ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ ਨੇ ਅਗਸਤ ਦੇ ਪਹਿਲੇ ਹਫ਼ਤੇ 2000 ਕਰੋੜ ਰੁਪਏ ਦੇ ਵੇਚੇ ਸ਼ੇਅਰ
Monday, Aug 07, 2023 - 10:03 AM (IST)
ਨਵੀਂ ਦਿੱਲੀ (ਭਾਸ਼ਾ) – ਵਿਦੇਸ਼ੀ ਸੰਸਥਾਗਤ ਨਿਵੇਸ਼ਕ (ਐੱਫ. ਆਈ.ਆਈ.) ਅਗਸਤ ਦੇ ਪਹਿਲੇ ਹਫ਼ਤੇ ਵਿੱਚ ਪੂੰਜੀ ਬਾਜ਼ਾਰ ਵਿੱਚ ਸ਼ੁੱਧ ਬਿਕਵਾਲ ਰਹੇ। ਪੰਜ ਮਹੀਨਿਆਂ ਤੱਕ ਲਗਾਤਾਰ ਲਿਵਾਲ ਰਹਿਣ ਤੋਂ ਬਾਅਦ ਉਨ੍ਹਾਂ ਨੇ ਸਮੀਖਿਆ ਅਧੀਨ ਹਫ਼ਤੇ ਵਿੱਚ ਕਰੀਬ 2,000 ਕਰੋੜ ਰੁਪਏ ਦੇ ਸ਼ੇਅਰ ਵੇਚੇ। ਯੈੱਸ ਸਕਿਓਰਿਟੀਜ਼ ਦੀ ਮੁੱਖ ਨਿਵੇਸ਼ ਸਲਾਹਕਾਰ ਨਿਤਾਸ਼ਾ ਸ਼ੰਕਰ ਨੇ ਇਸ ਸਬੰਧ ਵਿੱਚ ਕਿਹਾ ਕਿ ਮਜ਼ਬੂਤ ਮੁਲਾਂਕਣ ਅਤੇ ਮਾਮੂਲੀ ਮੁਨਾਫਾਵਸੂਲੀ ਇਸ ਵਿਕਰੀ ਦਾ ਮੁੱਖ ਕਾਰਨ ਰਹੀ ਹੈ।
ਜੀਓਜੀਤ ਫਾਈਨਾਂਸ਼ੀਅਲ ਸਰਵਿਸਿਜ਼ ਦੇ ਮੁੱਖ ਨਿਵੇਸ਼ ਰਣਨੀਤੀਕਾਰ ਵੀ. ਕੇ. ਵਿਜੇ ਕੁਮਾਰ ਨੇ ਕਿਹਾ ਕਿ ਅਮਰੀਕਾ ਵਿੱਚ 10 ਸਾਲਾਂ ਬਾਂਡ ਪ੍ਰਤੀਫਲ ਵਿੱਚ 4 ਫ਼ੀਸਦੀ ਤੋਂ ਜ਼ਿਆਦਾ ਵਾਧਾ ਉੱਭਰਦੇ ਬਾਜ਼ਾਰਾਂ ਵਿੱਚ ਪੂੰਜੀ ਪ੍ਰਵਾਹ ਲਈ ਨੇੜਲੀ ਮਿਆਦ ਵਿੱਚ ਨਾਂਹਪੱਖੀ ਹੋਵੇਗੀ। ਉਨ੍ਹਾਂ ਨੇ ਕਿਹਾ ਕਿ ਜੇ ਅਮਰੀਕੀ ਬਾਂਡ ਦਾ ਪ੍ਰਤੀਫਲ ਉੱਚਾ ਬਣਿਆ ਰਿਹਾ ਤਾਂ ਐੱਫ. ਪੀ. ਆਈ. ਵਲੋਂ ਵਿਕਰੀ ਜਾਰੀ ਰੱਖਣ ਜਾਂ ਘੱਟ ਤੋਂ ਘੱਟ ਖਰੀਦਦਾਰੀ ਤੋਂ ਪਰਹੇਜ਼ ਕਰਨ ਦਾ ਖਦਸ਼ਾ ਹੈ। ਸ਼ੇਅਰ ਬਾਜ਼ਾਰ ਦੇ ਅੰਕੜਿਆਂ ਮੁਤਾਬਕ ਵਿਦੇਸ਼ਈ ਪੋਰਟਫੋਲੀਓ ਨਿਵੇਸ਼ਕਾਂ (ਐੱਫ. ਪੀ. ਆਈ.) ਨੇ ਇਕ ਤੋਂ ਪੰਜ ਅਗਸਤ ਦੌਰਾਨ ਸ਼ੁੱਧ ਰੂਪ ਨਾਲ 2,034 ਕਰੋੜ ਰੁਪਏ ਦੇ ਸ਼ੇਅਰ ਵੇਚੇ। ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ ਨੇ ਪੰਜ ਮਹੀਨਿਆਂ ਤੱਕ ਲਗਾਤਾਰ ਲਿਵਾਲ ਰਹਿਣ ਤੋਂ ਬਾਅਦ ਇਹ ਬਦਲਾਅ ਦੇਖਿਆ ਗਿਆ।
ਇਸ ਤੋਂ ਇਲਾਵਾ ਐੱਫ. ਪੀ. ਆਈ. ਨੇ ਪਿਛਲੇ ਤਿੰਨ ਮਹੀਨਿਆਂ (ਮਈ, ਜੂਨ ਅਤੇ ਜੁਲਾਈ) ਵਿੱਚ ਔਸਤਨ 40,000 ਕਰੋੜ ਰੁਪਏ ਤੋਂ ਵੱਧ ਦਾ ਨਿਵੇਸ਼ ਕੀਤਾ। ਅੰਕੜਿਆਂ ਮੁਤਾਬਕ ਉਨ੍ਹਾਂ ਨੇ ਜੁਲਾਈ ਵਿੱਚ 46,618 ਕਰੋੜ ਰੁਪਏ, ਜੂਨ ਵਿੱਚ 47,148 ਕਰੋੜ ਅਤੇ ਮਈ ਵਿੱਚ 43,838 ਕਰੋੜ ਰੁਪਏ ਦੀ ਸ਼ੁੱਧ ਖਰੀਦਦਾਰੀ ਕੀਤੀ। ਮਾਰਚ ਤੋਂ ਪਹਿਲਾਂ ਜਨਵਰੀ ਅਤੇ ਫਰਵਰੀ ਵਿੱਚ ਵਿਦੇਸ਼ੀ ਨਿਵੇਸ਼ਕਾਂ ਨੇ 34,626 ਕਰੋੜ ਰੁਪਏ ਕੱਢੇ ਸਨ। ਮਾਰਨਿੰਗਸਟਾਰ ਇੰਡੀਆ ਦੇ ਜੁਆਇੰਟ ਡਾਇਰੈਕਟਰ ਅਤੇ ਖੋਜ ਪ੍ਰਬੰਧਕ ਹਿਮਾਂਸ਼ੂ ਸ਼੍ਰੀਵਾਸਤਵ ਨੇ ਗਲੋਬਲ ਕ੍ਰੈਡਿਟ ਰੇਟਿੰਗ ਏਜੰਸੀ ਫਿੱਚ ਦੇ ਅਮਰੀਕਾ ਦੀ ਕ੍ਰੈਡਿਟ ਰੇਟਿੰਗ ਨੂੰ ਏ. ਏ. ਏ. ਤੋਂ ਘਟਾ ਕੇ ‘ਏ. ਏ. ਪਲੱਸ’ ਕਰਨ ਨੂੰ ਵੀ ਇਸ ਵਿਕਰੀ ਦਾ ਮੁੱਖ ਕਾਰਨ ਦੱਸਿਆ।