ਉਮੀਦ ਨਾਲੋਂ ਬਿਹਤਰ ਰਹੀ GDP ਦੀ ਰਫਤਾਰ, ਸਰਕਾਰ ਦਾ ਘਾਟਾ ਘਟਿਆ
Thursday, Jun 01, 2023 - 02:31 PM (IST)
ਨਵੀਂ ਦਿੱਲੀ (ਏਜੰਸੀਆਂ) – ਸਰਕਾਰ ਨੇ ਚੌਥੀ ਤਿਮਾਹੀ ਲਈ ਕੁੱਲ ਘਰੇਲੂ ਉਤਪਾਦ (ਜੀ. ਡੀ. ਪੀ.) ਦੇ ਅੰਕੜੇ ਜਾਰੀ ਕਰ ਦਿੱਤੇ ਹਨ। ਸਰਕਾਰੀ ਅੰਕੜਿਆਂ ਮੁਤਾਬਕ ਚੌਥੀ ਤਿਮਾਹੀ ’ਚ ਦੇਸ਼ ਦੀ ਜੀ. ਡੀ. ਪੀ. 6.1 ਫੀਸਦੀ ਰਹੀ ਹੈ। ਇਸ ਤੋਂ ਪਹਿਲਾਂ ਦੇਸ਼ ਦੀ ਜੀ. ਡੀ. ਪੀ. 4.4 ਫੀਸਦੀ ਸੀ। ਜਨਵਰੀ-ਮਾਰਚ ਤਿਮਾਹੀ ਦਾ ਇਹ ਜੀ. ਡੀ. ਪੀ. ਗ੍ਰੋਥ ਰੇਟ ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਦੇ ਅਨੁਮਾਨ ਤੋਂ ਬਿਹਤਰ ਹੈ। ਆਰ. ਬੀ. ਆਈ. ਨੇ ਜੀ. ਡੀ. ਪੀ. ਗ੍ਰੋਥ ਰੇਟ 5.1 ਫੀਸਦੀ ਰਹਿਣ ਦੀ ਉਮੀਦ ਪ੍ਰਗਟਾਈ ਸੀ।
ਸਰਕਾਰੀ ਅੰਕੜਿਆਂ ਮੁਤਾਬਕ ਪੂਰੇ ਵਿੱਤੀ ਸਾਲ 2022-23 ਵਿਚ ਦੇਸ਼ ਦੀ ਆਰਥਿਕ ਵਿਕਾਸ ਦਰ (ਜੀ. ਡੀ. ਪੀ. ਗ੍ਰੋਥ ਰੇਟ) 7.2 ਫੀਸਦੀ ਰਹੀ ਹੈ। ਸਟੈਟਿਕਸ ਅਤੇ ਪ੍ਰੋਗਰਾਮ ਇੰਪਲੀਮੈਂਟੇਸ਼ਨ ਮੰਤਰਾਲਾ ਨੇ ਜੀ. ਡੀ. ਪੀ. ਦੇ ਅੰਕੜੇ ਜਾਰੀ ਕੀਤੇ ਹਨ। ਵਿੱਤੀ ਸਾਲ 2021-22 ਵਿਚ ਦੇਸ਼ ਦੀ ਆਰਥਿਕ ਵਿਕਾਸ ਦਰ 9.1 ਫੀਸਦੀ ਸੀ। ਇਸੇ ਦੇ ਨਾਲ ਸਰਕਾਰ ਨੇ ਵਿੱਤੀ ਘਾਟੇ ਦੇ ਅੰਕੜੇ ਵੀ ਜਾਰੀ ਕੀਤੇ ਹਨ। ਸਰਕਾਰ ਦਾ ਵਿੱਤੀ ਘਾਟਾ ਘੱਟ ਹੋਇਆ ਹੈ। ਇਹ ਵੀ ਅਨੁਮਾਨ ਤੋਂ ਬਿਹਤਰ ਰਿਹਾ ਹੈ।
ਇਹ ਵੀ ਪੜ੍ਹੋ : ਅੱਜ ਤੋਂ ਬਦਲ ਜਾਣਗੇ ਇਹ ਅਹਿਮ ਨਿਯਮ, ਜਾਣਕਾਰੀ ਨਾ ਹੋਣ ਕਾਰਨ ਹੋ ਸਕਦਾ ਹੈ ਭਾਰੀ ਨੁਕਸਾਨ
ਜੇ ਵਿੱਤੀ ਸਾਲ 2022-23 ’ਚ ਆਰਥਿਕ ਵਿਕਾਸ ਦੇ ਅੰਕੜਿਆਂ ਨੂੰ ਤਿਮਾਹੀ ਆਧਾਰ ’ਤੇ ਦੇਖੀਏ ਤਾਂ ਅਪ੍ਰੈਲ-ਜੂਨ ਤਿਮਾਹੀ ’ਚ ਭਾਰਤ ਦੀ ਅਰਥਵਿਵਸਥਾ ਨੇ 13.1 ਫੀਸਦੀ ਦੀ ਦਰ ਨਾਲ ਗ੍ਰੋਥ ਦਰਜ ਕੀਤੀ, ਜਦ ਕਿ ਜੁਲਾਈ-ਸਤੰਬਰ ਵਿਚ ਗ੍ਰੋਥ ਰੇਟ 6.2 ਫੀਸਦੀ ਅਤੇ ਅਕਤੂਬਰ-ਦਸੰਬਰ ਵਿਚ 4.5 ਫੀਸਦੀ ਰਿਹਾ।
ਸਰਕਾਰ ਨੇ ਬੀਤੀਆਂ ਤਿੰਨ ਤਿਮਾਹੀਆਂ ਦੇ ਸੋਧੇ ਹੋਏ ਅੰਕੜੇ ਵੀ ਜਾਰੀ ਕੀਤੇ ਹਨ। ਅਪ੍ਰੈਲ-ਜੂਨ ਤਿਮਾਹੀ ’ਚ ਸੋਧੀ ਹੋਈ ਜੀ. ਡੀ. ਪੀ. ਵਿਕਾਸ ਦਰ 13.2 ਫੀਸਦੀ, ਜੁਲਾਈ-ਸਤੰਬਰ ਤਿਮਾਹੀ ’ਚ 6.2 ਫੀਸਦੀ ਅਤੇ ਅਕਤੂਬਰ-ਦਸੰਬਰ ਤਿਮਾਹੀ ’ਚ 4.5 ਫੀਸਦੀ ਰਹੀ ਹੈ।
ਵਿੱਤੀ ਘਾਟਾ ਜੀ. ਡੀ. ਪੀ. ਦੇ 6.4 ਫੀਸਦੀ ’ਤੇ
ਇਸ ਤੋਂ ਪਹਿਲਾਂ ਸਰਕਾਰ ਨੇ ਵਿੱਤੀ ਸਾਲ 2022-23 ਦੇ ਵਿੱਤੀ ਘਾਟੇ ਦੇ ਅੰਕੜੇ ਵੀ ਜਾਰੀ ਕੀਤੇ। ਅਪ੍ਰੈਲ 2022 ਤੋਂ ਮਾਰਚ 2023 ਦਰਮਿਆਨ ਸਰਕਾਰ ਦਾ ਵਿੱਤੀ ਘਾਟਾ ਘੱਟ ਹੋਇਆ ਹੈ ਅਤੇ ਇਹ ਜੀ. ਡੀ. ਪੀ. ਦੇ 6.4 ਫੀਸਦੀ ’ਤੇ ਆ ਗਿਆ ਹੈ ਜਦ ਕਿ ਸਰਕਾਰ ਦਾ ਅਨੁਮਾਨ ਹੈ ਕਿ ਇਹ ਜੀ. ਡੀ. ਪੀ. ਦੇ 6.7 ਫੀਸਦੀ ਦੇ ਬਰਾਬਰ ਰਹੇਗਾ।
ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਚਾਲੂ ਵਿੱਤੀ ਸਾਲ ਦੇ ਆਮ ਬਜਟ ’ਚ ਵੀ ਵਿੱਤੀ ਘਾਟੇ ਨੂੰ ਜੀ. ਡੀ. ਪੀ. ਦੇ 6.4 ਫੀਸਦੀ ’ਤੇ ਲਿਆਉਣ ਦਾ ਟੀਚਾ ਤੈਅ ਕੀਤਾ ਸੀ। ਹੁਣ ਇਸ ਨੂੰ ਸੋਧ ਕੇ ਜੀ. ਡੀ. ਪੀ. ਦੇ 5.9 ਫੀਸਦੀ ਦੇ ਪੱਧਰ ’ਤੇ ਲਿਆਉਮ ਦਾ ਟੀਚਾ ਰੱਖਿਆ ਗਿਆ ਹੈ। ਉੱਥੇ ਹੀ ਸਰਕਾਰ ਦੀ ਕੋਸ਼ਿਸ਼ 2025-26 ਤੱਕ ਇਸ ਨੂੰ ਜੀ. ਡੀ. ਪੀ. ਦੇ 4.5 ਫੀਸਦੀ ਦੇ ਬਰਾਬਰ ਲਿਆਉਣ ਦੀ ਕੋਸ਼ਿਸ਼ ਹੈ।
ਇਹ ਵੀ ਪੜ੍ਹੋ : Dubai 'ਚ ਮੋਟਾ ਨਿਵੇਸ਼ ਕਰ ਰਹੇ ਭਾਰਤੀ ਨਿਵੇਸ਼ਕ, ਲਗਾਤਾਰ ਦੂਜੇ ਸਾਲ ਹਾਸਲ ਕੀਤਾ ਇਹ ਮੁਕਾਮ
ਬੇਰੋਜ਼ਗਾਰੀ ਦਰ ਹੋਈ ਘੱਟ
ਹਾਲ ਹੀ ’ਚ ਐੱਨ. ਐੱਸ. ਓ. ਨੇ ਸ਼ਹਿਰੀ ਖੇਤਰਾਂ ’ਚ ਬੇਰੋਜ਼ਗਾਰੀ ਦੇ ਅੰਕੜੇ ਵੀ ਜਾਰੀ ਕੀਤੇ ਹਨ। ਸ਼ਹਿਰਾਂ ’ਚ ਬੇਰੋਜ਼ਗਾਰੀ ਦਰ ਘਟ ਕੇ ਜਨਵਰੀ-ਮਾਰਚ 2023 ਵਿਚ 6.8 ਫੀਸਦੀ ’ਤੇ ਆ ਗਈ ਹੈ ਜਦ ਿਕ ਪਿਛਲੇ ਸਾਲ ਦੀ ਇਸੇ ਮਿਆਦ ’ਚ ਇਹ 8.2 ਫੀਸਦੀ ਸੀ।
ਅੱਠ ਬੁਨਿਆਦੀ ਉਦਯੋਗਾਂ ਦੀ ਵਾਧਾ ਦਰ ਅਪ੍ਰੈਲ ’ਚ ਸੁਸਤ ਪੈ ਕੇ 3.5 ਫੀਸਦੀ ’ਤੇ
ਅੱਠ ਬੁਨਿਆਦੀ ਉਦਯੋਗਾਂ ਦੀ ਵਾਧੇ ਦੀ ਰਫਤਾਰ ਅਪ੍ਰੈਲ, 2023 ’ਚ ਸੁਸਤ ਪੈ ਕੇ 3.5 ਫੀਸਦੀ ਰਹਿ ਗਈ ਹੈ। ਇਹ ਇਸ ਦਾ ਛੇ ਮਹੀਨਿਆਂ ਦਾ ਹੇਠਲਾ ਪੱਧਰ ਹੈ। ਮੁੱਖ ਤੌਰ ’ਤੇ ਕੱਚੇ ਤੇਲ, ਕੁਦਰਤੀ ਗੈਸ, ਰਿਫਾਇਨਰੀ ਉਤਪਾਦਾਂ ਅਤੇ ਬਿਜਲੀ ਦਾ ਉਤਪਾਦਨ ਘਟਣ ਨਾਲ ਬੁਨਿਆਦੀ ਉਦਯੋਗਾਂ ਦਾ ਵਿਕਾਸ ਸੁਸਤ ਪਿਆ ਹੈ। ਪਿਛਲੇ ਸਾਲ ਅਪ੍ਰੈਲ ’ਚ ਬੁਨਿਆਦੀ ਉਦਯੋਗਾਂ ਦਾ ਉਤਪਾਦਨ 9.5 ਫੀਸਦੀ ਵਧਿਆ ਸੀ। ਮਾਰਚ 2023 ’ਚ ਬੁਨਿਆਦੀ ਉਦਯੋਗਾਂ ਦੀ ਵਿਕਾਸ ਦਰ 3.6 ਫੀਸਦੀ ਰਹੀ ਸੀ। ਇਹ ਬੁਨਿਆਦੀ ਉਦਯੋਗਾਂ ਦੇ ਵਿਕਾਸ ਦੀ ਅਕਤੂਬਰ, 2022 ਤੋਂ ਬਾਅਦ ਸਭ ਤੋਂ ਸੁਸਤ ਰਫਤਾਰ ਹੈ। ਉਸ ਸਮੇਂ ਬੁਨਿਆਦੀ ਉਦਯੋਗਾਂ ਦਾ ਉਤਪਾਦਨ 0.7 ਫੀਸਦੀ ਵਧਿਆ ਸੀ। ਬੁੱਧਵਾਰ ਨੂੰ ਜਾਰੀ ਅਧਿਕਾਰਕ ਅੰਕੜਿਆਂ ਮੁਤਾਬਕ ਅਪ੍ਰੈਲ ’ਚ ਕੋਲੇ ਦਾ ਉਤਪਾਦਨ 9 ਫੀਸਦੀ ਘਟਿਆ ਹੈ। ਹਾਲਾਂਕਿ ਸਮੀਖਿਆ ਅਧੀਨ ਮਹੀਨੇ ’ਚ ਖਾਦ ਉਤਪਾਦਨ ’ਚ 23.5 ਫੀਸਦੀ ਦਾ ਵਾਧਾ ਹੋਇਆ ਹੈ। ਇਸ ਤਰ੍ਹਾਂ ਇਸਪਾਤ ਉਤਪਾਦਨ 12.1 ਫੀਸਦੀ ਅਤੇ ਸੀਮੈਂਟ ਉਤਪਾਦਨ 11.6 ਫੀਸਦੀ ਵਧਿਆ ਹੈ।
ਇਹ ਵੀ ਪੜ੍ਹੋ : ਆਮ ਲੋਕਾਂ ਦੇ ਵਿਰੋਧ ਕਾਰਨ ਝੁਕੇ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ Bernard Arnault, ਜਾਣੋ ਵਜ੍ਹਾ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।