ਸੋਨਾ 2,250 ਰੁਪਏ ਮਹਿੰਗਾ, ਚਾਂਦੀ ਦੀ ਕੀਮਤ 'ਚ ਵੀ ਭਾਰੀ ਉਛਾਲ

08/11/2019 2:17:28 PM

ਨਵੀਂ ਦਿੱਲੀ— ਵਿਦੇਸ਼ੀ ਬਾਜ਼ਾਰਾਂ 'ਚ ਸੋਨੇ ਦੀਆਂ ਕੀਮਤਾਂ 'ਚ ਲਗਾਤਾਰ ਜਾਰੀ ਉਛਾਲ ਵਿਚਕਾਰ ਗਹਿਣਾ ਨਿਰਮਾਤਾਵਾਂ ਨੇ ਵੀ ਸੋਨੇ ਦੀ ਖਰੀਦ ਵਧਾ ਦਿੱਤੀ, ਜਿਸ ਨਾਲ ਬੀਤੇ ਹਫਤੇ ਦਿੱਲੀ ਸਰਾਫਾ ਬਾਜ਼ਾਰ 'ਚ ਸੋਨਾ 2,250 ਰੁਪਏ ਦੀ ਉੱਚੀ ਛਲਾਂਗ ਲਾ ਕੇ 38,420 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਜਾ ਪੁੱਜਾ। ਚਾਂਦੀ ਵੀ ਇਸ ਦੌਰਾਨ 2,050 ਰੁਪਏ ਮਹਿੰਗੀ ਹੋ ਕੇ 44,150 ਰੁਪਏ ਪ੍ਰਤੀ ਕਿੱਲੋਗ੍ਰਾਮ 'ਤੇ ਪਹੁੰਚ ਗਈ।
 


ਵਿਦੇਸ਼ਾਂ 'ਚ ਸੋਨੇ ਦੀ ਕੀਮਤ 3.1 ਵਧੀ ਤਾਂ ਭਾਰਤੀ ਬਾਜ਼ਾਰ 'ਚ ਇਹ 6.22 ਫੀਸਦੀ ਵਧੀ ਹੈ। ਰੁਪਏ 'ਚ ਗਿਰਾਵਟ ਕਾਰਨ ਵੀ ਸਥਾਨਕ ਬਾਜ਼ਾਰ 'ਚ ਸੋਨੇ ਦੀ ਕੀਮਤ ਚੜ੍ਹੀ ਹੈ। ਲੰਡਨ ਅਤੇ ਨਿਊਯਾਰਕ ਤੋਂ ਮਿਲੀ ਜਾਣਕਾਰੀ ਮੁਤਾਬਕ, ਪਿਛਲੇ ਹਫਤੇ ਉੱਥੇ ਸੋਨਾ 45.85 ਡਾਲਰ ਚੜ੍ਹ ਕੇ 1,496.50 ਡਾਲਰ ਪ੍ਰਤੀ ਔਂਸ 'ਤੇ ਜਾ ਪੁੱਜਾ। ਇਹ ਕਿਸੇ ਹਫਤੇ 'ਚ ਤਿੰਨ ਸਾਲ ਦੀ ਸਭ ਤੋਂ ਵੱਡੀ ਤੇਜ਼ੀ ਹੈ। ਇੰਨਾ ਹੀ ਨਹੀਂ ਹਫਤੇ ਦੌਰਾਨ ਇਕ ਦਿਨ ਇਸ ਨੇ 1,500 ਡਾਲਰ ਪ੍ਰਤੀ ਔਂਸ ਨੂੰ ਵੀ ਪਾਰ ਕੀਤਾ, ਜੋ 6 ਸਾਲਾਂ ਦਾ ਉੱਚਾ ਪੱਧਰ ਸੀ। 
ਵਪਾਰ ਯੁੱਧ ਦੀ ਚਿੰਤਾ 'ਚ ਨਿਵੇਸ਼ਕਾਂ ਨੇ ਸੁਰੱਖਿਅਤ ਮੰਨੇ ਜਾਣ ਵਾਲੇ ਸੋਨੇ ਦਾ ਰੁਖ਼ ਕੀਤਾ ਹੈ। ਕੌਮਾਂਤਰੀ ਬਾਜ਼ਾਰ 'ਚ ਚਾਂਦੀ ਹਾਜ਼ਰ 0.64 ਡਾਲਰ ਹਫਤਾਵਾਰੀ ਤੇਜ਼ੀ ਨਾਲ 16.93 ਡਾਲਰ ਪ੍ਰਤੀ ਔਂਸ 'ਤੇ ਰਹੀ।ਬਾਜ਼ਾਰ ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਅਮਰੀਕਾ ਤੇ ਚੀਨ ਵਿਚਕਾਰ ਜਾਰੀ ਵਪਾਰ ਯੁੱਧ ਦੀ ਸਥਿਤੀ ਗੰਭੀਰ ਹੋਣ ਨਾਲ ਨਿਵੇਸ਼ਕਾਂ 'ਚ ਘਬਰਾਹਟ ਦਾ ਮਾਹੌਲ ਹੈ, ਜਿਸ ਨਾਲ ਸੋਨੇ ਦੀ ਖਰੀਦ ਨੂੰ ਸਮਰਥਨ ਮਿਲਿਆ ਹੈ ਤੇ ਇਸ ਦੀਆਂ ਕੀਮਤਾਂ 'ਚ ਤੇਜ਼ੀ ਦਰਜ ਹੋਈ ਹੈ।


Related News