ਉਰਜਿਤ ਪਟੇਲ ਨੂੰ ਮਿਲੀ ਨਵੀਂ ਜ਼ਿੰਮੇਦਾਰੀ, RBI ਗਵਰਨਰ ਅਹੁਦੇ ਤੋਂ ਦਿੱਤਾ ਸੀ ਅਸਤੀਫਾ

06/19/2020 11:29:20 PM

ਨਵੀਂ ਦਿੱਲੀ - ਰਿਜ਼ਰਵ ਬੈਂਕ ਦੇ ਸਾਬਕਾ ਗਵਰਨਰ ਉਰਜਿਤ ਪਟੇਲ ਨੂੰ ਨਵੀਂ ਜ਼ਿੰਮੇਦਾਰੀ ਮਿਲੀ ਹੈ। ਦਰਅਸਲ, ਉਰਜਿਤ ਪਟੇਲ ਨੈਸ਼ਨਲ ਇੰਸਟੀਚਿਊਟ ਆਫ ਪਬਲਿਕ ਫਾਇਨੈਂਸ ਐਂਡ ਪਾਲਿਸੀ (ਐੱਨ.ਆਈ.ਪੀ.ਐੱਫ.ਪੀ.) ਦੇ ਚੇਅਰਮੈਨ ਨਿਯੁਕਤ ਕੀਤੇ ਗਏ ਹਨ। ਉਰਜਿਤ ਪਟੇਲ ਤੋਂ ਪਹਿਲਾਂ ਇਸ ਅਹੁਦੇ 'ਤੇ ਵਿਜੇ ਕੇਲਕਰ ਸਨ। ਕੇਲਕਰ ਨੇ 2014 'ਚ ਅਹੁਦਾ ਸੰਭਾਲਿਆ ਸੀ। ਹਾਲਾਂਕਿ, ਉਰਜਿਤ ਪਟੇਲ 22 ਜੂਨ ਨੂੰ ਐੱਨ.ਆਈ.ਪੀ.ਐੱਫ.ਪੀ. ਦੇ ਚੇਅਰਮੈਨ ਅਹੁਦੇ ਨੂੰ ਸੰਭਾਲਣਗੇ।

ਇਸ ਦੀ ਜਾਣਕਾਰੀ ਦਿੰਦੇ ਹੋਏ ਐੱਨ.ਆਈ.ਪੀ.ਐੱਫ.ਪੀ. ਨੇ ਬਿਆਨ 'ਚ ਕਿਹਾ, ‘‘ਸਾਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਰਿਜ਼ਰਵ ਬੈਂਕ ਦੇ ਸਾਬਕਾ ਗਵਰਨਰ ਉਰਜਿਤ ਪਟੇਲ 22 ਜੂਨ, 2020 ਤੋਂ ਚਾਰ ਸਾਲ ਲਈ ਸੰਸਥਾ ਦੇ ਚੇਅਰਪਰਸਨ ਦੇ ਰੂਪ 'ਚ ਸਾਡੇ ਨਾਲ ਜੁੜ ਰਹੇ ਹਨ।’’ ਤੁਹਾਨੂੰ ਦੱਸ ਦਈਏ ਕਿ ਐੱਨ.ਆਈ.ਪੀ.ਐੱਫ.ਪੀ. ਦਾ ਮੁੱਖ ਟੀਚਾ ਜਨਤਕ ਅਰਥ ਸ਼ਾਸਤਰ ਨਾਲ ਸਬੰਧਤ ਖੇਤਰਾਂ 'ਚ ਨੀਤੀ ਉਸਾਰੀ 'ਚ ਯੋਗਦਾਨ ਦੇਣਾ ਹੈ। ਇਸ ਸੰਸਥਾ ਨੂੰ ਵਿੱਤ ਮੰਤਰਾਲਾ, ਭਾਰਤ ਸਰਕਾਰ ਤੋਂ ਇਲਾਵਾ ਹੋਰ ਵੱਖ-ਵੱਖ ਸੂਬਾ ਸਰਕਾਰਾਂ ਤੋਂ ਸਾਲਾਨਾ ਗ੍ਰਾਂਟ ਸਹਾਇਤਾ ਮਿਲਦੀ ਹੈ।

ਉਰਜਿਤ ਪਟੇਲ ਨੇ ਦਿੱਤਾ ਸੀ ਅਸਤੀਫਾ
ਸਾਲ 2018 ਦੇ ਦਸੰਬਰ ਮਹੀਨੇ 'ਚ ਉਰਜਿਤ ਪਟੇਲ ਨੇ ਆਰ.ਬੀ.ਆਈ. ਗਵਰਨਰ ਦਾ ਕਾਰਜਕਾਲ ਪੂਰਾ ਹੋਣ ਤੋਂ ਪਹਿਲਾਂ ਹੀ ਅਸਤੀਫਾ ਦੇ ਦਿੱਤਾ ਸੀ। ਉਨ੍ਹਾਂ ਨੇ ਆਪਣਾ ਅਸਤੀਫਾ ਕੇਂਦਰੀ ਬੈਂਕ ਦੇ ਬੋਰਡ ਦੀ ਮਹੱਤਵਪੂਰਣ ਬੈਠਕ ਤੋਂ ਪਹਿਲਾਂ ਦਿੱਤੀ ਸੀ। ਇਸ ਬੈਠਕ 'ਚ ਸਰਕਾਰ ਦੇ ਨਾਲ ਮੱਤਭੇਦਾਂ ਨੂੰ ਦੂਰ ਕਰਣ 'ਤੇ ਗੱਲਬਾਤ ਹੋਣੀ ਸੀ।
ਪਟੇਲ ਦਾ ਤਿੰਨ ਸਾਲ ਦਾ ਕਾਰਜਕਾਲ ਸਤੰਬਰ, 2019 'ਚ ਪੂਰਾ ਹੋਣਾ ਸੀ। ਉਹ ਦੂਜੇ ਕਾਰਜਕਾਲ ਲਈ ਵੀ ਪਾਤਰ ਸਨ। ਹਾਲਾਂਕਿ, ਉਰਜਿਤ ਪਟੇਲ ਨੇ ਅਸਤੀਫਾ ਦੇਣ ਦੇ ਪਿੱਛੇ ਨਿੱਜੀ ਕਾਰਨ ਦੱਸਿਆ ਸੀ। ਉਰਜਿਤ ਪਟੇਲ ਦੇ ਅਸਤੀਫੇ ਤੋਂ ਬਾਅਦ ਸ਼ਕਤੀਕਾਂਤ ਦਾਸ ਨੇ ਰਿਜ਼ਰਵ ਬੈਂਕ ਦੇ ਗਵਰਨਰ ਦਾ ਅਹੁਦਾ ਸੰਭਾਲਿਆ ਹੈ।


Inder Prajapati

Content Editor

Related News