ਬਿਨਾਂ ਹੈਲਮੇਟ ਪੰਪਾਂ ''ਤੇ ਨਹੀਂ ਮਿਲੇਗਾ ਪੈਟਰੋਲ, 1 ਜੂਨ ਤੋਂ ਨਵਾਂ ਨਿਯਮ!

05/15/2019 3:49:09 PM

ਨਵੀਂ ਦਿੱਲੀ—  ਹੁਣ ਮੋਟਰਸਾਈਕਲ ਤੇ ਸਕੂਟਰ ਸਵਾਰਾਂ ਨੂੰ ਬਿਨਾਂ ਹੈਲਮੇਟ ਦੇ ਪੈਟਰੋਲ ਨਹੀਂ ਮਿਲੇਗਾ। ਫਿਲਹਾਲ ਤਾਂ ਇਹ ਨਿਯਮ ਨੋਇਡਾ ਤੇ ਗ੍ਰੇਟਰ ਨੋਇਡਾ 'ਚ ਪਹਿਲੀ ਜੂਨ ਤੋਂ ਲਾਗੂ ਹੋਣ ਜਾ ਰਿਹਾ ਹੈ ਪਰ ਸੰਭਾਵਨਾ ਹੈ ਕਿ ਬਾਕੀ ਸ਼ਹਿਰਾਂ 'ਚ ਵੀ ਜਲਦ ਹੀ ਇਹ ਨਿਯਮ ਬਣਾ ਦਿੱਤਾ ਜਾਵੇ। ਇਸ ਲਈ ਹੈਲਮੇਟ ਸਿਰ 'ਤੇ ਪਾਉਣ ਦੀ ਆਦਤ ਹੁਣ ਤੋਂ ਹੀ ਪਾ ਲਓ। ਨੋਇਡਾ ਦੇ ਪ੍ਰਸ਼ਾਸਨ ਨੇ ਸੜਕ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਇਹ ਕਦਮ ਉਠਾਇਆ ਹੈ।

 

 

ਮੋਟਰ ਵਾਹਨ ਐਕਟ 1988 ਦੀ ਧਾਰਾ 129 ਅਨੁਸਾਰ, ਮੋਟਰਸਾਈਕਲ ਜਾਂ ਸਕੂਟਰ ਦੀ ਸਵਾਰੀ ਕਰਦੇ ਸਮੇਂ ਹੈਲਮੇਟ ਨਾ ਪਾਉਣਾ ਕਾਨੂੰਨ ਦੀ ਉਲੰਘਣਾ ਹੈ ਤੇ ਭਾਰਤੀ ਪੀਨਲ ਕੋਡ (ਆਈ. ਪੀ. ਸੀ.) ਦੀ ਧਾਰਾ 188 ਤਹਿਤ ਛੇ ਮਹੀਨੇ ਤੱਕ ਦੀ ਕੈਦ ਹੋ ਸਕਦੀ ਹੈ।
ਨੋਇਡਾ ਪ੍ਰਸ਼ਾਸਨ ਨੇ ਉੱਥੋਂ ਦੇ ਸਾਰੇ ਪੰਪ ਮਾਲਕਾਂ ਨਾਲ ਮੀਟਿੰਗ ਕਰਕੇ ਇਹ ਨਿਯਮ ਸਖਤੀ ਨਾਲ ਲਾਗੂ ਕਰਨ ਦੀ ਹਿਦਾਇਤ ਦਿੱਤੀ ਹੈ। ਹੁਣ ਨੋਇਡਾ ਤੇ ਗ੍ਰੇਟਰ ਨੋਇਡਾ ਇਨ੍ਹਾਂ ਦੋ ਸ਼ਹਿਰਾਂ 'ਚ ਬਾਈਕ ਸਵਾਰਾਂ ਨੂੰ ਪੈਟਰੋਲ ਤਾਂ ਹੀ ਮਿਲੇਗਾ ਜੇਕਰ ਉਨ੍ਹਾਂ ਨੇ ਹੈਲਮੇਟ ਪਾਇਆ ਹੋਵੇਗਾ। ਨੋਇਡਾ ਪ੍ਰਸ਼ਾਸਨ ਜਲਦ ਹੀ ਇਸ ਨੂੰ ਉੱਥੋਂ ਦੇ ਨੇੜਲੇ ਪੇਂਡੂ ਇਲਾਕਿਆਂ 'ਚ ਵੀ ਲਾਗੂ ਕਰਨ 'ਤੇ ਵਿਚਾਰ ਕਰ ਰਿਹਾ ਹੈ। ਨੋਇਡਾ ਪ੍ਰਸ਼ਾਸਨ ਦੀ ਪਹਿਲ ਨੂੰ ਦੇਖਦੇ ਹੋਏ ਬਾਕੀ ਸ਼ਹਿਰਾਂ ਦਾ ਪ੍ਰਸ਼ਾਸਨ ਵੀ ਸੜਕ ਸੁਰੱਖਿਆ ਨੂੰ ਧਿਆਨ 'ਚ ਰੱਖਦੇ ਹੋਏ ਪੈਟਰੋਲ ਲੈਣ ਲਈ ਬਾਈਕ ਸਵਾਰਾਂ ਲਈ ਹੈਲਮੇਟ ਨੂੰ ਜ਼ਰੂਰੀ ਬਣਾ ਸਕਦਾ ਹੈ।


Related News