ਵਧ ਸਕਦੀ ਹੈ ਦੇਸ਼ ਲਈ ਸੋਨੇ ਦੀ ਦਰਾਮਦ, ਕੋਰੋਨਾ ਤੋਂ ਬਾਅਦ ਇਸ ਕਾਰਨ ਵਧੀ ਮੰਗ

Thursday, Oct 21, 2021 - 01:18 PM (IST)

ਵਧ ਸਕਦੀ ਹੈ ਦੇਸ਼ ਲਈ ਸੋਨੇ ਦੀ ਦਰਾਮਦ, ਕੋਰੋਨਾ ਤੋਂ ਬਾਅਦ ਇਸ ਕਾਰਨ ਵਧੀ ਮੰਗ

ਨਵੀਂ ਦਿੱਲੀ (ਭਾਸ਼ਾ) – ਰਤਨ ਅਤੇ ਗਹਿਣਾ ਬਰਾਮਦ ਪ੍ਰਮੋਸ਼ਨ ਕਾਊਂਸਲ (ਜੀ. ਜੇ. ਈ. ਪੀ. ਸੀ.) ਨੇ ਕਿਹਾ ਕਿ ਤਿਓਹਾਰਾਂ ਅਤੇ ਵਿਆਹਾਂ ਦੇ ਸੀਜ਼ਨ ਦੀ ਮੰਗ ਕਾਰਨ ਆਉਣ ਵਾਲੇ ਮਹੀਨਿਆਂ ’ਚ ਦੇਸ਼ ਦੇ ਸੋਨੇ ਦੀ ਦਰਾਮਦ ’ਚ ਹੋਰ ਵਾਧਾ ਹੋਣ ਦੀ ਉਮੀਦ ਹੈ। ਸੋਨੇ ਦੀ ਦਰਾਮਦ ਅਪ੍ਰੈਲ-ਸਤੰਬਰ 2021 ਦੌਰਾਨ ਲਗਭਗ 24 ਅਰਬ ਡਾਲਰ ਤੱਕ ਪਹੁੰਚ ਗਈ। ਇਸ ਦਾ ਚਾਲੂ ਖਾਤੇ ਦਾ ਘਾਟੇ (ਕੈਡ) ’ਤੇ ਅਸਰ ਪੈਂਦਾ ਹੈ। ਜੀ. ਜੇ. ਈ. ਪੀ. ਸੀ. ਨੇ ਕਿਹਾ ਕਿ ਪਿਛਲੇ ਛੇ ਮਹੀਨਿਆਂ ਦੌਰਾਨ ਦਰਾਮਦ ’ਚ ਉਤਰਾਅ-ਚੜ੍ਹਾਅ ਦਾ ਰੁਝਾਨ ਦੇਖਿਆ ਗਿਆ ਹੈ ਅਤੇ ਇਹ ਕੋਵਿਡ ਤੋਂ ਪਹਿਲਾਂ ਦੇ ਸਾਲਾਂ ਦੇ ਅੰਕੜਿਆਂ ਦੇ ਬਰਾਬਰ ਆ ਗਿਆ ਹੈ।

ਜੀ. ਜੇ. ਈ. ਪੀ. ਸੀ. ਨੇ ਕਿਹਾ ਕਿ ਮਈ (12.98 ਟਨ) ਅਤੇ ਜੂਨ (17.57 ਟਨ) -2021 ’ਚ ਸੋਨੇ ਦੀ ਦਰਾਮਦ ਦੂਜੀ ਵਿਨਾਸ਼ਕਾਰੀ ਕੋਵਿਡ ਲਹਿਰ ਕਾਰਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ, ਜਿਸ ਕਾਰਨ ਰਾਸ਼ਟਰਵਿਆਪੀ ਲਾਕਡਾਊਨ ਲੱਗ ਗਿਆ। ਇਸ ਨਾਲ ਰਤਨ ਅਤੇ ਗਹਿਣਿਆਂ ਸਮੇਤ ਉਦਯੋਗ ਪ੍ਰਭਾਵਿਤ ਹੋਏ। ਜੀ. ਜੇ. ਈ. ਪੀ. ਸੀ. ਨੇ ਕਿਹਾ ਕਿ ਦਰਾਮਦ ਅਗਸਤ ’ਚ ਵਧੀ। ਮਹੀਨੇ ਦੌਰਾਨ ਦਰਾਮਦ ਦਾ ਅੰਕੜਾ 118.08 ਟਨ ਰਿਹਾ। ਇਹ ਸੋਨੇ ਦੀ ਦਰਾਮਦ ਦਾ ਦੂਜਾ ਸਭ ਤੋਂ ਉੱਚਾ ਅੰਕੜਾ ਹੈ। ਜੀ. ਜੇ. ਈ. ਪੀ. ਸੀ. ਦੇ ਚੇਅਰਮੈਨ ਕੋਲਿਨ ਸ਼ਾਹ ਨੇ ਕਿਹਾ ਕਿ ਜੁਲਾਈ, ਅਗਸਤ ਅਤੇ ਸਤੰਬਰ 2021 ਦੌਰਾਨ ਦਰਾਮਦ ’ਚ ਵਾਧਾ ਲਾਕਡਾਊਨ ਹਟਣ, ਘਰੇਲੂ ਅਤੇ ਬਰਾਮਦ ਮੰਗ ’ਚ ਸੁਧਾਰ ਅਤੇ ਤਿਓਹਾਰੀ ਸੀਜ਼ਨ ਦੀ ਸ਼ੁਰੂਆਤ ਕਾਰਨ ਹੋਇਆ ਹੈ, ਜਿਸ ਦੇ ਨਤੀਜੇ ਵਜੋਂ ਉਤਪਾਦਾਂ ਦੀ ਮੰਗ ’ਚ ਤੇਜ਼ ਵਾਧਾ ਹੋਇਆ ਹੈ।


author

Harinder Kaur

Content Editor

Related News