49,000 ਰੁਪਏ ਸਸਤਾ ਹੋਇਆ ਸੋਨਾ! ਕੀਮਤਾਂ ''ਚ ਹੋਰ ਗਿਰਾਵਟ ਦੀ ਸੰਭਾਵਨਾ
Saturday, Jun 27, 2026 - 07:16 PM (IST)
ਬਿਜ਼ਨੈੱਸ ਡੈਸਕ- ਸੋਨੇ ਅਤੇ ਚਾਂਦੀ ਦੀਆਂ ਕੀਮਤਾਂ 'ਚ ਪਿਛਲੇ ਕੁਝ ਸਮੇਂ ਤੋਂ ਭਾਰੀ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਚੀਨ ਵੱਲੋਂ ਲਏ ਗਏ ਇੱਕ ਅਹਿਮ ਫੈਸਲੇ ਕਾਰਨ ਆਉਣ ਵਾਲੇ ਦਿਨਾਂ 'ਚ ਇਨ੍ਹਾਂ ਕੀਮਤੀ ਧਾਤਾਂ ਦੇ ਭਾਅ ਹੋਰ ਵੀ ਹੇਠਾਂ ਡਿੱਗਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ।
ਅੰਕੜਿਆਂ ਮੁਤਾਬਕ ਸੋਨਾ ਆਪਣੇ ਰਿਕਾਰਡ ਉੱਚ ਪੱਧਰ 1.93 ਲੱਖ ਰੁਪਏ ਤੋਂ 49,000 ਰੁਪਏ ਟੁੱਟ ਕੇ 1.44 ਲੱਖ ਰੁਪਏ ਪ੍ਰਤੀ 10 ਗ੍ਰਾਮ 'ਤੇ ਆ ਗਿਆ ਹੈ। ਇਸੇ ਤਰ੍ਹਾਂ ਚਾਂਦੀ ਵੀ 4.20 ਲੱਖ ਰੁਪਏ ਪ੍ਰਤੀ ਕਿਲੋ ਦੇ ਆਪਣੇ ਉੱਚ ਪੱਧਰ ਤੋਂ 1.98 ਲੱਖ ਰੁਪਏ ਡਿੱਗ ਕੇ 2.22 ਲੱਖ ਰੁਪਏ 'ਤੇ ਪਹੁੰਚ ਗਈ ਹੈ। ਇਕੱਲੇ ਜੂਨ ਮਹੀਨੇ 'ਚ ਹੀ ਮਲਟੀ ਕਮੋਡਿਟੀ ਮਾਰਕੀਟ 'ਤੇ ਸੋਨੇ ਦੀ ਕੀਮਤ 17,000 ਰੁਪਏ ਅਤੇ ਚਾਂਦੀ ਦੀ ਕੀਮਤ 51,000 ਰੁਪਏ ਤੱਕ ਡਿੱਗ ਚੁੱਕੀ ਹੈ।
ਸਾਊਥ ਚਾਈਨਾ ਮੋਰਨਿੰਗ ਪੋਸਟ ਦੀ ਰਿਪੋਰਟ ਦੇ ਹਵਾਲੇ ਨਾਲ ਦੱਸਿਆ ਗਿਆ ਹੈ ਕਿ ਚੀਨ ਦੇ ਸਭ ਤੋਂ ਵੱਡੇ ਬੈਂਕਾਂ, ਜਿਵੇਂ ਕਿ ਇੰਡਸਟਰੀਅਲ ਐਂਡ ਕਮਰਸ਼ੀਅਲ ਬੈਂਕ ਆਫ ਚਾਈਨਾ, ਨੇ ਐਲਾਨ ਕੀਤਾ ਹੈ ਕਿ ਉਹ 24 ਜੁਲਾਈ 2026 ਤੋਂ ਰਿਟੇਲ ਨਿਵੇਸ਼ਕਾਂ ਲਈ ਸ਼ੰਘਾਈ ਗੋਲਡ ਐਕਸਚੇਂਜ ਨਾਲ ਜੁੜੇ ਗੋਲਡ ਅਤੇ ਹੋਰ ਕੀਮਤੀ ਧਾਤਾਂ ਦੇ ਟ੍ਰੇਡਿੰਗ ਖਾਤੇ ਬੰਦ ਕਰ ਦੇਣਗੇ। ਚੀਨ ਨੇ ਇਹ ਫੈਸਲਾ ਇਸ ਲਈ ਲਿਆ ਹੈ ਤਾਂ ਜੋ ਰਿਟੇਲ ਨਿਵੇਸ਼ਕਾਂ ਨੂੰ ਬਾਜ਼ਾਰ ਦੇ ਇਸ ਭਾਰੀ ਉਤਾਰ-ਚੜ੍ਹਾਅ ਕਾਰਨ ਹੋਣ ਵਾਲੇ ਨੁਕਸਾਨ ਤੋਂ ਬਚਾਇਆ ਜਾ ਸਕੇ।
ਮਾਹਿਰਾਂ ਦਾ ਮੰਨਣਾ ਹੈ ਕਿ ਚੀਨ ਦੇ ਇਸ ਫੈਸਲੇ ਨਾਲ ਸੋਨੇ ਦੇ ਵਪਾਰਕ ਵਾਲੀਅਮ 'ਚ ਕਮੀ ਆਵੇਗੀ, ਜਿਸ ਕਾਰਨ ਕੀਮਤਾਂ ਹੋਰ ਵੀ ਘਟ ਸਕਦੀਆਂ ਹਨ। ਇਸ ਦਾ ਅਸਰ ਗਲੋਬਲ ਪੱਧਰ ਦੇ ਨਾਲ-ਨਾਲ ਭਾਰਤ ਦੇ ਸਰਰਾਫਾ ਬਾਜ਼ਾਰਾਂ 'ਤੇ ਵੀ ਦੇਖਣ ਨੂੰ ਮਿਲੇਗਾ। ਅੰਤਰਰਾਸ਼ਟਰੀ ਬਾਜ਼ਾਰ 'ਚ ਵੀ ਸੋਨਾ ਆਪਣੇ ਰਿਕਾਰਡ ਉੱਚ ਪੱਧਰ ਤੋਂ 30 ਫੀਸਦੀ ਅਤੇ ਚਾਂਦੀ 50 ਫੀਸਦੀ ਹੇਠਾਂ ਆ ਚੁੱਕੀ ਹੈ।
