ਇਕਨੋਮੀ 'ਚ ਸੁਸਤੀ, DEC 'ਚ FPI ਵੱਲੋਂ 244 ਕਰੋੜ ਰੁ: ਦੀ ਨਿਕਾਸੀ

12/08/2019 10:40:40 AM

ਨਵੀਂ ਦਿੱਲੀ— ਇਕਨੋਮਿਕ ਰਫਤਾਰ 'ਚ ਸੁਸਤੀ ਵਿਚਕਾਰ ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕਾਂ (ਐੱਫ. ਪੀ. ਆਈ.) ਨੇ ਦਸੰਬਰ ਦੌਰਾਨ ਖਰੀਦਦਾਰੀ ਦਾ ਰੁਝਾਨ ਪਲਟਾਉਂਦੇ ਹੋਏ ਭਾਰਤੀ ਪੂੰਜੀ ਬਾਜ਼ਾਰ 'ਚੋਂ ਹੁਣ ਤਕ 244 ਕਰੋੜ ਰੁਪਏ ਦੀ ਸ਼ੁੱਧ ਨਿਕਾਸੀ ਕੀਤੀ ਹੈ।

ਤਾਜ਼ਾ ਡਿਪਾਜ਼ਿਟਰੀ ਡਾਟਾ ਮੁਤਾਬਕ, ਵਿਦੇਸ਼ੀ ਨਿਵੇਸ਼ਕਾਂ ਨੇ ਇਕੁਇਟੀ 'ਚੋਂ 1,668.8 ਕਰੋੜ ਰੁਪਏ ਦੀ ਨਿਕਾਸੀ ਕੀਤੀ ਹੈ। ਹਾਲਾਂਕਿ, ਇਸ ਦੌਰਾਨ ਉਨ੍ਹਾਂ ਨੇ ਸ਼ੁੱਧ ਰੂਪ ਨਾਲ 1,424.6 ਕਰੋੜ ਰੁਪਏ ਬਾਂਡ ਬਾਜ਼ਾਰ 'ਚ ਨਿਵੇਸ਼ ਕੀਤੇ ਹਨ। ਇਸ ਤਰ੍ਹਾਂ ਦਸੰਬਰ 'ਚ ਹੁਣ ਤਕ ਐੱਫ. ਪੀ. ਆਈ. ਨੇ 244.2 ਕਰੋੜ ਰੁਪਏ ਦੀ ਸ਼ੁੱਧ ਵਿਕਵਾਲੀ ਕੀਤੀ ਹੈ। ਐੱਫ. ਪੀ. ਆਈ. ਦੋ ਮਹੀਨੇ ਤੋਂ ਨਵੰਬਰ ਤਕ ਸ਼ੁੱਧ ਖਰੀਦਦਾਰ ਸਨ। ਉਨ੍ਹਾਂ ਨੇ ਅਕਤੂਬਰ 'ਚ 16,037.6 ਕਰੋੜ ਰੁਪਏ ਤੇ ਨਵੰਬਰ 'ਚ 22,871 ਕਰੋੜ ਰੁਪਏ ਦਾ ਨਿਵੇਸ਼ ਕੀਤਾ ਸੀ।
ਬਾਜ਼ਾਰ ਮਾਹਰਾਂ ਨੇ ਕਿਹਾ ਕਿ ਇਕਨੋਮਿਕ ਡਾਟਾ ਤੋਂ ਮਿਲੇ ਕਮਜ਼ੋਰ ਸੰਕੇਤਾਂ ਨੂੰ ਦੇਖਦੇ ਹੋਏ ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕਾਂ ਨੇ ਇਕੁਇਟੀ 'ਚ ਵਿਕਵਾਲੀ ਕੀਤੀ ਹੈ। ਮਾਹਰਾਂ ਨੇ ਕਿਹਾ ਕਿ ਭਾਰਤੀ ਇਕਨੋਮੀ ਲਈ ਇਹ ਸਾਲ ਚੰਗਾ ਨਹੀਂ ਰਿਹਾ ਹੈ ਤੇ ਸਤੰਬਰ ਤਿਮਾਹੀ 'ਚ ਜੀ. ਡੀ. ਪੀ. ਵਿਕਾਸ ਦਰ 4.5 ਫੀਸਦੀ ਰਹਿਣ ਨਾਲ ਨਿਵੇਸ਼ਕਾਂ ਦੀ ਚਿੰਤਾ ਵਧੀ ਹੈ। ਇਹ ਲਗਾਤਾਰ 7ਵੀਂ ਤਿਮਾਹੀ ਹੈ ਜਦੋਂ ਜੀ. ਡੀ. ਪੀ. ਗ੍ਰੋਥ ਸੁਸਤੀ ਨਾਲ ਵਧੀ ਹੈ। ਮਾਹਰਾਂ ਨੇ ਕਿਹਾ ਕਿ ਵਿਦੇਸ਼ੀ ਨਿਵੇਸ਼ਕ ਘਰੇਲੂ ਮਾਹੌਲ 'ਤੇ ਨਜ਼ਰ ਬਣਾਈ ਰੱਖਣਗੇ ਤੇ ਸਾਵਧਾਨੀ ਨਾਲ ਅੱਗੇ ਵਧਣਗੇ। ਇਸ ਤੋਂ ਇਲਾਵਾ ਟਰੰਪ ਵੱਲੋਂ ਯੂ. ਐੱਸ.-ਚੀਨ ਵਿਚਕਾਰ ਸੰਭਾਵੀ ਵਪਾਰ ਸਮਝੌਤਾ 2020 ਤਕ ਖਿੱਚਣ ਦੀ ਧਮਕੀ ਵੀ ਨਿਵੇਸ਼ਕਾਂ ਨੂੰ ਸਾਵਧਾਨ ਕਰ ਰਹੀ ਹੈ।


Related News