FPI ਨੇ ਸਤੰਬਰ ’ਚ ਭਾਰਤੀ ਬਾਜ਼ਾਰਾਂ ’ਚ ਪਾਏ 26,517 ਕਰੋੜ ਰੁਪਏ
Monday, Oct 04, 2021 - 11:42 AM (IST)
ਨਵੀਂ ਦਿੱਲੀ (ਭਾਸ਼ਾ) - ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕਾਂ (ਐੱਫ. ਪੀ. ਆਈ.) ਨੇ ਸਤੰਬਰ ’ਚ ਭਾਰਤੀ ਬਾਜ਼ਾਰਾਂ ’ਚ ਸ਼ੁੱਧ ਰੂਪ ਨਾਲ 26,517 ਕਰੋਡ਼ ਰੁਪਏ ਦਾ ਨਿਵੇਸ਼ ਕੀਤਾ ਹੈ। ਇਹ ਲਗਾਤਾਰ ਦੂਜਾ ਮਹੀਨਾ ਹੈ ਜਦੋਂ ਕਿ ਐੱਫ. ਪੀ. ਆਈ. ਭਾਰਤੀ ਬਾਜ਼ਾਰਾਂ ’ਚ ਸ਼ੁੱਧ ਲਿਵਾਲ ਰਹੇ ਹਨ।
ਡਿਪਾਜ਼ਿਟਰੀ ਦੇ ਅੰਕੜਿਆਂ ਅਨੁਸਾਰ, ਐੱਫ. ਪੀ. ਆਈ. ਨੇ 1 ਤੋਂ 30 ਸਤੰਬਰ ਦੌਰਾਨ ਸ਼ੇਅਰਾਂ ’ਚ 13,154 ਕਰੋਡ਼ ਰੁਪਏ ਅਤੇ ਕਰਜ਼ਾ ਜਾਂ ਬਾਂਡ ਬਾਜ਼ਾਰ ’ਚ 13,363 ਕਰੋਡ਼ ਰੁਪਏ ਪਾਏ। ਇਸ ਤਰ੍ਹਾਂ ਉਨ੍ਹਾਂ ਦਾ ਸ਼ੁੱਧ ਨਿਵੇਸ਼ 26,517 ਕਰੋਡ਼ ਰੁਪਏ ਰਿਹਾ। ਇਸ ਤੋਂ ਪਹਿਲਾਂ ਅਪ੍ਰੈਲ ’ਚ ਐੱਫ. ਪੀ. ਆਈ. ਨੇ ਭਾਰਤੀ ਬਾਜ਼ਾਰਾਂ ’ਚ 16,459 ਕਰੋਡ਼ ਰੁਪਏ ਦਾ ਨਿਵੇਸ਼ ਕੀਤਾ ਸੀ। ਕੋਟਕ ਸਕਿਓਰਟੀਜ਼ ਦੇ ਕਾਰਜਕਾਰੀ ਉਪ-ਪ੍ਰਧਾਨ (ਇਕਵਿਟੀ ਤਕਨੀਕੀ ਖੋਜ) ਸ਼੍ਰੀਕਾਂਤ ਚੌਹਾਨ ਨੇ ਕਿਹਾ, ‘‘ਜ਼ਿਆਦਾਤਰ ਪ੍ਰਮੁੱਖ ਉੱਭਰਦੇ ਬਾਜ਼ਾਰਾਂ ’ਚ ਐੱਫ. ਪੀ. ਆਈ. ਨੇ ਸਤੰਬਰ ਮਹੀਨੇ ’ਚ ਪੂੰਜੀ ਪਾਈ ਹੈ।
ਇਸ ਦੌਰਾਨ ਭਾਰਤ ’ਚ ਐੱਫ. ਪੀ. ਆਈ. ਦਾ ਪ੍ਰਵਾਹ ਸਭ ਤੋਂ ਉੱਚਾ ਰਿਹਾ। ਉਨ੍ਹਾਂ ਨੇ ਕਿਹਾ ਕਿ ਇਸ ਦੌਰਾਨ ਦੱਖਣ ਕੋਰੀਆ ਦੇ ਬਾਜ਼ਾਰਾਂ ’ਚ ਐੱਫ. ਪੀ. ਆਈ. ਦਾ ਨਿਵੇਸ਼ 88.4 ਕਰੋਡ਼ ਡਾਲਰ, ਥਾਈਲੈਂਡ ’ਚ 33.8 ਕਰੋਡ਼ ਡਾਲਰ ਅਤੇ ਇੰਡੋਨੇਸ਼ੀਆ ’ਚ 30.5 ਕਰੋਡ਼ ਡਾਲਰ ਰਿਹਾ। ਮਾਰਨਿੰਗਸਟਾਰ ਇੰਡੀਆ ਦੇ ਐਸੋਸੀਏਟ ਨਿਰਦੇਸ਼ਕ (ਖੋਜ) ਹਿਮਾਂਸ਼ੁ ਸ਼੍ਰੀਵਾਸਤਵ ਨੇ ਕਿਹਾ, ‘‘ਮੌਜੂਦਾ ਰੁਖ਼ ਨਾਲ ਸੰਕੇਤ ਮਿਲਦਾ ਹੈ ਕਿ ਐੱਫ. ਪੀ. ਆਈ. ਹੁਣ ਛੋਟੀ ਮਿਆਦ ਦੀਆਂ ਚੁਣੌਤੀਆਂ ਤੋਂ ਅੱਗੇ ਦੇਖਣ ਲੱਗੇ ਹਨ ਅਤੇ ਉਨ੍ਹਾਂ ਦਾ ਧਿਆਨ ਵਿਸ਼ਾਲ ਰੁਖ਼ ’ਤੇ ਹੈ। ਉਨ੍ਹਾਂ ਨੇ ਕਿਹਾ ਕਿ ਐੱਫ. ਪੀ. ਆਈ. ਹੌਲੀ-ਹੌਲੀ ਆਪਣਾ ਚੌਕਸੀ ਵਾਲਾ ਰੁਖ਼ ਛੱਡ ਰਹੇ ਹਨ ਅਤੇ ਭਾਰਤੀ ਬਾਜ਼ਾਰਾਂ ਪ੍ਰਤੀ ਉਨ੍ਹਾਂ ਦਾ ਭਰੋਸਾ ਵਧ ਰਿਹਾ ਹੈ।