ਕੋਰੋਨਾ ਆਫ਼ਤ ਦੌਰਾਨ ਸੋਨੇ 'ਚ ਤੇਜ਼ੀ ਜਾਰੀ, ਦੀਵਾਲੀ ਤੱਕ ਹੋਵੇਗਾ 70 ਹਜ਼ਾਰੀ

8/9/2020 7:08:56 PM

ਨਵੀਂ ਦਿੱਲੀ— ਕੋਰੋਨਾ ਕਾਲ 'ਚ ਸੋਨੇ-ਚਾਂਦੀ ਦੀ ਕੀਮਤ ਲਗਾਤਾਰ ਉਛਲਦੀ ਜਾ ਰਹੀ ਹੈ। ਬੀਤੇ ਮਹੀਨਿਆਂ 'ਚ ਸੋਨੇ ਦੇ ਮੁੱਲ 'ਚ ਤਕਰੀਬਨ 50 ਫੀਸਦੀ ਤੇ ਚਾਂਦੀ 'ਚ 100 ਫੀਸਦੀ ਤੇਜ਼ੀ ਦੇਖੀ ਗਈ ਹੈ। ਬਾਜ਼ਾਰ ਜਾਣਕਾਰਾਂ ਦਾ ਕਹਿਣਾ ਹੈ ਕਿ ਕੋਰੋਨਾ ਦੇ ਮਾਮਲੇ ਘੱਟ ਨਹੀਂ ਰਹੇ, ਟੀਕਾ ਆਉਣ 'ਚ ਅਜੇ ਵਕਤ, ਭੂ-ਰਾਜਨੀਤਕ ਹਾਲਾਤ ਵਿਗੜ ਰਹੇ ਹਨ ਅਜਿਹੇ 'ਚ ਸੋਨੇ-ਚਾਂਦੀ 'ਚ ਉਛਾਲ ਜਾਰੀ ਰਹੇਗਾ।


ਐੱਚ. ਡੀ. ਐੱਫ. ਸੀ. ਸਕਿਓਰਟੀਜ਼ ਅਨੁਸਾਰ, ਪਿਛਲੇ 16 ਦਿਨਾਂ ਤੋਂ ਸੋਨੇ ਦੀ ਕੀਮਤ 'ਚ ਲਗਾਤਾਰ ਵਾਧਾ ਹੋ ਰਿਹਾ ਹੈ। ਰਾਜਧਾਨੀ ਦਿੱਲੀ ਦੇ ਸਰਾਫਾ ਬਾਜ਼ਾਰ 'ਚ ਇਹ 57 ਹਜ਼ਾਰ ਰੁਪਏ ਪ੍ਰਤੀ ਦਸ ਦੇ ਪੱਧਰ ਨੂੰ ਪਾਰ ਕਰ ਗਿਆ ਹੈ। ਉੱਥੇ ਹੀ, ਕੌਮਾਂਤਰੀ ਬਾਜ਼ਾਰ 'ਚ ਸੋਨੇ ਦੀ ਕੀਮਤ 2,000 ਡਾਲਰ ਤੋਂ ਪਾਰ ਹੈ। ਚਾਂਦੀ ਦੀ ਕੀਮਤ 77 ਹਜ਼ਾਰ ਰੁਪਏ ਪ੍ਰਤੀ ਕਿਲੋਗ੍ਰਾਮ ਨੂੰ ਪਾਰ ਕਰ ਗਈ ਹੈ ਅਤੇ ਬਹੁਤ ਤੇਜ਼ੀ ਨਾਲ 80 ਹਜ਼ਾਰ ਵੱਲ ਵਧ ਰਹੀ ਹੈ।

ਮਾਹਰਾਂ ਦਾ ਕਹਿਣਾ ਹੈ ਕਿ ਦੀਵਾਲੀ ਤੱਕ ਸੋਨੇ ਦੀ ਕੀਮਤ ਨਵਾਂ ਰਿਕਾਰਡ ਬਣਾਏਗੀ। ਜੇ. ਪੀ. ਮਾਰਗਨ ਦਾ ਕਹਿਣਾ ਹੈ ਕਿ ਵਰਤਮਾਨ 'ਚ ਆਰਥਿਕ, ਮਹਾਮਾਰੀ ਅਤੇ ਰਾਜਨੀਤਕ ਹਾਲਾਤ ਦੇ ਮੱਦੇਨਜ਼ਰ ਇਸ ਦੀ ਪੂਰੀ ਸੰਭਾਵਨਾ ਹੈ ਸੋਨਾ 70 ਹਜ਼ਾਰ ਦੇ ਪੱਧਰ ਨੂੰ ਦੀਵਾਲੀ ਤੱਕ ਛੂਹ ਸਕਦਾ ਹੈ। ਜੇਕਰ ਕੋਰੋਨਾ ਵੈਕਸੀਨ ਆ ਵੀ ਜਾਂਦੀ ਹੈ ਤਦ ਵੀ ਗਲੋਬਲ ਇਕਨੋਮੀ 'ਚ ਸੁਧਾਰ ਹੋਣ 'ਚ ਕਾਫ਼ੀ ਸਮਾਂ ਲੱਗੇਗਾ, ਉਦੋਂ ਤੱਕ ਸੋਨੇ ਦੀ ਕੀਮਤ 'ਚ ਤੇਜ਼ੀ ਦਰਜ ਕੀਤੀ ਜਾਵੇਗੀ।

ਗੌਰਤਲਬ ਹੈ ਕਿ ਸ਼ੁੱਕਰਵਾਰ ਨੂੰ ਦਿੱਲੀ ਸਰਾਫਾ ਬਾਜ਼ਾਰ 'ਚ ਸੋਨੇ ਦੀ ਕੀਮਤ 57,008 ਰੁਪਏ ਪ੍ਰਤੀ ਦਸ ਗ੍ਰਾਮ ਦਾ ਰਿਕਾਰਡ ਪੱਧਰ ਛੂਹ ਗਈ। ਚਾਂਦੀ ਵੀ 77,840 ਰੁਪਏ ਪ੍ਰਤੀ ਕਿਲੋਗ੍ਰਾਮ ਦੇ ਆਲਟਾਈਮ ਉੱਚ ਪੱਧਰ 'ਤੇ ਪਹੁੰਚ ਗਈ। ਹਾਲ ਹੀ 'ਚ ਸੁਰੱਖਿਅਤ ਨਿਵੇਸ਼ ਦੇ ਤੌਰ 'ਤੇ ਇਸ ਦੀ ਮੰਗ ਵਧੀ ਹੈ।


Sanjeev

Content Editor Sanjeev