ਵੱਡੀ ਰਾਹਤ! 10 ਗ੍ਰਾਮ ਸੋਨੇ ਦੀ ਕੀਮਤ 48 ਹਜ਼ਾਰ ਦੇ ਨੇੜੇ, ਚਾਂਦੀ ਵੀ ਡਿੱਗੀ

06/10/2021 9:40:04 PM

ਨਵੀਂ ਦਿੱਲੀ- ਸੋਨਾ ਖ਼ਰੀਦਣਾ ਹੈ ਤਾਂ ਇਹ ਸਹੀ ਸਮਾਂ ਹੋ ਸਕਦਾ ਹੈ ਕਿਉਂਕਿ ਸੋਨਾ ਪਿਛਲੇ ਸੈਸ਼ਨਾਂ ਤੋਂ ਥੋੜ੍ਹਾ-ਥੋੜ੍ਹਾ ਸਸਤਾ ਹੋ ਕੇ 48 ਹਜ਼ਾਰ ਰੁਪਏ ਦੇ ਨਜ਼ਦੀਕ ਆ ਗਿਆ ਹੈ। ਵਿਸ਼ਵ ਪੱਧਰ ‘ਤੇ ਕੀਮਤੀ ਧਾਤਾਂ ਦੇ ਕਮਜ਼ੋਰ ਰੁਖ਼ ਕਾਰਨ ਸੋਨੇ ਦੀ ਕੀਮਤ ਵੀਰਵਾਰ ਨੂੰ ਦਿੱਲੀ ਸਰਾਫਾ ਬਾਜ਼ਾਰ ਵਿਚ 259 ਰੁਪਏ ਦੀ ਗਿਰਾਵਟ ਨਾਲ 48,127 ਰੁਪਏ ਪ੍ਰਤੀ 10 ਗ੍ਰਾਮ ਰਹੀ। ਐੱਚ. ਡੀ. ਐੱਫ. ਸੀ. ਸਕਿਓਰਟੀਜ਼ ਨੇ ਇਹ ਜਾਣਕਾਰੀ ਦਿੱਤੀ।

ਪਿਛਲੇ ਕਾਰੋਬਾਰੀ ਸੈਸ਼ਨ ਵਿਚ ਸੋਨਾ 48,386 ਰੁਪਏ ਪ੍ਰਤੀ 10 ਗ੍ਰਾਮ 'ਤੇ ਬੰਦ ਹੋਇਆ ਸੀ। ਇਸੇ ਤਰ੍ਹਾਂ ਚਾਂਦੀ 110 ਰੁਪਏ ਦੀ ਗਿਰਾਵਟ ਨਾਲ 70,274 ਰੁਪਏ ਪ੍ਰਤੀ ਕਿਲੋਗ੍ਰਾਮ ਰਹਿ ਗਈ। ਪਿਛਲੇ ਸੈਸ਼ਨ ਵਿਚ ਚਾਂਦੀ ਦੀ ਬੰਦ ਕੀਮਤ 70,384 ਰੁਪਏ ਪ੍ਰਤੀ ਕਿਲੋਗ੍ਰਾਮ ਸੀ। ਉੱਥੇ ਹੀ, ਕੌਮਾਂਤਰੀ ਬਾਜ਼ਾਰ ਵਿਚ ਸੋਨਾ 1,880 ਡਾਲਰ ਪ੍ਰਤੀ ਔਂਸ ਦੇ ਪੱਧਰ 'ਤੇ ਸੀ, ਜਦੋਂ ਕਿ ਚਾਂਦੀ 27.65 ਡਾਲਰ ਪ੍ਰਤੀ ਔਂਸ 'ਤੇ ਸਥਿਰ ਰਹੀ।

ਐੱਚ. ਡੀ. ਐੱਫ. ਸੀ. ਸਕਿਓਰਟੀਜ਼ ਦੇ ਸੀਨੀਅਰ ਵਿਸ਼ਲੇਸ਼ਕ (ਕਮੋਡਿਟੀਜ਼) ਤਪਨ ਪਟੇਲ ਨੇ ਕਿਹਾ, "ਨਿਊਯਾਰਕ ਕਮੋਡਿਟੀ ਐਕਸਚੇਂਜ ਵਿਚ ਸੋਨੇ ਦੀਆਂ ਕੀਮਤਾਂ ਵਿਚ ਗਿਰਾਵਟ ਕਾਰਨ ਦਿੱਲੀ ਵਿਚ 24 ਕੈਰੇਟ ਸੋਨੇ ਦੀਆਂ ਕੀਮਤਾਂ ਵਿਚ 259 ਰੁਪਏ ਦੀ ਗਿਰਾਵਟ ਆਈ।" ਮੋਤੀ ਲਾਲ ਓਸਵਾਲ ਫਾਈਨੈਸ਼ਲ ਸਰਵਿਸਿਜ਼ ਦੇ ਕਮੋਡਿਟੀ ਰਿਸਰਚ ਵਿਭਾਗ ਦੇ ਉਪ ਮੁਖੀ ਨਵਨੀਤ ਦਮਾਨੀ ਨੇ ਕਿਹਾ ਕਿ ਪਿਛਲੇ ਕੁਝ ਕਾਰੋਬਾਰੀ ਸੈਸ਼ਨਾਂ ਵਿਚ ਸੋਨੇ ਵਿਚ ਸਥਿਰ ਕਾਰੋਬਾਰ ਪਿੱਛੋਂ ਕੀਮਤਾਂ ਵਿਚ ਗਿਰਾਵਟ ਆਈ ਹੈ। ਡਾਲਰ ਦੇ ਮਜਬੂਤ ਹੋਣ ਨਾਲ ਵੀ ਸੋਨੇ ਵਿਚ ਗਿਰਾਵਟ ਦਰਜ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਨਿਵੇਸ਼ਕ ਅਮਰੀਕਾ ਦੇ ਮਹਿੰਗਾਈ ਅੰਕੜੇ ਆਉਣ ਅਤੇ ਯੂਰਪੀ ਸੈਂਟਰਲ ਬੈਂਕ ਦੀ ਬੈਠਕ ਤੋਂ ਮਹਿੰਗਾਈ ਦੇ ਪੱਧਰ ਅਤੇ ਆਰਥਿਕ ਰਫਤਾਰ ਨੂੰ ਲੈ ਕੇ ਸਪੱਸ਼ਟ ਸੰਕੇਤਾਂ ਦੀ ਉਡੀਕ ਕਰ ਰਹੇ ਹਨ।


Sanjeev

Content Editor

Related News