ਜੀ. ਐੱਸ. ਟੀ. ਢਾਂਚੇ ਦੀ ਪੂਰਨ ਸਮੀਖਿਆ ਹੋਵੇ : ਕੈਟ
Tuesday, Oct 24, 2017 - 11:48 PM (IST)

ਨਵੀਂ ਦਿੱਲੀ (ਭਾਸ਼ਾ)-ਵਪਾਰੀਆਂ ਦੇ ਪ੍ਰਮੁੱਖ ਸੰਗਠਨ ਕਨਫੈੱਡਰੇਸ਼ਨ ਆਫ ਆਲ ਇੰਡੀਆ ਟਰੇਡਰਸ (ਕੈਟ) ਨੇ ਕਿਹਾ ਕਿ ਲਾਗੂਕਰਨ ਤੋਂ ਲਗਭਗ 4 ਮਹੀਨੇ ਬਾਅਦ ਵੀ ਵਸਤੂ ਅਤੇ ਸੇਵਾ ਕਰ (ਜੀ. ਐੱਸ. ਟੀ.) ਟੁਕੜਿਆਂ 'ਚ ਵੰਡਿਆ ਹੋਇਆ ਹੈ। ਜੀ. ਐੱਸ. ਟੀ. ਦਾ ਅਸਲ ਆਕਾਰ ਲੀਰੋ-ਲੀਰ ਹੋ ਗਿਆ ਹੈ ਜੋ ਟਿਕਣ ਯੋਗ ਨਹੀਂ ਹੈ।
ਕੈਟ ਨੇ ਕਿਹਾ ਕਿ ਨਾ ਸਿਰਫ ਜੀ. ਐੱਸ. ਟੀ. ਦੀਆਂ ਦਰਾਂ, ਸਗੋਂ ਇਸ ਦੇ ਨਿਯਮ ਅਤੇ ਉਨ੍ਹਾਂ ਦੇ ਲਾਗੂਕਰਨ ਦੀ ਪੂਰਨ ਸਮੀਖਿਆ ਕੀਤੇ ਜਾਣ ਦੀ ਜ਼ਰੂਰਤ ਹੈ। ਜੀ. ਐੱਸ. ਟੀ. ਦੀਆਂ ਕਮਜ਼ੋਰੀਆਂ, ਲੀਕੇਜ ਅਤੇ ਖਾਮੀਆਂ ਨੂੰ ਦੂਰ ਕੀਤਾ ਜਾਣਾ ਚਾਹੀਦਾ ਹੈ। ਕੈਟ ਦੇ ਰਾਸ਼ਟਰੀ ਪ੍ਰਧਾਨ ਬੀ. ਸੀ. ਭਰਤੀਆ ਦੀ ਪ੍ਰਧਾਨਗੀ 'ਚ ਗਠਿਤ ਸੰਗਠਨ ਦੇ ਇਕ ਅੰਦਰੂਨੀ ਪੈਨਲ ਨੇ ਜੀ. ਐੱਸ. ਟੀ. ਦੇ ਸਾਰੇ ਪਹਿਲੂਆਂ 'ਤੇ ਵਿਚਾਰ ਕਰਦਿਆਂ ਸੁਝਾਅ ਦਿੱਤਾ ਹੈ ਕਿ ਹੁਣ ਸਮਾਂ ਆ ਗਿਆ ਹੈ ਜਦੋਂ ਸਰਕਾਰ ਨੂੰ ਜੀ. ਐੱਸ. ਟੀ. ਦੀ ਪੂਰਨ ਸਮੀਖਿਆ ਕਰਦਿਆਂ ਇਸ ਨੂੰ ਸਥਾਈ ਟੈਕਸ ਪ੍ਰਣਾਲੀ ਦੇ ਰੂਪ 'ਚ ਵਿਕਸਿਤ ਕਰਨ ਲਈ ਜ਼ਰੂਰੀ ਕਦਮ ਚੁੱਕਣੇ ਚਾਹੀਦੇ ਹਨ।