਤੇ ਵੀ ਦਿਖਾਈ ਦੇ ਰਿਹਾ ਹੈ। ਬੁੱਧਵਾਰ ਸਵੇਰੇ ਸੋਨੇ ਦਾ ਵਾਅਦਾ ਭਾਅ 35 ਰੁਪਏ ਵਧ ਕੇ 52,913 ਰੁਪਏ ਪਹੁੰਚ ਗਿਆ। ਘਰੇਲੂ ਬਾਜ਼ਾਰ ’ਚ ਵੀ ਸੋਨਾ ਕਰੀਬ 3 ਹਫਤਿਆਂ ਬਾਅਦ 53,000 ਦੇ ਲਗਭਗ ਪਹੁੰਚਿਆ ਹੈ। ਇਸੇ ਤਰ੍ਹਾਂ ਚਾਂਦੀ ਵੀ 69,000 ਦੇ ਕਰੀਬ ਟ੍ਰੇਡ ਕਰ ਰਹੀ ਸੀ। ਬੁੱਧਵਾਰ ਨੂੰ ਐੱਮ. ਸੀ. ਐਕਸ. ’ਤੇ ਚਾਂਦੀ ਦਾ ਰੇਟ 68,952 ਰੁਪਏ ਪ੍ਰਤੀ ਕਿਲੋਗ੍ਰਾਮ ਸੀ।

ਇਹ ਵੀ ਪੜ੍ਹੋ : ਟੈਕਸਟਾਈਲ ਸੈਕਟਰ ਨੂੰ ਵੱਡੀ ਰਾਹਤ : ਵਿੱਤ ਮੰਤਰਾਲੇ ਨੇ ਕਪਾਹ ਦੀ ਦਰਾਮਦ 'ਤੇ ਕਸਟਮ ਡਿਊਟੀ ਤੋਂ ਦਿੱਤੀ ਛੋਟ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News