ਮੰਡੀਆਂ ''ਚ ਰੁੱਲ ਰਿਹਾ ਵਿਦੇਸ਼ੀ ਪਿਆਜ਼, ਨਹੀਂ ਮਿਲ ਰਿਹਾ ਕੋਈ ਖਰੀਦਦਾਰ

01/03/2020 4:48:27 PM

ਨਵੀਂ ਦਿੱਲੀ — ਪਿਆਜ਼ ਦੀਆਂ ਉੱਚੀਆਂ ਕੀਮਤਾਂ ਤੋਂ ਅਜੇ ਰਾਹਤ ਮਿਲਣ ਦੀ ਉਮੀਦ ਦਿਖਾਈ ਨਹੀਂ ਦੇ ਰਹੀ ਹੈ। ਨਵੇਂ ਪਿਆਜ਼ ਦੀ ਆਮਦ ਅਜੇ ਤੱਕ ਸ਼ੁਰੂ ਨਹੀਂ ਹੋਈ ਹੈ ਇਸ ਲਈ ਸਰਕਾਰ ਵਲੋਂ ਪਿਆਜ਼ ਦਾ ਵਿਦੇਸ਼ਾਂ ਤੋਂ ਭਾਰੀ ਮਾਤਰਾ 'ਚ ਆਯਾਤ ਕੀਤਾ ਜਾ ਰਿਹਾ ਹੈ। ਸੂਬਾ ਸਰਕਾਰਾਂ ਕਰੀਬ 5 ਟਨ ਪਿਆਜ਼ ਨਹੀਂ ਚੁੱਕ ਰਹੀਆਂ ਜਿਹੜਾ ਕਿ ਸਰਕਾਰ ਨੇ ਵਿਦੇਸ਼ਾਂ ਤੋਂ ਆਯਾਤ ਕੀਤਾ ਹੈ। ਵਿਦੇਸ਼ੀ ਪਿਆਜ਼ ਦੇ ਬਦਲੇ ਸੂਬਾ ਸਰਕਾਰਾਂ ਨਵੇਂ ਪਿਆਜ਼ ਦੀ ਆਮਦ ਦਾ ਇੰਤਜ਼ਾਰ ਕਰ ਰਹੀਆਂ ਹਨ ਜਿਸ ਨਾਲ ਕੀਮਤ 'ਚ ਨਰਮੀ ਆਉਣ ਦੀ ਸੰਭਾਵਨਾ ਹੈ। 

5 ਹਜ਼ਾਰ ਟਨ ਪਿਆਜ਼ ਰੁਲ ਰਿਹਾ ਮੰਡੀਆ 'ਚ

ਕੀਮਤਾਂ 'ਤੇ ਕਾਬੂ ਪਾਉਣ  ਲਈ ਸਰਕਾਰ ਨੇ ਤੁਰਕੀ, ਮਿਸਰ, ਅਫਗਾਨੀਸਤਾਨ ਅਤੇ ਸ੍ਰੀਲੰਕਾ ਤੋਂ 45 ਹਜ਼ਾਰ ਟਨ ਪਿਆਜ਼ ਆਯਾਤ ਕਰਨ ਦਾ ਫੈਸਲਾ ਕੀਤਾ ਜਿਸ ਵਿਚੋਂ 5 ਹਜ਼ਾਰ ਟਨ ਪਿਆਜ਼ ਦੇਸ਼ ਦੀਆਂ ਮੰਡੀਆਂ ਵਿਚ ਪਹੁੰਚ ਚੁੱਕਾ ਹੈ ਅਤੇ ਸੈਂਕੜੇ ਟਨ ਪਿਆਜ਼ ਰਸਤੇ 'ਚ ਹੈ। ਸੰਬੰਧਿਤ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਸੂਬਾ ਸਰਕਾਰਾਂ ਜੇਕਰ ਪਿਆਜ਼ ਨਹੀਂ ਚੁੱਕਦੀਆਂ ਤਾਂ ਕੇਂਦਰ ਸਰਕਾਰ ਨੂੰ ਭਾਰੀ ਨੁਕਸਾਨ ਹੋ ਸਕਦਾ ਹੈ ਕਿਉਂਕਿ ਪਿਆਜ਼ ਨੂੰ ਲੰਮੇ ਸਮੇਂ ਤੱਕ ਸਟੋਰ ਕਰਕੇ ਨਹੀਂ ਰੱਖਿਆ ਜਾ ਸਕਦਾ ਹੈ।

ਪਿਆਜ਼ ਦੀ ਨਵੀਂ ਫਸਲ ਦੀ ਆਮਦ ਸ਼ੁਰੂ

ਮੰਡੀਆਂ ਵਿਚ ਦੇਸੀ ਪਿਆਜ਼ ਦੀ ਆਮਦ ਹੋਲੀ-ਹੋਲੀ ਸ਼ੁਰੂ ਹੋ ਚੁੱਕੀ ਹੈ। ਮਹਾਰਾਸ਼ਟਰ ਦੇ ਲਾਸਲਗਾਂਵ ਮੰਡੀ ਵਿਚ ਵੀਰਵਾਰ ਨੂੰ 1 ਕਵਿੰਟਲ ਪਿਆਜ਼ ਦੀ ਕੀਮਤ 3500 ਰੁਪਏ ਸੀ ਜਿਹੜੀ ਕਿ ਇਕ ਮਹੀਨਾ ਪਹਿਲਾਂ 8600 ਰੁਪਏ ਤੱਕ ਪਹੁੰਚ ਗਈ ਸੀ। ਹਾਲਾਂਕਿ ਪ੍ਰਚੂਨ ਮਾਰਕਿਟ 'ਚ ਕੀਮਤ ਅਜੇ ਵੀ 90 ਰੁਪਏ ਦੇ ਆਸ-ਪਾਸ ਬਣੀ ਹੋਈ ਹੈ।

ਦੁੱਗਣਾ ਹੋ ਸਕਦਾ ਹੈ ਪਿਆਜ਼ ਦਾ ਸਟਾਕ

ਪਿਛਲੇ ਸਾਲ ਪਿਆਜ਼ ਦੀਆਂ ਉੱਚੀਆਂ ਕੀਮਤਾਂ ਨੂੰ ਦੇਖਦੇ ਹੋਏ ਸਰਕਾਰ ਨੇ ਹੁਣੇ ਤੋਂ ਇਸ ਲਈ ਤਿਆਰੀ ਸ਼ੁਰੂ ਕਰ ਦਿੱਤੀ ਹੈ ਤਾਂ ਜੋ ਦੁਬਾਰਾ ਤੋਂ ਅਜਿਹੇ ਹਾਲਾਤ ਨਾ ਬਣਨ। ਕੇਂਦਰ ਸਰਕਾਰ ਨੇ ਪਿਆਜ਼ ਦੇ ਬਫਰ ਸਟਾਕ ਨੂੰ ਕਰੀਬ ਦੁੱਗਣਾ ਕਰਦੇ ਹੋਏ ਇਕ ਲੱਖ ਟਨ ਬਣਾਉਣ ਦਾ ਫੈਸਲਾ ਕੀਤਾ ਹੈ। ਪਿਛਲੇ ਸਾਲ ਪਿਆਜ਼ ਦਾ 56,000 ਟਨ ਦਾ ਬਫਰ ਸਟਾਕ ਤਿਆਰ ਕੀਤਾ ਗਿਆ ਸੀ। ਇਸ ਦੇ ਬਾਵਜੂਦ ਕੀਮਤ 'ਤੇ ਲਗਾਮ ਨਹੀਂ ਲਗਾਇਆ ਜਾ ਸਕਿਆ।


Related News