ਸਸਤਾ ਹੋਇਆ ਸੋਨਾ, ਕੀਮਤਾਂ ''ਚ ਆਈ 7 ਸਾਲ ਦੀ ਸਭ ਤੋਂ ਵੱਡੀ ਗਿਰਾਵਟ, ਚਾਂਦੀ ਵੀ ਡਿੱਗੀ
Tuesday, Nov 10, 2020 - 10:03 AM (IST)
ਨਵੀਂ ਦਿੱਲੀ : ਕੋਰੋਨਾ ਵੈਕਸੀਨ ਨੂੰ ਲੈ ਕੇ ਆਈ ਖ਼ੁਸ਼ਖ਼ਬਰੀ ਦੇ ਚਲਦੇ ਅੰਤਰਰਾਸ਼ਟਰੀ ਪੱਧਰ 'ਤੇ ਸੋਨੇ ਦੀਆਂ ਕੀਮਤਾਂ ਵਿਚ ਭਾਰੀ ਗਿਰਾਵਟ ਆਈ ਹੈ। ਅੰਤਰਰਾਸ਼ਟਰੀ ਪੱਧਰ 'ਤੇ ਸੋਨੇ ਦੀਆਂ ਕੀਮਤਾਂ 5 ਫ਼ੀਸਦੀ ਤੋਂ ਜ਼ਿਆਦਾ ਡਿੱਗ ਗਈਆਂ। ਮਾਹਰਾਂ ਦਾ ਕਹਿਣਾ ਹੈ ਕਿ ਫ਼ੀਸਦੀ ਦੇ ਲਿਹਾਜ਼ ਨਾਲ ਇਹ ਸੋਨੇ ਵਿਚ 2013 ਦੇ ਬਾਅਦ ਦੀ ਇਕ ਦਿਨ ਵਿਚ ਆਈ ਸਭ ਤੋਂ ਵੱਡੀ ਗਿਰਾਵਟ ਹੈ। ਇਨ੍ਹਾਂ ਸੰਕੇਤਾਂ ਦਾ ਅਸਰ ਘਰੇਲੂ ਬਾਜ਼ਾਰ 'ਤੇ ਵੀ ਵਿਖੇਗਾ। ਭਾਰਤੀ ਬਾਜ਼ਾਰਾਂ ਵਿਚ ਸੋਨੇ ਦੀਆਂ ਕੀਮਤਾਂ ਤੇਜ਼ੀ ਨਾਲ ਡਿੱਗ ਸਕਦੀਆਂ ਹਨ। ਮੌਜੂਦਾ ਪੱਧਰ ਤੋਂ ਕੀਮਤਾਂ 5-8 ਫ਼ੀਸਦੀ ਤੱਕ ਦੀ ਡਿੱਗਣ ਦੀ ਸੰਭਾਵਨਾ ਹੈ। ਕਿਉਂਕਿ ਭਾਰਤੀ ਰੁਪਿਆ ਵੀ ਲਗਾਤਾਰ ਮਜ਼ਬੂਤ ਹੋ ਰਿਹਾ ਹੈ। ਤੁਹਾਨੂੰ ਦੱਸ ਦੇਈਏ ਕਿ ਸੋਮਵਾਰ ਨੂੰ ਦਿੱਲੀ ਸਰਾਫ਼ਾ ਬਾਜ਼ਾਰ ਵਿਚ ਸੋਨੇ ਦਾ ਮੁੱਲ ਵੱਧ ਕੇ 52,183 ਰੁਪਏ ਦੇ ਪੱਧਰ 'ਤੇ ਪਹੁੰਚ ਗਿਆ। ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਇਹ 51,06 ਰੁਪਏ ਪ੍ਰਤੀ 10 ਗਰਾਮ 'ਤੇ ਬੰਦ ਹੋਇਆ ਸੀ।
ਵੈਕਸੀਨ ਨੂੰ ਲੈ ਕੇ ਚੰਗੀਆਂ ਖ਼ਬਰਾਂ ਆਉਣ ਨਾਲ ਸੋਨੇ ਦੀ ਸੁਰੱਖਿਅਤ ਨਿਵੇਸ਼ ਮੰਗ ਘੱਟ ਗਈ। ਇਸ ਨਾਲ ਸੋਨੇ-ਚਾਂਦੀ ਦੇ ਮੁੱਲ ਡਿੱਗ ਗਏ। ਵਿਦੇਸ਼ੀ ਬਾਜ਼ਾਰ ਵਿਚ ਅਮਰੀਕੀ ਗੋਲਡ ਫਿਊਚਰ 4.9 ਫ਼ੀਸਦੀ ਡਿੱਗ ਗਿਆ ਅਤੇ 1855.30 ਡਾਲਰ ਪ੍ਰਤੀ ਔਂਸ ਤੱਕ ਫ਼ਿਸਲ ਗਿਆ, ਜਦੋਂ ਕਿ ਗੋਲਡ ਸਪਾਟ 4.9 ਫ਼ੀਸਦੀ ਦੀ ਗਿਰਾਵਟ ਨਾਲ 1854.44 ਡਾਲਰ ਪ੍ਰਤੀ ਬੈਰਲ 'ਤੇ ਆ ਗਿਆ। ਸੋਮਵਾਰ ਨੂੰ ਸੋਨੇ ਦਾ ਮੁੱਲ 100 ਡਾਲਰ ਟੁੱਟ ਗਿਆ। ਕੱਲ ਸ਼ੁਰੂਆਤੀ ਕਾਰੋਬਾਰ ਵਿਚ ਸੋਨੇ ਦਾ ਮੁੱਲ 1965.33 ਡਾਲਰ ਪ੍ਰਤੀ ਔਂਸ ਦੇ ਆਸ-ਪਾਸ ਸੀ। ਸੋਮਵਾਰ ਨੂੰ ਕੱਚੇ ਤੇਲ ਦੀਆਂ ਕੀਮਤਾਂ ਵਿਚ ਜ਼ੋਰਦਾਰ ਤੇਜੀ ਆਈ। ਅੰਤਰਰਾਸ਼ਟਰੀ ਬੇਂਚਮਾਰਕ ਬਰੇਂਟ ਕਰੂਡ ਦਾ ਮੁੱਲ 8 ਫ਼ੀਸਦੀ ਉਛਲ ਕੇ 42.61 ਡਾਲਰ ਪ੍ਰਤੀ ਬੈਰਲ 'ਤੇ ਪਹੁੰਚ ਗਿਆ। ਇਸੇ ਤਰ੍ਹਾਂ ਨਾਲ ਅਮਰੀਕੀ ਕੱਚਾ ਤੇਲ 9 ਫ਼ੀਸਦੀ ਚੜ੍ਹ ਕੇ 40.49 ਡਾਲਰ ਪ੍ਰਤੀ ਬੈਰਲ 'ਤੇ ਪਹੁੰਚ ਗਿਆ। ਕੋਰੋਨਾ ਵੈਕਸੀਨ ਦੀ ਖ਼ਬਰ ਨਾਲ ਕੱਚੇ ਤੇਲ ਦੀ ਮੰਗ ਵਧਣ ਦੀ ਸੰਭਾਵਨਾ ਹੈ, ਜਿਸ ਨਾਲ ਕਰੂਡ ਦੇ ਮੁੱਲ ਚੜ੍ਹੇ ਹਨ।
ਇਹ ਵੀ ਪੜ੍ਹੋ: ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀਆਂ ਦੀ ਸੂਚੀ 'ਚ ਮੁੜ 9ਵੇਂ ਤੋਂ 7ਵੇਂ ਸਥਾਨ 'ਤੇ ਪੁੱਜੇ ਮੁਕੇਸ਼ ਅੰਬਾਨੀ
ਫਾਈਜਰ ਦੇ ਕੋਰੋਨਾ ਵੈਕਸੀਨ ਟ੍ਰਾਇਲ 'ਚ 90 ਫੀਸਦੀ ਸਫਲਤਾ ਦੇ ਐਲਾਨ ਤੋਂ ਸਿਰਫ 1 ਮਿੰਟ ਬਾਅਦ ਹੀ 1000 ਰੁਪਏ ਡਿਗਿਆ ਸੋਨਾ
ਫਾਰਮਾ ਕੰਪਨੀ ਫਾਈਜਰ ਦੀ ਕੋਵਿਡ ਦੀ ਦਵਾਈ ਦੇ ਐਲਾਨ ਤੋਂ ਬਾਅਦ ਸਿਰਫ ਇਕ ਮਿੰਟ 'ਚ ਸੋਨੇ ਦੀ ਕੀਮਤ 1000 ਰੁਪਏ ਪ੍ਰਤੀ 10 ਗ੍ਰਾਮ ਡਿਗ ਗਈ, ਜਦੋਂ ਕਿ ਚਾਂਦੀ ਦਾ ਰੇਟ ਵੀ 2000 ਰੁਪਏ ਪ੍ਰਤੀ ਕਿਲੋ ਘਟ ਗਿਆ। ਦਰਅਸਲ ਫਾਈਜਰ ਨੇ ਕਿਹਾ ਕਿ ਉਹ ਜੋ ਦਵਾਈ ਬਣਾ ਰਹੀ ਹੈ ਉਹ 90 ਫੀਸਦੀ ਪ੍ਰਭਾਵਸ਼ਾਲੀ ਹੈ ਅਤੇ ਇਸ 'ਚ ਕੋਈ ਆਬਜੈਕਸ਼ਨ ਨਹੀਂ ਮਿਲਿਆ ਹੈ। ਅਜਿਹਾ ਮੰਨਿਆ ਜਾ ਰਿਹਾ ਹੈ ਕਿ ਕੋਰੋਨਾ ਦੀ ਦਵਾਈ ਆਉਣ ਤੋਂ ਬਾਅਦ ਸਥਿਤੀਆਂ 'ਚ ਸੁਧਾਰ ਹੋਵੇਗਾ ਅਤੇ ਸੋਨੇ ਦੀਆਂ ਕੀਮਤਾਂ ਹੇਠਾਂ ਵੱਲ ਜਾਣਗੀਆਂ।
ਮਲਟੀ ਕਮੋਡਿਟੀ ਐਕਸਚੇਂਜ ਯਾਨੀ ਕਿ ਐੱਮ. ਸੀ. ਐਕਸ 'ਤੇ ਦਸੰਬਰ ਦੇ ਗੋਲਡ ਫਿਊਚਰਸ ਦਾ ਭਾਅ ਪ੍ਰਤੀ 10 ਗ੍ਰਾਮ 1000 ਰੁਪਏ ਡਿਗ ਕੇ 51,165 ਰੁਪਏ 'ਤੇ ਪਹੁੰਚ ਗਿਆ। ਸੋਮਵਾਰ ਸੈਸ਼ਨ ਦੌਰਾਨ ਐੱਮ. ਸੀ. ਐਕਸ. 'ਤੇ ਸੋਨਾ 52520 ਤੋਂ 50677 ਰੁਪਏ 'ਤੇ ਕਾਰੋਬਾਰ ਕਰ ਰਿਹਾ ਹੈ। ਉਥੇ ਹੀ ਕੌਮਾਂਤਰੀ ਬਾਜ਼ਾਰਾਂ 'ਚ ਸੋਨਾ 2 ਫ਼ੀਸਦੀ ਡਿੱਗ ਕੇ 1,909.99 ਡਾਲਰ ਪ੍ਰਤੀ ਓਂਸ 'ਤੇ ਆ ਗਿਆ। ਨਿਊਯਾਰਕ 'ਚ ਸੋਨਾ 0.43 ਫੀਸਦੀ ਦੀ ਬੜ੍ਹਤ ਦੇ ਨਾਲ 1,960 ਡਾਲਰ ਪ੍ਰਤੀ ਓਂਸ 'ਤੇ ਕਾਰੋਬਾਰ ਕਰ ਰਿਹਾ ਸੀ। ਉਥੇ ਹੀ ਚਾਂਦੀ 0.75 ਫੀਸਦੀ ਦੀ ਬੜ੍ਹਤ ਦੇ ਨਾਲ 25.86 ਡਾਲਰ ਪ੍ਰਤੀ ਓਂਸ 'ਤੇ ਕਾਰੋਬਾਰ ਕਰ ਰਹੀ ਸੀ।
ਸੋਨੇ ਦਾ ਕੋਰੋਨਾ ਵੈਕਸੀਨ ਨਾਲ ਸਬੰਧ
ਕੋਰੋਨਾ ਵਾਇਰਸ ਮਹਾਮਾਰੀ ਫੈਲਣ ਦਾ ਸਭ ਤੋਂ ਬੁਰਾ ਅਸਰ ਸ਼ੇਅਰ ਬਾਜ਼ਾਰ 'ਤੇ ਹੀ ਦੇਖਿਆ ਗਿਆ ਸੀ। ਕਈ ਦਿਨਾਂ ਤੱਕ ਸ਼ੇਅਰ ਬਾਜ਼ਾਰ 'ਚ ਭਾਰੀ ਗਿਰਾਵਟ ਆਉਂਦੀ ਰਹੀ। ਨਿਵੇਸ਼ਕ ਸ਼ੇਅਰ ਬਾਜ਼ਾਰ 'ਚ ਪੈਸਾ ਲਗਾਉਣ ਤੋਂ ਡਰਨ ਲੱਗੇ। ਅਜਿਹੇ 'ਚ ਸੋਨਾ ਇਕ ਸੁਰੱਖਿਅਤ ਨਿਵੇਸ਼ ਦਾ ਬਦਲ ਨਜ਼ਰ ਆਇਆ, ਜਿਸ 'ਚ ਲੋਕਾਂ ਨੇ ਨਿਵੇਸ਼ ਕਰਨਾ ਸ਼ੁਰੂ ਕਰ ਦਿੱਤਾ। ਇਹੀ ਕਾਰਣ ਰਿਹਾ ਕਿ ਸੋਨਾ ਲਗਾਤਾਰ ਵਧਦਾ ਹੀ ਚਲਾ ਗਿਆ ਪਰ ਜਿਵੇਂ ਹੀ ਕੋਰੋਨਾ ਵਾਇਰਸ ਦੀ ਵੈਕਸੀਨ ਆਉਣ ਦਾ ਐਲਾਨ ਹੋਇਆ ਤਾਂ ਬਹੁਤ ਸਾਰੇ ਨਿਵੇਸ਼ਕਾਂ ਨੂੰ ਸੋਨੇ ਤੋਂ ਵੱਧ ਰਿਟਰਨ ਵਾਲੇ ਬਾਕੀ ਬਦਲਾਂ 'ਚ ਵੀ ਪੈਸਾ ਲਗਾ ਕੇ ਫ਼ਾਇਦਾ ਕਮਾਉਣ ਦਾ ਰਸਤਾ ਦਿਖਾਈ ਦੇਣ ਲੱਗਾ। ਅਚਾਨਕ ਸੋਨੇ 'ਚ ਆਈ ਗਿਰਾਵਟ ਦਾ ਇਹ ਇਕ ਵੱਡਾ ਕਾਰਣ ਰਿਹਾ।