ਫਰਾਂਸ ਨੇ ਟਰੈਕਿੰਗ ਕੂਕੀਜ਼ ਦੇ ਮਾਮਲੇ 'ਚ ਗੂਗਲ, ਐਮਾਜ਼ੋਨ ਨੂੰ ਕੀਤਾ ਜੁਰਮਾਨਾ

Thursday, Dec 10, 2020 - 07:41 PM (IST)

ਫਰਾਂਸ ਨੇ ਟਰੈਕਿੰਗ ਕੂਕੀਜ਼ ਦੇ ਮਾਮਲੇ 'ਚ ਗੂਗਲ, ਐਮਾਜ਼ੋਨ ਨੂੰ ਕੀਤਾ ਜੁਰਮਾਨਾ

ਨਵੀਂ ਦਿੱਲੀ— ਫਰਾਂਸ ਨੇ ਟਰੈਕਿੰਗ ਕੂਕੀਜ਼ ਦੇ ਮਾਮਲੇ 'ਚ ਗੂਗਲ, ਐਮਾਜ਼ੋਨ ਨੂੰ ਜੁਰਮਾਨਾ ਕੀਤਾ ਹੈ। ਫਰਾਂਸ ਦੀ ਡਾਟਾ ਸੁਰੱਖਿਆ ਏਜੰਸੀ ਸੀ. ਐੱਨ. ਆਈ. ਐੱਲ. ਨੇ ਗੂਗਲ ਅਤੇ ਐਮਾਜ਼ੋਨ ਵੱਲੋਂ ਯੂਜ਼ਰਜ਼ ਦੀ ਬਿਨਾਂ ਸਹਿਮਤੀ ਦੇ ਉਨ੍ਹਾਂ ਦੇ ਡਿਵਾਈਸ 'ਚ ਟਰੈਕਿੰਗ ਕੂਕੀਜ਼ ਸੇਵ ਕਰਨ 'ਤੇ ਇਹ ਜੁਰਮਾਨਾ ਕੀਤਾ ਹੈ। ਗੂਗਲ 'ਤੇ ਇਸ ਮਾਮਲੇ 'ਚ 10 ਕਰੋੜ ਯੂਰੋ ਅਤੇ ਐਮਾਜ਼ੋਨ 'ਤੇ ਇਸ ਮਾਮਲੇ 'ਚ 3.5 ਕਰੋੜ ਯੂਰੋ ਦਾ ਜੁਰਮਾਨਾ ਲੱਗਾ ਹੈ।

ਕੂਕੀਜ਼ ਯੂਜ਼ਰਜ਼ ਦੇ ਕੰਪਿਊਟਰ ਬ੍ਰਾਊਜ਼ਰ 'ਤੇ ਸਟੋਰ ਕੀਤਾ ਜਾਂਦਾ ਇਕ ਛੋਟਾ ਜਿਹਾ ਡਾਟਾ ਹੈ, ਜੋ ਵੈਬਸਾਈਟਾਂ ਨੂੰ ਯੂਜ਼ਰਜ਼ ਦੀ ਪਛਾਣ ਤੇ ਉਨ੍ਹਾਂ ਦੀ ਪਿਛਲੀ ਗਤੀਵਿਧੀ ਨੂੰ ਯਾਦ ਰੱਖਦਾ ਹੈ।


ਫਰਾਂਸ ਦੀ ਨਿਗਰਾਨ ਏਜੰਸੀ ਪਿਛਲੇ ਸਾਲ ਤੋਂ ਵੈੱਬਸਾਈਟਾਂ ਦੀ ਪੜਤਾਲ ਕਰ ਰਹੀ ਸੀ। ਏਜੰਸੀ ਨੇ ਜਾਂਚ 'ਚ ਪਾਇਆ ਕਿ ਡੋਮੇਨਜ਼ 'ਤੇ ਵਿਜ਼ਿਟ ਕਰਨ ਦੇ ਨਾਲ ਹੀ ਟਰੈਕਿੰਗ ਕੂਕੀਜ਼ ਆਟੋਮੈਟਿਕ ਯੂਜ਼ਰਜ਼ ਦੇ ਡਿਵਾਈਸ 'ਤੇ ਸਟੋਰ ਕੀਤੀ ਜਾ ਰਹੀ ਸੀ, ਜੋ ਡਾਟਾ ਸੁਰੱਖਿਆ ਨਿਯਮਾਂ ਦੀ ਉਲੰਘਣਾ ਹੈ।

ਸੀ. ਐੱਨ. ਆਈ. ਐੱਲ. ਨੇ ਕਿਹਾ ਜਦੋਂ ਯੂਜ਼ਰਜ਼ ਗੂਗਲ ਦੀ ਵੈੱਬਸਾਈਟ 'ਤੇ ਵਿਜ਼ਿਟ ਕਰ ਰਹੇ ਸਨ ਤਾਂ ਇਸ਼ਤਿਹਾਰਬਾਜ਼ੀ ਦੇ ਉਦੇਸ਼ਾਂ ਲਈ ਵਰਤੀਆਂ ਜਾਂਦੀਆਂ ਕਈ ਕੂਕੀਜ਼ ਯੂਜ਼ਰਜ਼ ਦੀ ਸਹਿਮਤੀ ਬਿਨਾਂ ਆਪਣੇ-ਆਪ ਉਨ੍ਹਾਂ ਦੇ ਕੰਪਿਊਟਰ 'ਤੇ ਸਟੋਰ ਕਰ ਦਿੱਤੀਆਂ ਜਾਂਦੀਆਂ ਸਨ।ਗੂਗਲ 'ਤੇ ਇਹ ਜੁਰਮਾਨਾ ਉਨ੍ਹਾਂ ਯੂਜ਼ਰਜ਼ ਦੀ ਟਰੈਕਿੰਗ ਕਰਨ 'ਤੇ ਵੀ ਲੱਗਾ ਹੈ, ਜਿਨ੍ਹਾਂ ਨੇ ਖਾਸ ਤੌਰ 'ਤੇ ਨਿੱਜੀ ਇਸ਼ਤਿਹਾਰੀ ਦੇ ਬਦਲ ਨੂੰ ਬੰਦ ਕਰ ਦਿੱਤਾ ਸੀ।

ਫਰਾਂਸ 'ਚ ਗੈਰ-ਜ਼ਰੂਰੀ ਕੂਕੀਜ਼ ਨੂੰ ਯੂਜ਼ਰਜ਼ ਦੀ ਸਹਿਮਤੀ ਬਿਨਾਂ ਸਟੋਰ ਨਹੀਂ ਕੀਤਾ ਜਾ ਸਕਦਾ ਹੈ। ਸੀ. ਐੱਨ. ਆਈ. ਐੱਲ. ਨੇ ਕਿਹਾ ਕਿ ਸਾਈਟ ਵਿਜ਼ਿਟਰਾਂ ਨੂੰ ਮੁਹੱਈਆ ਕਰਵਾਈ ਗਈ ਕੂਕੀਜ਼ ਬਾਰੇ ਜਾਣਕਾਰੀ ਨਾਕਾਫੀ ਸੀ। ਗੂਗਲ ਨੇ ਇਸ ਮਾਮਲੇ 'ਚ ਨਿਯਮਾਂ ਦੀ ਉਲੰਘਣਾ ਕੀਤੀ ਹੈ। ਐਮਾਜ਼ੋਨ ਦੀ ਫ੍ਰਾਂਸੀਸੀ ਸਾਈਟ ਨੇ ਯੂਜ਼ਰ ਨੂੰ ਇਹ ਸਪੱਸ਼ਟ ਨਹੀਂ ਕੀਤਾ ਕਿ ਉਹ ਕੂਕੀਜ਼ ਦਾ ਇਸਤੇਮਾਲ ਕਿਸ ਲਈ ਕਰ ਰਹੀ ਹੈ ਅਤੇ ਨਾ ਹੀ ਕਿਸੇ ਯੂਜ਼ਰਜ਼ ਨੂੰ ਸਹਿਮਤ ਹੋਣ ਜਾਂ ਨਾ ਹੋਣ ਦਾ ਮੌਕਾ ਦਿੱਤਾ। ਗੂਗਲ 'ਤੇ ਲੱਗੇ ਕੁੱਲ ਜੁਰਮਾਨੇ 'ਚੋਂ 6 ਕਰੋੜ ਯੂਰੋ ਗੂਗਲ ਐੱਲ. ਐੱਲ. ਸੀ. ਅਤੇ 4 ਕਰੋੜ ਯੂਰੋ ਗੂਗਲ ਆਇਰਲੈਂਡ ਲਿਮਟਿਡ 'ਤੇ ਲਾਇਆ ਗਿਆ ਹੈ।


author

Sanjeev

Content Editor

Related News