ਮਹਿੰਗਾ ਹੋਣ ਵਾਲਾ ਹੈ ਸੋਨਾ, ਡੀਲਰਾਂ ਨੇ ਵਸੂਲਣਾਂ ਸ਼ੁਰੂ ਕੀਤਾ ਇਹ ਚਾਰਜ

10/11/2020 8:04:34 PM

ਨਵੀਂ ਦਿੱਲੀ— ਤਿਉਹਾਰੀ ਮੌਸਮ 'ਚ ਵਿਆਹਾਂ ਦੇ ਮੱਦੇਨਜ਼ਰ ਸੋਨੇ ਦੀ ਮੰਗ ਵਧਣ ਦੀ ਉਮੀਦ ਨਾਲ ਜਿਊਲਰਾਂ ਵੱਲੋਂ ਵਧਾਈ ਗਈ ਖਰੀਦਦਾਰੀ ਨੂੰ ਦੇਖਦੇ ਹੋਏ ਸਰਾਫਾ ਡੀਲਰਾਂ ਨੇ ਮੱਧ ਅਗਸਤ ਤੋਂ ਬਾਅਦ ਪਹਿਲੀ ਵਾਰ ਹੁਣ ਸੋਨੇ ਦੀਆਂ ਅਧਿਕਾਰਤ ਕੀਮਤਾਂ 'ਤੇ ਪ੍ਰੀਮੀਅਮ ਵਸੂਲਣਾ ਸ਼ੁਰੂ ਕਰ ਦਿੱਤਾ ਹੈ।

ਪਿਛਲੇ ਹਫ਼ਤੇ ਦਿੱਤੀ ਗਈ 6 ਡਾਲਰ ਦੀ ਛੋਟ ਦੇ ਮੁਕਾਬਲੇ ਡੀਲਰਾਂ ਨੇ ਇਸ ਵਾਰ ਅਧਿਕਾਰਤ ਘਰੇਲੂ ਕੀਮਤਾਂ 'ਤੇ 2 ਡਾਲਰ ਪ੍ਰਤੀ ਔਂਸ ਦਾ ਪ੍ਰੀਮੀਅਮ ਚਾਰਜ ਕੀਤਾ ਹੈ। ਇਕ ਡੀਲਰ ਨੇ ਕਿਹਾ ਕਿ ਤਿਉਹਾਰੀ ਮੌਸਮ 'ਚ ਗਹਿਣਿਆਂ ਦੀ ਮੰਗ 'ਚ ਕੁਝ ਸੁਧਾਰ ਹੋਣ ਦੀ ਉਮੀਦ ਨਾਲ ਜਿਊਲਰਾਂ ਨੇ ਖਰੀਦਦਾਰੀ ਸ਼ੁਰੂ ਕਰ ਦਿੱਤੀ ਹੈ। ਇਸ ਦੇ ਨਾਲ ਹੀ ਦੱਸ ਦੇਈਏ ਕਿ ਸ਼ੁੱਕਰਵਾਰ ਨੂੰ ਐੱਮ. ਸੀ. ਐਕਸ. 'ਤੇ ਸੋਨਾ ਦੀ ਕੀਮਤ 50,817 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਪਹੁੰਚ ਗਈ। ਪਿਛਲੇ ਹਫ਼ਤੇ ਸੋਨੇ ਨੇ 650 ਰੁਪਏ ਪ੍ਰਤੀ ਦਸ ਗ੍ਰਾਮ ਦਾ ਵਾਧਾ ਦਰਜ ਕੀਤਾ ਹੈ, ਜਦੋਂ ਕਿ ਚਾਂਦੀ ਇਸ ਦੌਰਾਨ 2,500 ਰੁਪਏ ਮਹਿੰਗੀ ਹੋਈ ਅਤੇ 62,955 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਪਹੁੰਚ ਗਈ।

ਉੱਥੇ ਹੀ, ਸੋਮਵਾਰ ਤੋਂ ਸਰਕਾਰੀ ਗੋਲਡ ਬਾਂਡ ਵੀ ਗਾਹਕੀ ਲਈ ਖੁੱਲ੍ਹਣ ਜਾ ਰਿਹਾ ਹੈ। ਸਰਕਾਰ ਨੇ ਇਸ ਵਾਰ ਲਈ ਇਸ ਦੀ ਕੀਮਤ 5,051 ਰੁਪਏ ਪ੍ਰਤੀ ਗ੍ਰਾਮ ਨਿਰਧਾਰਤ ਕੀਤੀ ਹੈ। ਤੁਸੀਂ ਇਸ 'ਚ 16 ਤਾਰੀਖ਼ ਤੱਕ ਨਿਵੇਸ਼ ਕਰ ਸਕਦੇ ਹੋ। ਇਸ 'ਤੇ ਸਰਕਾਰ ਸਾਲਾਨਾ 2.5 ਫੀਸਦੀ ਵਿਆਜ ਦਿੰਦੀ ਹੈ।

ਗੌਰਤਲਬ ਹੈ ਕਿ ਭਾਰਤ 'ਚ ਸੋਨੇ ਦੀਆਂ ਕੀਮਤਾਂ ਅਗਸਤ ਦੇ ਸਿਖਰ 56,200 ਰੁਪਏ ਤੋਂ ਘੱਟ ਹੋਈਆਂ ਹਨ ਪਰ ਵਿਸ਼ਲੇਸ਼ਕ ਕਹਿੰਦੇ ਹਨ ਕਿ ਵਿਸ਼ਵ ਪੱਧਰੀ ਅਰਥਵਿਵਸਥਾ 'ਚ ਠੋਸ ਵਾਪਸੀ ਨਾ ਆਉਣ ਤੱਕ ਸੋਨੇ ਦੀ ਮੰਗ ਸੁਰੱਖਿਅਤ ਪੂੰਜੀ ਦੇ ਤੌਰ 'ਤੇ ਬਣੀ ਰਹਿਣ ਦੀ ਸੰਭਾਵਨਾ ਹੈ। ਭਾਰਤ 'ਚ ਹਾਲਾਂਕਿ, ਸੋਨੇ 'ਚ ਨਿਵੇਸ਼ ਦੀ ਮੰਗ ਮਜਬੂਤ ਬਣੀ ਹੋਈ ਹੈ। ਗੋਲਡ ਈ. ਟੀ. ਐੱਫ. 'ਚ ਲਗਾਤਾਰ 6ਵੇਂ ਮਹੀਨੇ ਸਤੰਬਰ 'ਚ ਵੀ ਨਿਵੇਸ਼ ਜਾਰੀ ਰਿਹਾ। ਭਾਰਤੀ ਮਿਉਚੂਅਲ ਫੰਡ ਐਸੋਸੀਏਸ਼ਨ ਮੁਤਾਬਕ, ਅਗਸਤ 'ਚ ਇਸ 'ਚ ਸ਼ੁੱਧ ਰੂਪ ਨਾਲ 907.9 ਕਰੋੜ ਰੁਪਏ ਦਾ ਨਿਵੇਸ਼ ਆਇਆ ਸੀ ਅਤੇ ਸਤੰਬਰ 'ਚ ਵੀ ਇਸ ਸ਼੍ਰੇਣੀ 'ਚ ਨਿਵੇਸ਼ ਜਾਰੀ ਰਿਹਾ, ਜੋ 597.3 ਕਰੋੜ ਰੁਪਏ ਸੀ।


Sanjeev

Content Editor

Related News