GDP ਸਮੀਖਿਆ: ਸਰਵਿਸ ਸੈਕਟਰ ਅਤੇ ਨਿੱਜੀ ਨਿਵੇਸ਼ ਨਾਲ ਅਰਥਵਿਵਸਥਾ ਨੂੰ ਮਿਲੀ ਮਜ਼ਬੂਤੀ
Monday, May 29, 2023 - 01:11 PM (IST)
ਨਵੀਂ ਦਿੱਲੀ - ਵਿੱਤੀ ਸਾਲ 2023 ਦੀ ਚੌਥੀ ਤਿਮਾਹੀ (ਜਨਵਰੀ-ਮਾਰਚ) ਵਿੱਚ ਦੇਸ਼ ਦੀ ਆਰਥਿਕਤਾ ਦੀ ਵਿਕਾਸ ਦਰ ਵਿੱਚ ਤਿਮਾਹੀ ਅਤੇ ਸਾਲਾਨਾ ਆਧਾਰ 'ਤੇ ਚੰਗੇ ਵਾਧੇ ਦੀ ਉਮੀਦ ਜਤਾਈ ਜਾ ਰਹੀ ਹੈ। ਵਿਸ਼ਲੇਸ਼ਕਾਂ ਅਨੁਸਾਰ ਇਹ ਮੁੱਖ ਤੌਰ 'ਤੇ ਨਿਰਮਾਣ ਅਤੇ ਸੇਵਾ ਖੇਤਰ ਦੀ ਕਾਰਗੁਜ਼ਾਰੀ ਦੇ ਸੁਧਾਰ ਕਾਰਨ ਹੋ ਸਕਦਾ ਹੈ, ਜੋ ਖਪਤ ਦੇ ਬਿਹਤਰ ਰੁਝਾਨ ਅਤੇ ਨਿੱਜੀ ਨਿਵੇਸ਼ ਦੇ ਵਾਧੇ ਦਰਸਾਉਂਦਾ ਹੈ।
ਸੂਤਰਾਂ ਅਨੁਸਾਰ ਵਿੱਤੀ ਸਾਲ 2023 ਦੀ ਤੀਜੀ ਤਿਮਾਹੀ ਵਿੱਚ ਕੁੱਲ ਘਰੇਲੂ ਉਤਪਾਦ (ਜੀ.ਡੀ.ਪੀ.) ਦੀ ਵਿਕਾਸ ਦਰ 4.4 ਫ਼ੀਸਦੀ ਰਹੀ ਸੀ, ਜਦੋਂਕਿ ਵਿੱਤੀ ਸਾਲ 2022 ਦੀ ਚੌਥੀ ਤਿਮਾਹੀ ਵਿੱਚ ਵਿਕਾਸ ਦਰ 4 ਫ਼ੀਸਦੀ ਸੀ। ਵਿੱਤੀ ਸਾਲ 2023 ਦੀ ਚੌਥੀ ਤਿਮਾਹੀ ਅਤੇ ਪੂਰੇ ਵਿੱਤੀ ਸਾਲ ਲਈ ਜੀਡੀਪੀ ਦੇ ਅੰਕੜੇ ਰਾਸ਼ਟਰੀ ਅੰਕੜਾ ਦਫ਼ਤਰ (NSO) ਰਾਹੀਂ ਜਾਰੀ ਕੀਤੇ ਜਾਣਗੇ। ਦੂਜੇ ਪਾਸੇ SBI ਨੇ ਮੁੱਖ ਸੈਕਟਰਾਂ ਦੇ 30 ਉੱਚ-ਵਾਰਵਾਰਤਾ ਸੂਚਕਾਂ ਦੇ ਆਧਾਰ 'ਤੇ Q4 FY2023 ਵਿੱਚ GDP ਵਿਕਾਸ ਦਰ 5.5 ਫ਼ੀਸਦੀ ਰਹਿਣ ਦਾ ਅਨੁਮਾਨ ਲਗਾਇਆ ਹੈ। ਇਸ ਹਿਸਾਬ ਨਾਲ ਪੂਰੇ ਵਿੱਤੀ ਸਾਲ ਲਈ ਜੀਡੀਪੀ ਵਿਕਾਸ ਦਰ 7.1 ਫ਼ੀਸਦੀ ਹੋ ਸਕਦੀ ਹੈ।
ਦੱਸ ਦੇਈਏ ਕਿ ਰਾਇਟਰਜ਼ ਨੇ 56 ਅਰਥਸ਼ਾਸਤਰੀਆਂ ਦੇ ਵਿਚਕਾਰ ਜੀਡੀਪੀ ਵਿਕਾਸ ਦਰ 'ਤੇ ਇੱਕ ਸਰਵੇਖਣ ਕਰਵਾ ਕੇ ਕਿਹਾ ਕਿ ਵਿੱਤੀ ਸਾਲ 2023 ਦੀ ਚੌਥੀ ਤਿਮਾਹੀ ਵਿੱਚ ਜੀਡੀਪੀ ਵਿਕਾਸ ਦਰ 5 ਫ਼ੀਸਦੀ ਹੋ ਸਕਦੀ ਹੈ। ਇਸ ਤੋਂ ਪਹਿਲਾਂ ਅਪ੍ਰੈਲ ਵਿੱਚ, 45 ਅਰਥਸ਼ਾਸਤਰੀਆਂ ਦੇ ਇੱਕ ਸਰਵੇਖਣ ਨੇ ਵਿੱਤੀ ਸਾਲ 23 ਵਿੱਚ 6.9 ਫ਼ੀਸਦੀ ਜੀਡੀਪੀ ਵਿਕਾਸ ਦਰ ਦਾ ਅਨੁਮਾਨ ਲਗਾਇਆ ਸੀ। ਹਾਲਾਂਕਿ, ਜ਼ਿਆਦਾਤਰ ਵਿਸ਼ਲੇਸ਼ਕ ਹੁਣ ਮੰਨਦੇ ਹਨ ਕਿ ਵਿੱਤੀ ਸਾਲ 2023 ਵਿੱਚ ਦੇਸ਼ ਦੀ ਜੀਡੀਪੀ ਵਾਧਾ ਘੱਟੋ-ਘੱਟ 7 ਫ਼ੀਸਦੀ ਜਾਂ ਥੋੜ੍ਹਾ ਵੱਧ ਹੋ ਸਕਦਾ ਹੈ। ਮਨੀਕੰਟਰੋਲ ਨੇ 15 ਅਰਥਸ਼ਾਸਤਰੀਆਂ ਵਿਚਾਲੇ ਇਕ ਸਰਵੇਖਣ ਕਰਵਾਇਆ ਸੀ, ਜਿਸ 'ਚ ਪਿਛਲੇ ਵਿੱਤੀ ਸਾਲ ਦੀ ਚੌਥੀ ਤਿਮਾਹੀ 'ਚ ਜੀਡੀਪੀ ਵਿਕਾਸ ਦਰ 5.1 ਫ਼ੀਸਦੀ ਰਹਿਣ ਦਾ ਅਨੁਮਾਨ ਲਗਾਇਆ ਗਿਆ ਸੀ।