ਬਜਟ ਤੋਂ ਪਹਿਲੇ  FPI ਦਾ ਸਾਵਧਾਨੀ ਵਾਲਾ ਰੁਖ਼, ਜਨਵਰੀ ''ਚ ਹੁਣ ਤੱਕ ਸ਼ੇਅਰਾਂ ਨਾਲ 17,000 ਕਰੋੜ ਰੁਪਏ ਕੱਢੇ

Sunday, Jan 29, 2023 - 02:36 PM (IST)

ਬਿਜ਼ਨੈੱਸ ਡੈਸਕ-ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕਾਂ (ਐੱਫ.ਪੀ.ਆਈ) ਨੇ ਇਸ ਮਹੀਨੇ ਹੁਣ ਤੱਕ ਭਾਰਤੀ ਸ਼ੇਅਰ ਬਾਜ਼ਾਰਾਂ ਤੋਂ ਸ਼ੁੱਧ ਰੂਪ ਨਾਲ 'ਤੇ 17,000 ਕਰੋੜ ਰੁਪਏ ਕੱਢ ਲਏ ਹਨ। ਚੀਨੀ ਬਾਜ਼ਾਰਾਂ ਦੀ ਖਿੱਚ ਅਤੇ ਆਮ ਬਜਟ ਅਤੇ ਅਮਰੀਕੀ ਕੇਂਦਰੀ ਬੈਂਕ ਫੈਡਰਲ ਰਿਜ਼ਰਵ ਦੀ ਮੀਟਿੰਗ ਤੋਂ ਪਹਿਲਾਂ ਐੱਫ.ਪੀ.ਆਈ ਨੇ ਸਾਵਧਾਨੀ ਵਾਲਾ ਰੁਖ ਅਪਣਾਇਆ ਹੈ। ਇਸ ਤੋਂ ਪਹਿਲਾਂ, ਐੱਫ.ਪੀ.ਆਈ ਨੇ ਦਸੰਬਰ 'ਚ ਭਾਰਤੀ ਸ਼ੇਅਰਾਂ 'ਚ 11,119 ਕਰੋੜ ਰੁਪਏ ਅਤੇ ਨਵੰਬਰ 'ਚ 36,239 ਕਰੋੜ ਰੁਪਏ ਦਾ ਨਿਵੇਸ਼ ਕੀਤਾ ਸੀ। ਕੁੱਲ ਮਿਲਾ ਕੇ, ਐੱਫ.ਪੀ.ਆਈ ਨੇ 2022 'ਚ ਭਾਰਤੀ ਸ਼ੇਅਰ ਬਾਜ਼ਾਰਾਂ ਤੋਂ 1.21 ਲੱਖ ਕਰੋੜ ਰੁਪਏ ਕੱਢੇ ਸਨ।
ਗਲੋਬਲ ਪੱਧਰ ਕੇਂਦਰੀ ਬੈਂਕਾਂ ਖ਼ਾਸ ਤੌਰ 'ਤੇ ਫੈਡਰਲ ਰਿਜ਼ਰਵ ਦੁਆਰਾ ਹਮਲਾਵਰ ਵਿਆਜ ਦਰਾਂ 'ਚ ਵਾਧੇ, ਕੱਚੇ ਤੇਲ ਦੀਆਂ ਕੀਮਤਾਂ 'ਚ ਅਸਥਿਰਤਾ, ਵਸਤੂਆਂ ਦੀਆਂ ਉੱਚੀਆਂ ਕੀਮਤਾਂ ਅਤੇ ਰੂਸ-ਯੂਕ੍ਰੇਨ ਯੁੱਧ ਨੇ ਪਿਛਲੇ ਸਾਲ ਐੱਫ.ਪੀ.ਆਈ ਦੀ ਵਿਕਰੀ-ਆਫ ਦੀ ਅਗਵਾਈ ਕੀਤੀ ਹੈ। ਇਸ ਤੋਂ ਪਿਛਲੇ ਤਿੰਨ ਸਾਲਾਂ ਦੌਰਾਨ, ਐੱਫ.ਪੀ.ਆਈ ਭਾਰਤੀ ਸ਼ੇਅਰ ਬਾਜ਼ਾਰਾਂ 'ਚ ਸ਼ੁੱਧ ਖਰੀਦਦਾਰ ਰਹੇ ਸਨ। ਡਿਪਾਜ਼ਟਰੀ ਦੇ ਅੰਕੜਿਆਂ ਅਨੁਸਾਰ ਐੱਫ.ਪੀ.ਆਈ ਨੇ ਇਸ ਮਹੀਨੇ (27 ਜਨਵਰੀ ਤੱਕ) ਇਕਵਿਟੀ ਤੋਂ 17,023 ਕਰੋੜ ਰੁਪਏ ਦੀ ਸ਼ੁੱਧ ਨਿਕਾਸੀ ਕੀਤੀ ਹੈ।
ਮਾਰਨਿੰਗਸਟਾਰ ਇੰਡੀਆ ਦੇ ਐਸੋਸੀਏਟ ਡਾਇਰੈਕਟਰ-ਮੈਨੇਜਰ ਰਿਸਰਚ ਹਿਮਾਂਸ਼ੂ ਸ਼੍ਰੀਵਾਸਤਵ ਨੇ ਕਿਹਾ ਕਿ ਐੱਫ.ਪੀ.ਆਈ ਸਾਵਧਾਨੀ ਵਾਲਾ ਰੁਖ ਅਪਣਾ ਰਹੇ ਹਨ। ਫੈਡਰਲ ਰਿਜ਼ਰਵ ਦੀ ਮੀਟਿੰਗ 31 ਜਨਵਰੀ ਅਤੇ 1 ਫਰਵਰੀ ਨੂੰ ਹੋਵੇਗੀ। ਸ਼੍ਰੀਵਾਸਤਵ ਨੇ ਕਿਹਾ ਕਿ ਇਸ ਤੋਂ ਇਲਾਵਾ ਲਾਕਡਾਊਨ ਤੋਂ ਬਾਅਦ ਬਾਜ਼ਾਰ ਮੁੜ ਖੁੱਲ੍ਹਣ ਤੋਂ ਬਾਅਦ ਐੱਫ.ਪੀ.ਆਈ. ਚੀਨ 'ਤੇ ਧਿਆਨ ਕੇਂਦਰਿਤ ਕਰ ਰਹੇ ਹਨ। ਆਪਣੀ ਜ਼ੀਰੋ ਕੋਵਿਡ ਨੀਤੀ ਦੇ ਤਹਿਤ ਚੀਨ ਨੇ ਸਖ਼ਤ ਤਾਲਾਬੰਦੀ ਲਗਾ ਦਿੱਤੀ ਸੀ। ਇਸ ਕਾਰਨ ਚੀਨੀ ਬਾਜ਼ਾਰਾਂ 'ਚ ਗਿਰਾਵਟ ਆਈ ਹੈ ਅਤੇ ਉਹ ਮੁੱਲ ਦੇ ਲਿਹਾਜ਼ ਨਾਲ ਆਕਰਸ਼ਕ ਬਣ ਗਏ ਹਨ।


Aarti dhillon

Content Editor

Related News