FPIs ਨੇ ਬਾਂਡ ''ਚ ਕੀਤਾ ਭਾਰੀ ਨਿਵੇਸ਼, ਜਾਣੋ ਬਜਟ ਮਗਰੋਂ ਕੀ ਹਨ ਹਾਲਾਤ

07/14/2019 10:55:08 AM

ਨਵੀਂ ਦਿੱਲੀ— ਇਸ ਮਹੀਨੇ ਹੁਣ ਤਕ ਭਾਰਤੀ ਪੂੰਜੀ ਬਾਜ਼ਾਰ 'ਚ ਵਿਦੇਸ਼ੀ ਨਿਵੇਸ਼ਕ ਸ਼ੁੱਧ ਖਰੀਦਦਾਰ ਬਣੇ ਹੋਏ ਹਨ। ਹਾਲਾਂਕਿ ਬਜਟ ਮਗਰੋਂ ਇਕੁਇਟੀ ਬਾਜ਼ਾਰ 'ਚ ਭਾਰੀ ਵਿਕਵਾਲੀ ਦੇਖਣ ਨੂੰ ਮਿਲੀ। ਤਾਜ਼ਾ ਜਾਰੀ ਹੋਏ ਡਾਟਾ ਮੁਤਾਬਕ, ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕਾਂ (ਐੱਫ. ਪੀ. ਆਈ.) ਨੇ 1 ਤੋਂ 12 ਜੁਲਾਈ ਤਕ ਇਕੁਇਟੀ ਬਾਜ਼ਾਰ 'ਚੋਂ 4,953.77 ਕਰੋੜ ਰੁਪਏ ਦੀ ਸ਼ੁੱਧ ਨਿਕਾਸੀ ਕੀਤੀ ਹੈ ਪਰ 8,504.78 ਕਰੋੜ ਰੁਪਏ ਉਨ੍ਹਾਂ ਨੇ ਇਸ ਦੌਰਾਨ ਬਾਂਡ ਬਾਜ਼ਾਰ 'ਚ ਵੀ ਨਿਵੇਸ਼ ਕੀਤੇ ਹਨ, ਯਾਨੀ ਐੱਫ. ਪੀ. ਆਈ. 3,551.01 ਕਰੋੜ ਰੁਪਏ ਦੇ ਸ਼ੁੱਧ ਨਿਵੇਸ਼ਕ ਹਨ।

 

ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕਾਂ ਨੇ 5 ਜੁਲਾਈ ਨੂੰ ਪੇਸ਼ ਹੋਏ ਬਜਟ ਮਗਰੋਂ 6 ਕਾਰੋਬਾਰੀ ਦਿਨਾਂ 'ਚੋਂ 5 ਕਾਰੋਬਾਰੀ ਦਿਨਾਂ ਦੌਰਾਨ ਇਕੁਇਟੀ ਬਾਜ਼ਾਰ 'ਚੋਂ ਪੈਸੇ ਕੱਢੇ ਹਨ। ਬਜਟ 'ਚ ਟਰੱਸਟ ਤੇ ਇਕੱਠੇ ਮਿਲ ਕੇ ਬਾਜ਼ਾਰ 'ਚ ਨਿਵੇਸ਼ ਕਰਨ ਵਾਲੇ ਵਿਦੇਸ਼ੀ ਨਿਵੇਸ਼ਕਾਂ 'ਤੇ ਟੈਕਸ ਵਧਾਉਣ ਦੇ ਪ੍ਰਸਤਾਵ ਨਾਲ ਐੱਫ. ਪੀ. ਆਈ. ਦੀ ਧਾਰਨਾ ਪ੍ਰਭਾਵਿਤ ਹੋਈ ਹੈ।

ਉਂਝ ਵਿਦੇਸ਼ੀ ਨਿਵੇਸ਼ਕ ਪਿਛਲੇ ਪੰਜ ਮਹੀਨਿਆਂ ਤੋਂ ਲਗਾਤਾਰ ਸ਼ੁੱਧ ਖਰੀਦਦਾਰ ਬਣੇ ਹੋਏ ਹਨ। ਵਿਦੇਸ਼ੀ ਨਿਵੇਸ਼ਕਾਂ ਨੇ ਜੂਨ 'ਚ 10,384.54 ਕਰੋੜ ਰੁਪਏ, ਮਈ 'ਚ ਇਕੁਇਟੀ ਤੇ ਬਾਂਡ 'ਚ ਕੁੱਲ ਮਿਲਾ ਕੇ  9,031.15 ਕਰੋੜ ਨਿਵੇਸ਼ ਕੀਤੇ ਸਨ। ਉੱਥੇ ਹੀ, ਅਪ੍ਰੈਲ 'ਚ ਐੱਫ. ਪੀ. ਆਈ. ਦਾ ਪੂੰਜੀ ਬਾਜ਼ਾਰ (ਸਟਾਕਸ ਤੇ ਬਾਂਡ) 'ਚ ਸ਼ੁੱਧ ਨਿਵੇਸ਼ 16,093 ਕਰੋੜ ਰੁਪਏ ਰਿਹਾ ਸੀ। ਮਾਰਚ 'ਚ ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕਾਂ ਨੇ 45,981 ਕਰੋੜ ਰੁਪਏ ਤੇ ਫਰਵਰੀ 'ਚ ਇਕੁਇਟੀ ਤੇ ਬਾਂਡ 'ਚ ਕੁੱਲ ਮਿਲਾ ਕੇ 11,182 ਕਰੋੜ ਰੁਪਏ ਨਿਵੇਸ਼ ਕੀਤੇ ਸਨ। ਮਾਹਰਾਂ ਦਾ ਕਹਿਣਾ ਹੈ ਕਿ ਅਗਲੇ ਕੁਝ ਦਿਨਾਂ 'ਚ ਇਹ ਸਮਝਣਾ ਮਹੱਤਵਪੂਰਨ ਹੋਵੇਗਾ ਕਿ ਬਜਟ ਮਗਰੋਂ ਬਦਲੇ ਹੋਏ ਵਾਤਾਵਰਣ 'ਚ ਐੱਫ. ਪੀ. ਆਈ. ਬਾਜ਼ਾਰ ਨੂੰ ਲੈ ਕੇ ਕਿਸ ਤਰ੍ਹਾਂ ਦਾ ਰੁਖ਼ ਅਪਣਾਉਂਦੇ ਹਨ।


Related News