ਪਿਛਲੇ ਸਾਲ ਦੇ ਮੁਕਾਬਲੇ ਸੋਨੇ ਦੀ ਮੰਗ 74 ਫੀਸਦੀ ਤੱਕ ਘਟੀ

Saturday, Oct 17, 2020 - 10:18 PM (IST)

ਪਿਛਲੇ ਸਾਲ ਦੇ ਮੁਕਾਬਲੇ ਸੋਨੇ ਦੀ ਮੰਗ 74 ਫੀਸਦੀ ਤੱਕ ਘਟੀ

ਨਵੀਂ ਦਿੱਲੀ : ਭਾਰਤੀਆਂ ਨੂੰ ਸੋਨੇ ਨਾਲ ਕਿੰਨਾ ਕੁ ਪਿਆਰ ਹੈ, ਇਹ ਕਿਸੇ ਤੋਂ ਲੁਕਿਆ ਨਹੀਂ ਹੈ। ਸਾਡੇ ਦੇਸ਼ ਦੀਆਂ ਰਵਾਇਤਾਂ ਅਤੇ ਸੱਭਿਆਚਾਰ ਵਿਚ ਸੋਨੇ ਦੀ ਮਹੱਤਵਪੂਰਣ ਭੂਮਿਕਾ ਹੈ ਪਰ ਇਸ ਸਾਲ ਕੋਵਿਡ-19 ਮਹਾਮਾਰੀ ਕਾਰਨ ਸੋਨੇ ਦੀਆਂ ਕੀਮਤਾਂ ਵਿਚ ਭਾਰੀ ਵਾਧਾ ਹੋਇਆ ਹੈ, ਜਿਸ ਕਾਰਨ ਸੋਨੇ ਦੀ ਮੰਗ ਸੁਸਤ ਰਹੀ ਹੈ। ਤਿਉਹਾਰਾਂ ਦੇ ਮੌਸਮ ਵਿਚ ਵੀ ਮੰਗ ਕਮਜ਼ੋਰ ਰਹਿਣ ਦੀ ਉਮੀਦ ਹੈ। ਕੋਰੋਨਾ ਸੰਕਟ ਕਾਰਨ ਪੈਦਾ ਹੋਈ ਅਨਿਸ਼ਚਿਤਤਾ ਕਾਰਨ ਲੋਕ ਨਕਦੀ ਦੀ ਬਚਤ ਕਰ ਰਹੇ ਹਨ।

ਵਰਲਡ ਗੋਲਡ ਕੌਂਸਲ (ਡਬਲਿਊ. ਜੀ. ਸੀ.) ਦੇ ਅੰਕੜਿਆਂ ਅਨੁਸਾਰ, ਗਹਿਣਿਆਂ ਦੀ ਮੰਗ ਪਿਛਲੇ ਸਾਲ ਦੇ ਮੁਕਾਬਲੇ 74 ਫੀਸਦੀ ਘੱਟ ਗਈ ਹੈ। ਆਮ ਤੌਰ 'ਤੇ ਸਾਲ ਦੇ ਦੂਜੇ ਅੱਧ ਵਿਚ ਤਿਉਹਾਰਾਂ ਦੇ ਮੌਸਮ ਵਿਚ ਸੋਨੇ ਦੀ ਮੰਗ ਵਿਚ ਵਾਧਾ ਹੁੰਦਾ ਹੈ ਪਰ ਇਸ ਵਾਰ ਇਸ ਵਿਚ ਕੋਈ ਮਹੱਤਵਪੂਰਨ ਵਾਧਾ ਹੋਣ ਦੀ ਉਮੀਦ ਨਹੀਂ ਹੈ।

ਮਾਹਰਾਂ ਅਨੁਸਾਰ ਅਗਸਤ ਤੋਂ ਲੈ ਕੇ ਹੁਣ ਤੱਕ ਸੋਨੇ ਦੀਆਂ ਕੀਮਤਾਂ ਵਿਚ 6000 ਰੁਪਏ ਦੀ ਕਮੀ ਆਈ ਹੈ ਅਤੇ ਨਿਵੇਸ਼ ਲਈ ਸੋਨਾ ਖਰੀਦਣ ਦਾ ਇਹ ਚੰਗਾ ਮੌਕਾ ਹੈ। ਦੁਸਹਿਰੇ 'ਤੇ ਸੋਨਾ ਖਰੀਦਣਾ ਸ਼ੁੱਭ ਮੰਨਿਆ ਜਾਂਦਾ ਹੈ। ਜੇ ਤੁਸੀਂ ਇਸ ਸਮੇਂ ਸੋਨੇ ਵਿਚ ਨਿਵੇਸ਼ ਕਰਦੇ ਹੋ , ਤਾਂ ਇਹ ਭਵਿੱਖ ਦੀਆਂ ਚੁਣੌਤੀਆਂ ਨਾਲ ਨਜਿੱਠਣ ਵਿਚ ਤੁਹਾਡੀ ਮਦਦ ਕਰੇਗਾ ਪਰ ਸੋਨੇ ਵਿਚ ਚਤੁਰਾਈ ਨਾਲ ਨਿਵੇਸ਼ ਕਰਨ ਦੀ ਜ਼ਰੂਰਤ ਹੈ। ਤੁਸੀਂ ਗੋਲਡ ਐਕਸਚੇਂਜ ਟਰੇਡਡ ਫੰਡਾਂ (ਗੋਲਡ ਈਟੀਐਫ) ਜਾਂ ਗੋਲਡ ਸੇਵਿੰਗ ਫੰਡਾਂ ਵਿਚ ਵੀ ਨਿਵੇਸ਼ ਕਰ ਸਕਦੇ ਹੋ।


author

Sanjeev

Content Editor

Related News