ਵਿਦੇਸ਼ੀ ਨਿਵੇਸ਼ਕਾਂ ਦੀ ਜ਼ਬਰਦਸਤ ਖਰੀਦਦਾਰੀ, ਅਗਸਤ ’ਚ ਬਾਂਡ ਮਾਰਕੀਟ ’ਚ 11,366 ਕਰੋੜ ਲਾਏ

Sunday, Aug 25, 2024 - 05:42 PM (IST)

ਵਿਦੇਸ਼ੀ ਨਿਵੇਸ਼ਕਾਂ ਦੀ ਜ਼ਬਰਦਸਤ ਖਰੀਦਦਾਰੀ, ਅਗਸਤ ’ਚ ਬਾਂਡ ਮਾਰਕੀਟ ’ਚ 11,366 ਕਰੋੜ ਲਾਏ

ਨਵੀਂ ਦਿੱਲੀ (ਭਾਸ਼ਾ) - ਵਿਦੇਸ਼ੀ ਨਿਵੇਸ਼ਕਾਂ ਨੇ ਇਸ ਮਹੀਨੇ ਹੁਣ ਤੱਕ ਦੇਸ਼ ਦੇ ਬਾਂਡ ਬਾਜ਼ਾਰ ’ਚ 11,366 ਕਰੋੜ ਰੁਪਏ ਲਾਏ ਹਨ। ਇਸ ਦੇ ਨਾਲ ਬਾਂਡ ਖੇਤਰ ’ਚ ਨੈੱਟ ਰੂਪ ਨਾਲ ਕੈਪੀਟਲ ਇਨਫਲੋਅ ਇਸ ਸਾਲ 1 ਲੱਖ ਕਰੋੜ ਰੁਪਏ ਨੂੰ ਪਾਰ ਕਰ ਗਿਆ ਹੈ। ਭਾਰਤ ਦੇ ਬਾਂਡ ਬਾਜ਼ਾਰ ’ਚ ਵਿਦੇਸ਼ੀ ਨਿਵੇਸ਼ਕਾਂ ਦੀ ਮਜ਼ਬੂਤ ਖਰੀਦਦਾਰੀ ਦਾ ਕ੍ਰੈਡਿਟ ਇਸ ਸਾਲ ਜੂਨ ’ਚ ਜੇ. ਪੀ. ਮਾਰਗਨ ਦੇ ਉੱਭਰਦੇ ਬਾਜ਼ਾਰ ਸਰਕਾਰੀ ਬਾਂਡ ਇੰਡੈਕਸ ’ਚ ਭਾਰਤ ਨੂੰ ਸ਼ਾਮਲ ਕੀਤੇ ਜਾਣ ਨੂੰ ਦਿੱਤਾ ਜਾ ਸਕਦਾ ਹੈ।

ਡਿਪਾਜ਼ਟਰੀ ਦੇ ਅੰਕੜਿਆਂ ਮੁਤਾਬਕ ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕਾਂ (ਐੱਫ. ਪੀ. ਆਈ.) ਨੇ ਇਸ ਮਹੀਨੇ (24 ਅਗਸਤ ਤੱਕ) ਬਾਂਡ ਬਾਜ਼ਾਰ ’ਚ 11,366 ਕਰੋੜ ਰੁਪਏ ਲਾਏ ਹਨ। ਭਾਰਤੀ ਬਾਂਡ ਬਾਜ਼ਾਰ ’ਚ ਜੁਲਾਈ ’ਚ 22,363 ਕਰੋੜ, ਜੂਨ ’ਚ 14,955 ਕਰੋਡ਼ ਅਤੇ ਮਈ ’ਚ 8,760 ਕਰੋੜ ਰੁਪਏ ਦੇ ਨੈੱਟ ਨਿਵੇਸ਼ ਹੋਏ ਸਨ। ਇਸ ਤੋਂ ਪਹਿਲਾਂ, ਉਨ੍ਹਾਂ ਨੇ ਅਪ੍ਰੈਲ ’ਚ 10,949 ਕਰੋੜ ਰੁਪਏ ਕੱਢੇ ਸਨ।

ਇਸ ਤਾਜ਼ਾ ਕੈਪੀਟਲ ਇਨਫਲੋਅ ਨਾਲ 2024 ’ਚ ਹੁਣ ਤੱਕ ਬਾਂਡ ’ਚ ਐੱਫ. ਪੀ. ਆਈ. ਦਾ ਨੈੱਟ ਨਿਵੇਸ਼ 1.02 ਲੱਖ ਕਰੋੜ ਰੁਪਏ ਤੱਕ ਪਹੁੰਚ ਗਿਆ ਹੈ।

ਐੱਫ. ਪੀ. ਆਈ. ਨੇ ਇਕਵਿਟੀ ਤੋਂ ਕੱਢੇ 16,305 ਕਰੋੜ

ਦੂਜੀ ਪਾਸੇ ਯੇਨ ਕੈਰੀ ਟਰੇਡ ਯਾਨੀ ਹੇਠਲੀ ਵਿਆਜ ਦਰ ਵਾਲੇ ਦੇਸ਼ ਤੋਂ ਕਰਜ਼ਾ ਲੈ ਕੇ ਦੂਜੇ ਦੇਸ਼ ਦੀਆਂ ਜਾਇਦਾਦਾਂ ’ਚ ਨਿਵੇਸ਼ ਨੂੰ ਖਤਮ ਕਰਨ, ਅਮਰੀਕਾ ’ਚ ਮੰਦੀ ਦੇ ਖਦਸ਼ੇ ਅਤੇ ਕੌਮਾਂਤਰੀ ਪੱਧਰ ’ਤੇ ਜਾਰੀ ਸੰਘਰਸ਼ਾਂ ਕਾਰਨ ਇਸ ਮਹੀਨੇ ਹੁਣ ਤੱਕ ਐੱਫ. ਪੀ. ਆਈ. ਨੇ ਇਕਵਿਟੀ ਤੋਂ 16,305 ਕਰੋੜ ਰੁਪਏ ਤੋਂ ਜ਼ਿਆਦਾ ਕੱਢੇ ਹਨ।

ਮਾਰਨਿੰਗਸਟਾਰ ਇਨਵੈਸਟਮੈਂਟ ਰਿਸਰਚ ਇੰਡੀਆ ਦੇ ਐਸੋਸੀਏਟ ਨਿਰਦੇਸ਼ਕ ਰਿਸਰਚ ਮੈਨੇਜਰ ਹਿਮਾਂਸ਼ੂ ਸ਼੍ਰੀਵਾਸਤਵ ਨੇ ਕਿਹਾ ਕਿ ਬਜਟ ’ਚ ਇਕਵਿਟੀ ਨਿਵੇਸ਼ ’ਤੇ ਕੈਪੀਟਲ ਗੇਨ ਟੈਕਸ ’ਚ ਵਾਧੇ ਦੇ ਐਲਾਨ ਨੇ ਇਸ ਵਿਕਰੀ ਨੂੰ ਕਾਫੀ ਹੱਦ ਤੱਕ ਵਧਾਇਆ ਹੈ।

ਹਾਈ ਵੈਲਿਊਏਸ਼ਨ ਕਾਰਨ ਐੱਫ. ਪੀ. ਆਈ. ਸਾਵਧਾਨ

ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਭਾਰਤੀ ਸ਼ੇਅਰਾਂ ਦੇ ਹਾਈ ਵੈਲਿਊਏਸ਼ਨ ਕਾਰਨ ਐੱਫ. ਪੀ. ਆਈ. ਸਾਵਧਾਨ ਹਨ। ਨਾਲ ਹੀ ਅਮਰੀਕਾ ’ਚ ਰੋਜ਼ਗਾਰ ਦੇ ਕਮਜ਼ੋਰ ਅੰਕੜਿਆਂ ਨਾਲ ਮੰਦੀ ਦੇ ਵਧਦੇ ਖਦਸ਼ੇ, ਨੀਤੀਗਤ ਦਰ ’ਚ ਕਟੌਤੀ ਦੇ ਸਮੇਂ ਨੂੰ ਲੈ ਕੇ ਅਨਿਸ਼ਚਿਤਤਾ ਅਤੇ ਯੇਨ ਕੈਰੀ ਟਰੇਡ ਖਤਮ ਹੋਣ ਨਾਲ ਵੀ ਐੱਫ. ਪੀ. ਆਈ. ਸਾਵਧਾਨ ਰੁਖ ਆਪਣਾ ਰਹੇ ਹਨ। ਕੁਲ ਮਿਲਾ ਕੇ, ਭਾਰਤ ਐੱਫ. ਪੀ. ਆਈ. ਜ਼ਰੀਏ ਲੰਮੀ ਮਿਆਦ ਦੇ ਨਿਵੇਸ਼ ਆਕਰਸ਼ਿਤ ਕਰ ਰਿਹਾ ਹੈ ਅਤੇ ਇਸ ਮਾਮਲੇ ’ਚ ਸਥਿਤੀ ਅਨੁਕੂਲ ਬਣੀ ਹੋਈ ਹੈ।


author

Harinder Kaur

Content Editor

Related News