"ਆਸਮਾਨ ਛੂਹਣਗੀਆਂ ਸੋਨੇ-ਚਾਂਦੀ ਦੀਆਂ ਕੀਮਤਾਂ": ਰੌਬਰਟ ਕਿਓਸਾਕੀ ਦਾ ਵੱਡਾ ਦਾਅਵਾ, ਕਿਹਾ- ''ਮੈਂ ਵੀ ਖੂਬ ਖਰੀਦਿਆ''
Saturday, Jul 18, 2026 - 09:22 PM (IST)
ਨਵੀਂ ਦਿੱਲੀ : 'ਰਿਚ ਡੈਡ, ਪੂਅਰ ਡੈਡ' ਦੇ ਪ੍ਰਸਿੱਧ ਲੇਖਕ ਅਤੇ ਦਿੱਗਜ ਨਿਵੇਸ਼ਕ ਰੌਬਰਟ ਕਿਓਸਾਕੀ ਨੇ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਨੂੰ ਲੈ ਕੇ ਇੱਕ ਵਾਰ ਫਿਰ ਵੱਡੀ ਭਵਿੱਖਬਾਣੀ ਕੀਤੀ ਹੈ। ਉਨ੍ਹਾਂ ਨੇ ਦਾਅਵਾ ਕੀਤਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਜ਼ਬਰਦਸਤ ਉਛਾਲ ਆਉਣ ਵਾਲਾ ਹੈ ਅਤੇ ਇਹ 'ਚੰਦਰਮਾ ਤੱਕ' ਪਹੁੰਚ ਜਾਣਗੀਆਂ।
ਕਿਓਸਾਕੀ ਨੇ ਦੱਸਿਆ ਕਿ ਉਨ੍ਹਾਂ ਨੇ ਕੀਮਤਾਂ ਵਿੱਚ ਆਈ ਤਾਜ਼ਾ ਗਿਰਾਵਟ ਦਾ ਫਾਇਦਾ ਚੁੱਕਦੇ ਹੋਏ ਭਾਰੀ ਮਾਤਰਾ ਵਿੱਚ ਗੋਲਡ ਅਤੇ ਸਿਲਵਰ ਖਰੀਦਿਆ ਹੈ। ਉਨ੍ਹਾਂ ਅਨੁਸਾਰ, ਬਹੁਤ ਸਾਰੇ ਸੱਟੇਬਾਜ਼ ਉੱਚੀਆਂ ਕੀਮਤਾਂ 'ਤੇ ਖਰੀਦਦੇ ਹਨ ਅਤੇ ਘੱਟ ਕੀਮਤ 'ਤੇ ਵੇਚ ਦਿੰਦੇ ਹਨ, ਪਰ ਸਿਆਣਪ ਘੱਟ ਕੀਮਤ 'ਤੇ ਖਰੀਦ ਕੇ ਅਮੀਰ ਬਣਨ ਵਿੱਚ ਹੈ। ਉਨ੍ਹਾਂ ਨੇ ਮਸ਼ਹੂਰ ਨਿਵੇਸ਼ਕ ਜਿਮ ਰੌਜਰਸ ਦੀ ਗੱਲ ਨਾਲ ਸਹਿਮਤੀ ਜਤਾਈ ਕਿ ਕੀਮਤਾਂ ਵਧਣਗੀਆਂ, ਪਰ ਵਿਚਕਾਰ ਭਾਰੀ ਉਤਾਰ-ਚੜ੍ਹਾਅ ਵੀ ਦੇਖਣ ਨੂੰ ਮਿਲ ਸਕਦੇ ਹਨ।
ਸੋਨੇ-ਚਾਂਦੀ ਵਿੱਚ ਨਿਵੇਸ਼ ਕਿਉਂ?
ਲੇਖਕ ਨੇ ਨਿਵੇਸ਼ ਦੇ ਪਿੱਛੇ ਕਈ ਅਹਿਮ ਕਾਰਨ ਦੱਸੇ ਹਨ:
ਦੁਨੀਆ ਭਰ ਵਿੱਚ ਤੇਜ਼ੀ ਨਾਲ ਵਧ ਰਿਹਾ ਕਰਜ਼ਾ।
ਵਧਦੀ ਹੋਈ ਮਹਿੰਗਾਈ।
ਸਿਆਸੀ ਆਗੂਆਂ ਅਤੇ ਕੇਂਦਰੀ ਬੈਂਕਾਂ ਉੱਪਰੋਂ ਘੱਟਦਾ ਭਰੋਸਾ।
ਕਿਓਸਾਕੀ ਅਨੁਸਾਰ, ਦੁਨੀਆ ਦੀ ਆਰਥਿਕਤਾ ਮੁਸ਼ਕਲ ਵਿੱਚ ਹੈ ਅਤੇ ਉਨ੍ਹਾਂ ਨੂੰ ਨੇਤਾਵਾਂ ਜਾਂ ਸੈਂਟਰਲ ਬੈਂਕਾਂ 'ਤੇ ਇਸ ਸਮੱਸਿਆ ਨੂੰ ਹੱਲ ਕਰਨ ਦਾ ਕੋਈ ਭਰੋਸਾ ਨਹੀਂ ਹੈ।
ਹਾਲੀਆ ਰੁਝਾਨਾਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਦੱਸਿਆ ਕਿ ਸੋਨਾ $5405 ਦੇ ਉੱਚ ਪੱਧਰ ਤੋਂ ਡਿੱਗ ਕੇ $4006 'ਤੇ ਆ ਗਿਆ ਹੈ। ਇਸੇ ਤਰ੍ਹਾਂ, ਚਾਂਦੀ ਵੀ $118 ਤੋਂ ਘਟ ਕੇ $56 'ਤੇ ਆ ਗਈ ਹੈ। ਉਨ੍ਹਾਂ ਮੁਤਾਬਕ ਇਹ ਗਿਰਾਵਟ ਖਰੀਦਦਾਰੀ ਦਾ ਇੱਕ ਵਧੀਆ ਮੌਕਾ ਹੈ ਕਿਉਂਕਿ ਅੱਗੇ ਕੀਮਤਾਂ ਵਿੱਚ ਵੱਡੀ ਤੇਜ਼ੀ ਆਉਣ ਦੀ ਉਮੀਦ ਹੈ।
(ਨੋਟ: ਕਿਸੇ ਵੀ ਤਰ੍ਹਾਂ ਦੇ ਨਿਵੇਸ਼ ਤੋਂ ਪਹਿਲਾਂ ਆਪਣੇ ਵਿੱਤੀ ਸਲਾਹਕਾਰ ਦੀ ਮਦਦ ਜ਼ਰੂਰ ਲਓ।)
