ਅਮੀਰਾਂ ਦੀ ਲਿਸਟ 'ਚ 25ਵੇਂ ਨੰਬਰ ’ਤੇ ਪਹੁੰਚੇ ਗੌਤਮ ਅਡਾਨੀ
Sunday, Feb 19, 2023 - 02:24 PM (IST)

ਨਵੀਂ ਦਿੱਲੀ- ਅਡਾਨੀ ਗਰੁੱਪ ਦੇ ਚੇਅਰਮੈਨ ਗੌਤਮ ਅਡਾਨੀ ਦੀ ਨੈੱਟਵਰਥ ’ਚ ਗਿਰਾਵਟ ਦਾ ਸਿਲਸਿਲਾ ਜਾਰੀ ਹੈ। ਸ਼ੁੱਕਰਵਾਰ ਨੂੰ ਹਫਤੇ ਦੇ ਆਖਰੀ ਕਾਰੋਬਾਰੀ ਦਿਨ ਸਮੂਹ ਦੇ 10 ਸ਼ੇਅਰਾਂ ’ਚੋਂ 6 ’ਚ ਤੇਜ਼ੀ ਰਹੀ ਪਰ 4 ’ਚ ਗਿਰਾਵਟ ਆਈ। ਬਲੂਮਬਰਗ ਬਿਲੇਨੀਅਰ ਇੰਡੈਕਸ ਮੁਤਾਬਕ ਇਸ ਨਾਲ ਅਡਾਨੀ ਦੀ ਨੈੱਟਵਰਥ ’ਚ 1.15 ਅਰਬ ਡਾਲਰ ਦੀ ਗਿਰਾਵਟ ਆਈ ਅਤੇ ਇਹ 49.1 ਅਰਬ ਡਾਲਰ ਰਹਿ ਗਈ।
ਇਹ ਵੀ ਪੜ੍ਹੋ-ਗੋਦਰੇਜ਼ ਪ੍ਰਾਪਰਟੀਜ਼ ਨੇ ਖਰੀਦਿਆ ਸ਼ੋਅ ਮੈਨ ਰਾਜ ਕਪੂਰ ਦਾ ਬੰਗਲਾ, ਜਾਣੋ ਕੀ ਹੈ ਅੱਗੇ ਦਾ ਪਲਾਨ
ਅਡਾਨੀ ਦੁਨੀਆ ਦੇ ਅਮੀਰਾਂ ਦੀ ਲਿਸਟ ’ਚ ਹੁਣ 25ਵੇਂ ਨੰਬਰ ’ਤੇ ਖਿਸਕ ਗਏ ਹਨ। ਇਸ ਸਾਲ ਉਨ੍ਹਾਂ ਦੀ ਨੈੱਟਵਰਥ ’ਚ 71.5 ਅਰਬ ਡਾਲਰ ਦੀ ਗਿਰਾਵਟ ਆਈ ਹੈ। ਪਿਛਲੇ ਸਾਲ ਸਤੰਬਰ ’ਚ ਉਹ ਇਸ ਲਿਸਟ ’ਚ ਦੂਜੇ ਨੰਬਰ ’ਤੇ ਪਹੁੰਚ ਗਏ ਸਨ ਅਤੇ ਉਨ੍ਹਾਂ ਦੀ ਨੈੱਟਵਰਥ 150 ਅਰਬ ਡਾਲਰ ਦੇ ਕਰੀਬ ਪਹੁੰਚ ਗਈ ਸੀ ਪਰ 24 ਜਨਵਰੀ ਦੀ ਆਈ ਇਕ ਰਿਪੋਰਟ ਨਾਲ ਅਡਾਨੀ ਗਰੁੱਪ ਦੇ ਸ਼ੇਅਰਾਂ ਵਿਚ ਭਾਰੀ ਗਿਰਾਵਟ ਆਈ ਹੈ।
ਇਹ ਵੀ ਪੜ੍ਹੋ-ਗ੍ਰਮੀਣ ਭਾਰਤ ’ਚ ਇਸ ਸਾਲ 9.25 ਲੱਖ ਟਰੈਕਟਰ ਵਿਕਰੀ ਦਾ ਅਨੁਮਾਨ : ਮਹਿੰਦਰਾ ਐਂਡ ਮਹਿੰਦਰਾ
ਅਮਰੀਕਾ ਦੀ ਸ਼ਾਰਟ ਸੇਲਿੰਗ ਫਰਮ ਹਿੰਡਨਬਰਗ ਰਿਸਰਚ ਦੀ ਇਸ ਰਿਪੋਰਟ ’ਚ ਦਾਅਵਾ ਕੀਤਾ ਗਿਆ ਸੀ ਕਿ ਅਡਾਨੀ ਗਰੁੱਪ ਦਹਾਕਿਆਂ ਤੋਂ ਖੁੱਲ੍ਹੇਆਮ ਸ਼ੇਅਰਾਂ ’ਚ ਗੜਬੜੀ ਅਤੇ ਅਕਾਊਂਟ ਧੋਖਾਦੇਹੀ ’ਚ ਸ਼ਾਮਲ ਰਿਹਾ ਹੈ। ਹਾਲਾਂਕਿ ਅਡਾਨੀ ਗਰੁੱਪ ਨੇ ਇਸ ਰਿਪੋਰਟ ਨੂੰ ਝੂਠ ਦਾ ਪੁਲੰਦਾ ਦੱਸਦੇ ਹੋਏ ਇਸ ਨੂੰ ਭਾਰਤ ਵਿਰੁੱਧ ਸਾਜ਼ਿਸ਼ ਕਰਾਰ ਦਿੱਤਾ ਸੀ।
ਗਰੁੱਪ ਦੀ ਫਲੈਗਸ਼ਿਪ ਕੰਪਨੀ ਅਡਾਨੀ ਐਂਟਰਪ੍ਰਾਈਜ਼ਿਜ਼ ਦੇ ਸ਼ੇਅਰਾਂ ’ਚ 4.15 ਫੀਸਦੀ ਦੀ ਗਿਰਾਵਟ ਆਈ। ਇਸ ਕਾਰਨ ਕੰਪਨੀ ਦਾ ਮਾਰਕੀਟ ਕੈਪ ਵੀ 2 ਲੱਖ ਕਰੋੜ ਰੁਪਏ ਤੋਂ ਘੱਟ ਰਹਿ ਗਿਆ ਹੈ। ਇਸ ਤੋਂ ਇਲਾਵਾ ਅਡਾਨੀ ਟਰਾਂਸਮਿਸ਼ਨ ’ਚ 4.87 ਫੀਸਦੀ, ਅਡਾਨੀ ਟੋਟਲ ਗੈਸ ’ਚ 5 ਫੀਸਦੀ ਅਤੇ ਏ. ਸੀ. ਸੀ. ’ਚ 0.08 ਫੀਸਦੀ ਦੀ ਗਿਰਾਵਟ ਆਈ।
ਅਡਾਨੀ ਟੋਟਲ ਗੈਸ ਦਾ ਸ਼ੇਅਰ ਇਕ ਵਾਰ ਫਿਰ ਲੋਅਰ ਸਰਕਟ ਨੂੰ ਛੂਹਣ ਦੇ ਨਾਲ ਹੀ 52 ਹਫਤਿਆਂ ਦੇ ਲੋਅ ’ਤੇ ਚਲਾ ਗਿਆ। ਦੂਜੇ ਪਾਸੇ ਅਡਾਨੀ ਗ੍ਰੀਨ ਐਨਰਜੀ, ਅਡਾਨੀ ਪੋਰਟਸ, ਅਡਾਨੀ ਪਾਵਰ, ਅਡਾਨੀ ਵਿਲਮਰ, ਅੰਬੂਜਾ ਸੀਮੈਂਟਸ ਅਤੇ ਐੱਨ. ਡੀ. ਟੀ. ਵੀ. ਦੇ ਸ਼ੇਅਰਾਂ ’ਚ ਤੇਜ਼ੀ ਰਹੀ।
ਇਹ ਵੀ ਪੜ੍ਹੋ-ਸਿੱਖ ਸ਼ਰਧਾਲੂਆਂ ਨੂੰ ਭਾਰਤੀ ਰੇਲਵੇ ਦਾ ਤੋਹਫ਼ਾ, ਵਿਸ਼ੇਸ਼ ਰੇਲ ਕਰਵਾਏਗੀ 5 ਤਖ਼ਤਾਂ ਦੇ ਦਰਸ਼ਨ
ਅੰਬਾਨੀ 11ਵੇਂ ਨੰਬਰ ’ਤੇ
ਫਰਾਂਸੀਸੀ ਕਾਰੋਬਾਰੀ ਬਰਨਾਰਡ ਆਰਨਾਲਟ 192 ਅਰਬ ਡਾਲਰ ਦੀ ਨੈੱਟਵਰਥ ਨਾਲ ਦੁਨੀਆ ਦੇ ਅਮੀਰਾਂ ਦੀ ਲਿਸਟ ਵਿਚ ਪਹਿਲੇ ਨੰਬਰ ’ਤੇ ਬਣੇ ਹੋਏ ਹਨ। ਟੈਸਲਾ, ਸਪੇਸਐਕਸ ਅਤੇ ਟਵਿੱਟਰ ਦੇ ਮਾਲਕ ਐਲਨ ਮਸਕ 187 ਅਰਬ ਡਾਲਰ ਦੀ ਨੈੱਟਵਰਥ ਨਾਲ ਲਿਸਟ ਵਿਚ ਦੂਜੇ ਸਥਾਨ ’ਤੇ ਹਨ।
ਐਮਾਜ਼ੋਨ ਦੇ ਜੈਫ ਬੇਜ਼ੋਸ (121 ਅਰਬ ਡਾਲਰ) ਤੀਜੇ, ਮਾਈਕ੍ਰੋਸਾਫਟ ਦੇ ਫਾਊਂਡਰ ਬਿਲ ਗੇਟਸ (117 ਅਰਬ ਡਾਲਰ) ਚੌਥੇ, ਦਿਗਜ ਨਿਵੇਸ਼ਕ ਵਾਰੇਨ ਬਫੇਟ (107 ਅਰਬ ਡਾਲਰ) 5ਵੇਂ, ਲੈਰੀ ਐਲੀਸਨ (102 ਅਰਬ ਡਾਲਰ) 6ਵੇਂ, ਸਟੀਵ ਬਾਲਮਰ (92.1 ਅਰਬ ਡਾਲਰ) 7ਵੇਂ, ਲੈਰੀ ਪੇਜ (88.6 ਅਰਬ ਡਾਲਰ) 8ਵੇਂ, ਕਾਰਲੋਸ ਸਲਿਮ (84.9 ਅਰਬ ਡਾਲਰ) 9ਵੇਂ ਅਤੇ ਸਰਗੇਈ ਬ੍ਰਿਨ (84.8 ਅਰਬ ਡਾਲਰ) 10ਵੇਂ ਨੰਬਰ ’ਤੇ ਹਨ। ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਮੁਕੇਸ਼ ਅੰਬਾਨੀ 83.6 ਬਿਲੀਅਨ ਡਾਲਰ ਦੀ ਨੈੱਟਵਰਥ ਨਾਲ ਇਸ ਲਿਸਟ ’ਚ 11ਵੇਂ ਨੰਬਰ ’ਤੇ ਹਨ।
ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।