ਗਲੈਨਮਾਰਕ ਨੂੰ ਕੋਵਿਡ-19 ਮਰੀਜ਼ਾਂ 'ਤੇ ਦਵਾਈ ਦੇ ਟ੍ਰਾਇਲ ਦੀ ਮਿਲੀ ਮਨਜ਼ੂਰੀ

04/30/2020 11:51:50 AM

ਨਵੀਂ ਦਿੱਲੀ- ਗਲੈਨਮਾਰਕ ਫਾਰਮਾਸਿਊਟੀਕਲ ਨੂੰ ਡਰੱਗ ਕੰਟਰੋਲਰ ਜਨਰਲ ਆਫ ਇੰਡੀਆ (ਡੀ. ਸੀ. ਜੀ. ਆਈ.) ਤੋਂ ਕੋਵਿਡ-19 ਦੇ ਮਰੀਜ਼ਾਂ ਲਈ ਫੇਵੀਪੀਰਾਵੀਰ ਐਂਟੀ-ਵਾਇਰਲ ਗੋਲੀਆਂ ਦੇ ਕਲੀਨਿਕਲ ਟ੍ਰਾਇਲ ਦੀ ਮਨਜ਼ੂਰੀ ਮਿਲ ਗਈ ਹੈ। ਕੰਪਨੀ ਨੇ ਵੀਰਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ।

ਕੰਪਨੀ ਨੇ ਇਕ ਪ੍ਰੈੱਸ ਰਿਲੀਜ਼ 'ਚ ਕਿਹਾ ਕਿ ਗਲੈਨਮਾਰਕ ਭਾਰਤ 'ਚ ਪਹਿਲੀ ਫਾਰਮਾਸਿਊਟੀਕਲ ਕੰਪਨੀ ਹੈ ਜਿਸ ਨੂੰ ਰੈਗੂਲੇਟਰ ਵੱਲੋਂ ਭਾਰਤ 'ਚ COVID-19 ਮਰੀਜ਼ਾਂ 'ਤੇ ਟ੍ਰਾਇਲ ਸ਼ੁਰੂ ਕਰਨ ਦੀ ਮਨਜ਼ੂਰੀ ਦਿੱਤੀ ਗਈ ਹੈ। ਫੇਵੀਪੀਰਾਵੀਰ ਜਾਪਾਨੀ ਫਲੂ ਰੋਕੂ ਦਵਾਈ ਐਵੀਗਨ ਦਾ ਜੈਨੇਰਿਕ ਸੰਸਕਰਣ ਹੈ।

ਗਲੈਨਮਾਰਕ ਫਾਰਮਾਸਿਊਟੀਕਲਜ਼ ਦੇ ਕਾਰਜਕਾਰੀ ਉਪ ਪ੍ਰਧਾਨ (ਗਲੋਬਲ ਆਰ. ਐਂਡ ਡੀ.) ਸੁਸ਼ਰਤ ਕੁਲਕਰਨੀ ਨੇ ਕਿਹਾ ਕਿ ਕੰਪਨੀ ਭਾਰਤ 'ਚ ਕੋਵਿਡ-19 ਦੇ ਮਰੀਜ਼ਾਂ 'ਤੇ ਫੇਵੀਪੀਰਾਵੀਰ ਦਾ ਤੁਰੰਤ ਕਲੀਨੀਕਲ ਟ੍ਰਾਇਲ ਸ਼ੁਰੂ ਕਰਨ ਲਈ ਤਿਆਰ ਹੈ। ਉਨ੍ਹਾਂ ਕਿਹਾ ਕਿ ਕਲੀਨੀਕਲ ਟ੍ਰਾਇਲ ਨਾਲ ਸਾਨੂੰ ਕੋਰੋਨਾ ਵਾਇਰਸ ਮਰੀਜ਼ਾਂ 'ਤੇ ਇਸ ਦੀ ਕਾਰਜਸ਼ੀਲਤਾ ਬਾਰੇ ਪਤਾ ਲੱਗੇਗਾ। ਜੇਕਰ ਕਲੀਨੀਕਲ ਟ੍ਰਾਇਲ ਸਫਲ ਹੋ ਜਾਂਦਾ ਹੈ ਤਾਂ ਫੇਵੀਪੀਰਾਵੀਰ ਕੋਵਿਡ-19 ਦੇ ਮਰੀਜ਼ਾਂ ਲਈ ਇਕ ਸੰਭਾਵਤ ਇਲਾਜ ਬਣ ਸਕਦਾ ਹੈ।

28 ਦਿਨ ਦਾ ਹੋਵੇਗਾ ਟ੍ਰਾਇਲ
ਨਿਯਮਾਂ ਮੁਤਾਬਕ, ਕੰਪਨੀ ਕੋਰੋਨਾ ਵਾਇਰਸ ਨਾਲ ਸੰਕ੍ਰਮਿਤ 150 ਮਰੀਜ਼ਾਂ 'ਤੇ ਇਸ ਦਾ ਟ੍ਰਾਇਲ ਕਰੇਗੀ। ਮਰੀਜ਼ ਉੱਤੇ ਟ੍ਰਾਇਲ ਦੀ ਮਿਆਦ 14 ਦਿਨ ਤੋਂ ਜ਼ਿਆਦਾ ਨਹੀਂ ਹੋਵੇਗੀ। ਕਲੀਨੀਕਲ ਟ੍ਰਾਇਲ ਦੀ ਪੂਰੀ ਪ੍ਰਕਿਰਿਆ 28 ਦਿਨ ਤੋਂ ਜ਼ਿਆਦਾ ਨਹੀਂ ਹੋਵੇਗੀ। ਪਿਛਲੇ ਕੁਝ ਮਹੀਨਿਆਂ ਵਿਚ ਚੀਨ, ਜਾਪਾਨ ਤੇ ਅਮਰੀਕਾ 'ਚ ਕੋਰੋਨਾ ਵਾਇਰਸ ਮਰੀਜ਼ਾਂ 'ਤੇ ਇਸ ਤਰ੍ਹਾਂ ਦੇ ਕਲੀਨੀਕਲ ਟ੍ਰਾਇਲ ਕੀਤੇ ਗਏ ਹਨ ਜੇਕਰ ਗਲੈਨਮਾਰਕ ਫਾਰਮਾ ਦਾ ਇਹ ਟ੍ਰਾਇਲ ਸਫਲ ਹੁੰਦਾ ਹੈ ਤਾਂ ਨਿਸ਼ਚਿਤ ਤੌਰ 'ਤੇ ਇਕ ਮਹੀਨੇ ਬਾਅਦ ਮਤਲਬ ਜੂਨ 'ਚ ਇਸ ਦਵਾਈ ਦਾ ਨਿਰਮਾਣ ਸ਼ੁਰੂ ਹੋ ਜਾਵੇਗਾ, ਨਾਲ ਹੀ ਵੇਚਣ ਲਈ ਐਮਰਜੈਂਸੀ ਮਨਜ਼ੂਰੀ ਲਈ ਜਾ ਸਕਦੀ ਹੈ। 
 


Sanjeev

Content Editor

Related News