52 ਹਜ਼ਾਰ ਦੇ ਨਜ਼ਦੀਕ ਪੁੱਜਾ ਸੋਨਾ, ਚਾਂਦੀ ''ਚ 800 ਰੁਪਏ ਦਾ ਉਛਾਲ

Monday, Oct 19, 2020 - 05:45 PM (IST)

52 ਹਜ਼ਾਰ ਦੇ ਨਜ਼ਦੀਕ ਪੁੱਜਾ ਸੋਨਾ, ਚਾਂਦੀ ''ਚ 800 ਰੁਪਏ ਦਾ ਉਛਾਲ

ਨਵੀਂ ਦਿੱਲੀ— ਵਿਦੇਸ਼ੀ ਬਾਜ਼ਾਰਾਂ 'ਚ ਬਹੁਮੁੱਲੀ ਧਾਤਾਂ ਦੀ ਕੀਮਤ ਚੜ੍ਹਨ ਨਾਲ ਦਿੱਲੀ ਸਰਾਫਾ ਬਾਜ਼ਾਰ 'ਚ ਸੋਨਾ 182 ਰੁਪਏ ਦੀ ਛਲਾਂਗ ਲਾ ਕੇ 51,740 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਬੰਦ ਹੋਇਆ। ਐੱਚ. ਡੀ. ਐੱਫ. ਸੀ. ਸਕਿਓਰਿਟੀਜ਼ ਨੇ ਇਹ ਜਾਣਕਾਰੀ ਦਿੱਤੀ।

ਇਸ ਤੋਂ ਪਿਛਲੇ ਕਾਰੋਬਾਰੀ ਦਿਨ ਸੋਨਾ 51,558 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਰਿਹਾ ਸੀ। ਉੱਥੇ ਹੀ, ਚਾਂਦੀ ਦੀ ਕੀਮਤ 805 ਰੁਪਏ ਦੀ ਮਜਬੂਤੀ ਨਾਲ 63,714 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਬੰਦ ਹੋਈ।

ਪਿਛਲੇ ਦਿਨ ਚਾਂਦੀ 62,909 ਰੁਪਏ 'ਤੇ ਰਹੀ ਸੀ। ਕੌਮਾਂਤਰੀ ਬਾਜ਼ਾਰ 'ਚ ਸੋਨਾ ਤੇਜ਼ੀ ਦਰਸਾਉਂਦਾ 1,909 ਡਾਲਰ ਪ੍ਰਤੀ ਔਂਸ 'ਤੇ ਪਹੁੰਚ ਗਿਆ, ਜਦੋਂ ਕਿ ਚਾਂਦੀ ਮਾਮੂਲੀ ਲਾਭ ਨਾਲ 24.64 ਡਾਲਰ ਪ੍ਰਤੀ ਔਂਸ 'ਤੇ ਪਹੁੰਚ ਗਈ। ਐੱਚ. ਡੀ. ਐੱਫ. ਸੀ. ਸਕਿਓਰਿਟੀਜ਼ ਦੇ ਸੀਨੀਅਰ ਵਿਸ਼ਲੇਸ਼ਕ (ਕਮੋਡਿਟੀਜ਼) ਤਪਨ ਪਟੇਲ ਨੇ ਕਿਹਾ, ''ਕੋਰੋਨਾ ਵਾਇਰਸ ਸੰਕਰਮਣ ਦੇ ਵਧਦੇ ਮਾਮਲਿਆਂ ਅਤੇ ਅਮਰੀਕੀ ਪ੍ਰੋਤਸਾਹਨ ਪੈਕੇਜ ਨੂੰ ਲੈ ਕੇ ਮੌਜੂਦਾ ਬਾਜ਼ਾਰ ਅਨਿਸ਼ਚਿਤਤਾ ਕਾਰਨ ਸੋਨੇ ਦੀਆਂ ਕੀਮਤਾਂ 'ਚ ਤੇਜ਼ੀ ਰਹੀ। ਦਿਨ ਦੇ ਕਾਰੋਬਾਰ 'ਚ ਡਾਲਰ ਦੇ ਕਮਜ਼ੋਰ ਹੋਣ ਨਾਲ ਵੀ ਸੋਨੇ 'ਚ ਖਰੀਦਦਾਰੀ ਵੱਧ ਗਈ।''

ਮੋਤੀ ਲਾਲ ਓਸਵਾਲ ਫਾਈਨੈਂਸ਼ੀਅਲ ਸਰਵਿਸਿਜ਼ ਦੇ ਉਪ ਮੁਖੀ (ਜਿਣਸ ਬਾਜ਼ਾਰ ਰਿਸਰਚ) ਵਿਨੀਤ ਦਮਾਨੀ ਦਾ ਕਹਿਣਾ ਹੈ ਕਿ ਗਲੋਬਲ ਬਾਜ਼ਾਰ 'ਚ ਸੋਨਾ 1,885-1,920 ਡਾਲਰ ਪ੍ਰਤੀ ਔਂਸ ਅਤੇ ਭਾਰਤੀ ਬਾਜ਼ਾਰ 'ਚ 50,300-50,820 ਰੁਪਏ ਪ੍ਰਤੀ ਦਸ ਗ੍ਰਾਮ ਦੇ ਦਾਇਰੇ 'ਚ ਘੱਟ-ਵੱਧ ਸਕਦਾ ਹੈ।


author

Sanjeev

Content Editor

Related News