ਗੋਆ ’ਚ 2025 ’ਚ 1.08 ਕਰੋੜ ਸੈਲਾਨੀ ਪਹੁੰਚੇ, ਵਿਦੇਸ਼ੀ ਸੈਲਾਨੀ 5 ਲੱਖ ਤੋਂ ਪਾਰ
Monday, Jan 12, 2026 - 05:22 AM (IST)
ਪਣਜੀ - ਗੋਆ ’ਚ ਸਾਲ 2025 ’ਚ ਲੱਗਭਗ 1.08 ਕਰੋੜ ਸੈਲਾਨੀ ਪਹੁੰਚੇ, ਜਿਨ੍ਹਾਂ ’ਚ 5,17,802 ਵਿਦੇਸ਼ੀ ਸੈਲਾਨੀ ਸ਼ਾਮਲ ਸਨ। ਸੂਬੇ ਦੇ ਸੈਰ-ਸਪਾਟਾ ਮੰਤਰੀ ਰੋਹਨ ਖੌਂਟੇ ਨੇ ਕਿਹਾ ਕਿ ਸਰਕਾਰ ਗੁਣਵੱਤਾਪੂਰਨ ਸੈਰ-ਸਪਾਟਾ, ਬਾਜ਼ਾਰਾਂ ’ਚ ਵੰਨ-ਸੁਵੰਨਤਾ ਅਤੇ ਤਟੀ ਰਾਜ ਦੇ ਪੁਨਰ-ਸੁਰਜੀਤੀ ਸੈਰ-ਸਪਾਟਾ ਨੂੰ ਉਤਸ਼ਾਹਿਤ ਕਰਨ ’ਤੇ ਵਿਸ਼ੇਸ਼ ਧਿਆਨ ਦੇ ਰਹੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸੈਰ-ਸਪਾਟੇ ਦਾ ਲਾਭ ਸਥਾਨਕ ਭਾਈਚਾਰਿਆਂ, ਵਾਤਾਵਰਣ ਅਤੇ ਸੂਬੇ ਦੀ ਅਰਥਵਿਵਸਥਾ ਨੂੰ ਲੰਬੀ ਮਿਆਦ ਲਈ ਮਿਲਣਾ ਚਾਹੀਦਾ ਹੈ।
ਸੂਬਾ ਸੈਰ-ਸਪਾਟਾ ਵਿਭਾਗ ਦੇ ਅੰਕੜਿਆਂ ਅਨੁਸਾਰ 2025 ’ਚ ਗੋਆ ’ਚ 1,02,84,608 ਘਰੇਲੂ ਸੈਲਾਨੀ ਪਹੁੰਚੇ। ਮੰਤਰੀ ਨੇ ਇਹ ਵੀ ਦੱਸਿਆ ਕਿ ਵਿਦੇਸ਼ੀ ਸੈਲਾਨੀਆਂ ਦੀ ਗਿਣਤੀ ਵਧਾਉਣ ’ਚ ਚਾਰਟਰ ਉਡਾਣਾਂ ਦੀ ਅਹਿਮ ਭੂਮਿਕਾ ਰਹੀ। 2024 ’ਚ ਗੋਆ ’ਚ 266 ਚਾਰਟਰ ਉਡਾਣਾਂ ਆਈਆਂ, ਜਿਨ੍ਹਾਂ ’ਚ 58,680 ਵਿਦੇਸ਼ੀ ਸੈਲਾਨੀ ਆਏ।
ਗੋਆ ਦੇ ਖੂਬਸੂਰਤ ਸਮੁੰਦਰੀ ਤਟ, ਇਤਿਹਾਸਕ ਸਥਾਨ ਅਤੇ ਅਮੀਰ ਸੱਭਿਆਚਾਰਕ ਆਕਰਸ਼ਣ ਸੈਲਾਨੀਆਂ ਨੂੰ ਲਗਾਤਾਰ ਆਕਰਸ਼ਿਤ ਕਰ ਰਹੇ ਹਨ। ਅੰਕੜੇ ਦੱਸਦੇ ਹਨ ਕਿ 2017 ’ਚ ਸੂਬੇ ’ਚ 68.9 ਲੱਖ ਘਰੇਲੂ ਅਤੇ 8.9 ਲੱਖ ਵਿਦੇਸ਼ੀ ਸੈਲਾਨੀ ਆਏ ਸਨ, ਜਦੋਂਕਿ 2025 ’ਚ ਕੁੱਲ ਸੈਲਾਨੀਆਂ ਦੀ ਗਿਣਤੀ 1.08 ਕਰੋੜ ਤੱਕ ਪਹੁੰਚ ਗਈ। ਮੰਤਰੀ ਖੌਂਟੇ ਨੇ ਕਿਹਾ ਕਿ ਸਰਕਾਰ ਸੈਰ-ਸਪਾਟੇ ’ਚ ਨਿਵੇਸ਼, ਬੁਨਿਆਦੀ ਢਾਂਚੇ ’ਚ ਸੁਧਾਰ ਅਤੇ ਸਥਾਨਕ ਕਾਰੋਬਾਰਾਂ ਨੂੰ ਸ਼ਾਮਲ ਕਰਨ ਲਈ ਲਗਾਤਾਰ ਕੰਮ ਕਰ ਰਹੀ ਹੈ।
