ਬਾਜ਼ਾਰ ''ਚ FPI ਦਾ ਕੀ ਰਿਹੈ ਰੁਖ, ਜਾਣੋ ਪਿਛਲੇ ਦਿਨਾਂ ਦਾ ਹਾਲ

05/26/2019 12:52:47 PM

ਨਵੀਂ ਦਿੱਲੀ— ਵਿਦੇਸ਼ੀ ਨਿਵੇਸ਼ਕਾਂ ਨੇ ਗਲੋਬਲ ਤੇ ਘਰੇਲੂ ਬਾਜ਼ਾਰਾਂ ਨਾਲ ਸੰਬੰਧਤ ਚਿੰਤਾਵਾਂ ਕਾਰਨ ਮਈ 'ਚ ਹੁਣ ਤਕ ਭਾਰਤੀ ਪੂੰਜੀ ਬਾਜ਼ਾਰਾਂ 'ਚੋਂ 4,375 ਕਰੋੜ ਰੁਪਏ ਦੀ ਸ਼ੁੱਧ ਨਿਕਾਸੀ ਕੀਤੀ ਹੈ। ਹਾਲਾਂਕਿ ਭਾਜਪਾ ਨੂੰ ਸਪੱਸ਼ਟ ਬਹੁਮਤ ਮਿਲਣ ਨਾਲ ਹੁਣ ਨਿਵੇਸ਼ਕਾਂ ਨੂੰ ਇਕਨੋਮਿਕ ਸੁਧਾਰਾਂ 'ਚ ਤੇਜ਼ੀ ਆਉਣ ਦੀ ਉਮੀਦ ਹੈ।
 

 

ਇਸ ਤੋਂ ਪਿਛਲੇ 3 ਮਹੀਨਿਆਂ ਦੌਰਾਨ ਐੱਫ. ਪੀ. ਆਈ. ਨੇ ਭਾਰਤੀ ਬਾਜ਼ਾਰਾਂ 'ਚ ਜਮ ਕੇ ਖਰੀਦਦਾਰੀ ਕੀਤੀ ਸੀ। ਅਪ੍ਰੈਲ 'ਚ ਐੱਫ. ਪੀ. ਆਈ. ਦਾ ਬਾਜ਼ਾਰ ਪੂੰਜੀ ਬਾਜ਼ਾਰ (ਸਟਾਕਸ ਤੇ ਬਾਂਡ) 'ਚ ਸ਼ੁੱਧ ਨਿਵੇਸ਼ 16,093 ਕਰੋੜ ਰੁਪਏ ਰਿਹਾ ਸੀ। ਮਾਰਚ 'ਚ ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕਾਂ ਨੇ 45,981 ਕਰੋੜ ਰੁਪਏ ਤੇ ਫਰਵਰੀ 'ਚ ਇਕੁਇਟੀ ਤੇ ਬਾਂਡ 'ਚ ਕੁੱਲ ਮਿਲਾ ਕੇ 11,182 ਕਰੋੜ ਰੁਪਏ ਦਾ ਨਿਵੇਸ਼ ਕੀਤਾ ਸੀ। ਹਾਲਾਂਕਿ ਮਈ 'ਚ ਇਹ ਰੁਖ਼ ਉਲਟ ਰਿਹਾ। ਤਾਜ਼ਾ ਡਾਟਾ ਮੁਤਾਬਕ, 2 ਤੋਂ 24 ਮਈ ਵਿਚਕਾਰ ਐੱਫ. ਪੀ. ਆਈ. ਨੇ ਇਕੁਇਟੀ 'ਚੋਂ ਸ਼ੁੱਧ ਰੂਪ ਨਾਲ 2,048 ਕਰੋੜ ਰੁਪਏ ਦੀ ਨਿਕਾਸੀ ਕੀਤੀ ਅਤੇ ਬਾਂਡ ਬਾਜ਼ਾਰ 'ਚੋਂ 2,309.86 ਕਰੋੜ ਰੁਪਏ ਕੱਢੇ ਸਨ। ਇਸ ਤਰ੍ਹਾਂ ਸ਼ੁੱਧ ਰੂਪ ਨਾਲ ਉਨ੍ਹਾਂ ਦੀ ਨਿਕਾਸੀ 4,375.86 ਕਰੋੜ ਰੁਪਏ ਰਹੀ।

ਜ਼ਿਕਰਯੋਗ ਹੈ ਕਿ ਲੋਕਾ ਸਭਾ ਚੋਣਾਂ ਦੇ ਨਤੀਜਿਆਂ ਵਾਲੇ ਦਿਨ ਭਾਜਪਾ ਨੂੰ ਬੜ੍ਹਤ ਮਿਲਦੀ ਦੇਖ ਕੇ ਵਿਦੇਸ਼ੀ ਨਿਵੇਸ਼ਕਾਂ ਨੇ ਇਕੁਇਟੀ ਬਾਜ਼ਾਰ 'ਚ 1,352.20 ਕਰੋੜ ਰੁਪਏ ਦੀ ਖਰੀਦਦਾਰੀ ਕੀਤੀ ਸੀ। ਹੁਣ ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕ (ਐੱਫ. ਪੀ. ਆਈ.) ਇਸ ਗੱਲ ਨੂੰ ਲੈ ਕੇ ਸੁਚੇਤ ਰਹਿਣਗੇ ਕਿ ਦੂਜੀ ਵਾਰ ਸੱਤਾ 'ਚ ਕਾਬਜ਼ ਹੋਣ 'ਤੇ ਮੋਦੀ ਸਰਕਾਰ ਕੀ ਸੁਧਾਰ ਕਰਦੀ ਹੈ। ਮਾਹਰਾਂ ਮੁਤਾਬਕ, ਐੱਫ. ਪੀ. ਆਈ. ਉਭਰਦੇ ਬਾਜ਼ਾਰਾਂ ਵਿਚਕਾਰ ਭਾਰਤ ਨੂੰ ਵੱਧ ਉਤਸੁਕਤਾ ਨਾਲ ਦੇਖਣਗੇ।


Related News