ਸੋਨੇ ਦੇ ਮੁੱਲ ''ਚ ਵੱਡਾ ਉਛਾਲ, ਦਸ ਗ੍ਰਾਮ ਹੁਣ ਇੰਨਾ ਪਵੇਗਾ ਮਹਿੰਗਾ

02/15/2020 3:41:54 PM

ਨਵੀਂ ਦਿੱਲੀ— ਵਿਆਹ-ਸ਼ਾਦੀ ਲਈ ਸੋਨਾ ਖਰੀਦਣਾ ਹੋਰ ਮਹਿੰਗਾ ਪੈਣ ਜਾ ਰਿਹਾ ਹੈ। ਸ਼ਨੀਵਾਰ ਨੂੰ ਸੋਨੇ ਦੀ ਕੀਮਤ 400 ਰੁਪਏ ਦੀ ਛਲਾਂਗ ਲਾ ਕੇ 42,470 ਰੁਪਏ ਪ੍ਰਤੀ ਦਸ ਗ੍ਰਾਮ ਦੇ ਰਿਕਾਰਡ ਪੱਧਰ 'ਤੇ ਪੁੱਜ ਗਈ ਹੈ। ਕੋਰੋਨਾ ਵਾਇਰਸ ਦੇ ਸੰਕਟ ਕਾਰਨ ਸੰਭਾਵਨਾ ਜਤਾਈ ਜਾ ਰਹੀ ਹੈ ਕਿ ਮਾਰਚ ਮਿਡ ਤੱਕ ਸੋਨੇ ਦੀ ਕੀਮਤ 44,000 ਰੁਪਏ ਪ੍ਰਤੀ 10 ਗ੍ਰਾਮ ਤੱਕ ਪਹੁੰਚ ਸਕਦੀ ਹੈ। ਵਿਦੇਸ਼ੀ ਬਾਜ਼ਾਰਾਂ ਚ ਸੋਨੇ ਦੀ ਕੀਮਤ 'ਚ ਉਛਾਲ ਕਾਰਨ ਅੱਜ ਦਿੱਲੀ ਸਰਾਫਾ ਬਾਜ਼ਾਰ 'ਚ ਸੋਨੇ ਦੀ ਕੀਮਤ ਚੜ੍ਹੀ ਹੈ।

 

ਵਿਦੇਸ਼ੀ ਬਾਜ਼ਾਰਾਂ 'ਚ ਪਿਛਲੇ ਦਿਨ ਦੋਹਾਂ ਕੀਮਤੀ ਧਾਤਾਂ 'ਚ ਤੇਜ਼ੀ ਰਹੀ ਸੀ। ਲੰਡਨ ਤੇ ਨਿਊਯਾਰਕ ਤੋਂ ਮਿਲੀ ਜਾਣਕਾਰੀ ਮੁਤਾਬਕ, ਹਫਤੇ ਦੇ ਅੰਤ 'ਚ ਸੋਨਾ ਹਾਜ਼ਰ 6.20 ਡਾਲਰ ਚੜ੍ਹ ਕੇ 1,583.70 ਡਾਲਰ ਪ੍ਰਤੀ ਔਂਸ 'ਤੇ ਪਹੁੰਚ ਗਿਆ। ਅਪ੍ਰੈਲ ਦਾ ਅਮਰੀਕੀ ਸੋਨਾ ਵਾਇਦਾ 8.10 ਡਾਲਰ ਦੀ ਤੇਜ਼ੀ ਨਾਲ 1,586.90 ਡਾਲਰ ਪ੍ਰਤੀ ਔਂਸ ਬੋਲਿਆ ਗਿਆ। ਬਾਜ਼ਾਰ ਵਿਸ਼ਲੇਸ਼ਕਾਂ ਮੁਤਾਬਕ, ਕੋਰੋਨਾ ਵਾਇਰਸ ਦੀ ਚਿੰਤਾ ਨਾਲ ਪੂੰਜੀ ਬਾਜ਼ਾਰ 'ਚ ਨਿਵੇਸ਼ਕਾਂ ਦਾ ਵਿਸ਼ਵਾਸ ਡੋਲਿਆ ਹੈ। ਇਸ ਲਈ ਉਹ ਸੁਰੱਖਿਅਤ ਮੰਨੀ ਜਾਣ ਵਾਲੀ ਪੀਲੀ ਧਾਤ ਦਾ ਰੁਖ਼ ਕਰ ਰਹੇ ਹਨ। ਵਿਦੇਸ਼ੀ ਬਾਜ਼ਾਰ 'ਚ ਚਾਂਦੀ ਹਾਜ਼ਰ ਵੀ 0.10 ਡਾਲਰ ਚਮਕ ਕੇ 17.73 ਡਾਲਰ ਪ੍ਰਤੀ ਔਂਸ 'ਤੇ ਪਹੁੰਚ ਗਈ।

ਜ਼ਿਕਰਯੋਗ ਹੈ ਕਿ ਚੀਨ 'ਚ ਕੋਰੋਨਾ ਵਾਇਰਸ ਕਾਰਨ ਹੁਣ ਤੱਕ 1500 ਤੋਂ ਵੱਧ ਲੋਕਾਂ ਦੀ ਮੌਤ ਅਤੇ 60 ਹਜ਼ਾਰ ਤੋਂ ਵੱਧ ਲੋਕਾਂ ਦੇ ਸੰਕ੍ਰਮਿਤ ਹੋਣ ਦੀ ਪੁਸ਼ਟੀ ਹੋ ਚੁੱਕੀ ਹੈ। ਇਸ ਕਾਰਨ ਚੀਨ ਦੀ ਅਰਥਵਿਵਸਥਾ ਨੂੰ ਡੂੰਘੀ ਸੱਟ ਲੱਗਣ ਦਾ ਖਦਸ਼ਾ ਹੈ ਅਤੇ ਗਲੋਬਲ ਅਰਥ-ਵਿਵਸਥਾ 'ਤੇ ਸੰਕਟ ਮੰਡਰਾ ਰਿਹਾ ਹੈ। ਵਪਾਰ ਅਤੇ ਸੈਰ-ਸਪਾਟਾ ਖੇਤਰ ਦੇ ਪ੍ਰਭਾਵਿਤ ਹੋਣ ਕਾਰਨ ਨਿਵੇਸ਼ਕ ਸੋਨੇ 'ਚ ਪੈਸਾ ਲਾ ਰਹੇ ਹਨ, ਜਿਸ ਨਾਲ ਇਸ ਦੀ ਕੀਮਤ 'ਚ ਵਾਧਾ ਹੋ ਰਿਹਾ ਹੈ।


Related News