ਅਨਾਜ ਅਤੇ ਤੇਲ ਦੀਆਂ ਕੀਮਤਾਂ ਅਸਮਾਨ ’ਤੇ, ਗਰੀਬ ਦੇਸ਼ਾਂ ਦੀ ਹਾਲਤ ਹੋ ਸਕਦੀ ਹੈ ਹੋਰ ਵੀ ਖ਼ਰਾਬ

04/10/2022 1:55:52 PM

ਨਵੀਂ ਦਿੱਲੀ (ਬਿਜ਼ਨੈੱਸ ਡੈਸਕ) – ਯੂਕ੍ਰੇਨ ’ਤੇ ਰੂਸ ਦੇ ਹਮਲੇ ਦੇ ਨਤੀਜੇ ਵਜੋਂ ਗਲੋਬਲ ਅਨਾਜ ਦੀਆਂ ਕੀਮਤਾਂ ਮਾਰਚ ’ਚ ਆਪਣੇ ਸਭ ਤੋਂ ਉੱਚ ਪੱਧਰ ’ਤੇ ਪਹੁੰਚ ਗਈਆਂ। ਫੂਡ ਅਤੇ ਖੇਤੀਬਾੜੀ ਸੰਗਠਨ (ਐੱਫ. ਏ. ਓ.) ਦੇ ਮਾਸਿਕ ਖੁਰਾਕ ਮੁੱਲ ਸੂਚਕ ਅੰਕ ਮੁਤਾਬਕ ਖਾਣਾ ਪਕਾਉਣ ਵਾਲੇ ਤੇਲ, ਅਨਾਜ ਅਤੇ ਮੀਟ ਹੁਣ ਤੱਕ ਦੇ ਸਭ ਤੋਂ ਉੱਚ ਪੱਧਰ ’ਤੇ ਪਹੁੰਚ ਗਏ ਅਤੇ ਇਸ ਦਾ ਮਤਲਬ ਹੈ ਕਿ ਖਾਣ ਵਾਲੀਆਂ ਵਸਤਾਂ ਦੀ ਕੀਮਤ ਪਿਛਲੇ ਦੀ ਤੁਲਨਾ ’ਚ ਇਕ ਤਿਹਾਈ ਵੱਧ ਹੈ। ਸੰਯੁਕਤ ਰਾਸ਼ਟਰ ਨੇ ਦੱਸਿਆ ਕਿ ਰੂਸ-ਯੂਕ੍ਰੇਨ ਜੰਗ ਨੇ ਇਕ ਅਜਿਹੇ ਖੇਤਰ ਤੋਂ ਅਹਿਮ ਵਸਤਾਂ ਦੀ ਕਾਲਾ ਸਾਗਰ ’ਚ ਹੋਣ ਵਾਲੀ ਬਰਾਮਦ ਨੂੰ ਪ੍ਰਭਾਵਿਤ ਕਰ ਦਿੱਤਾ ਹੈ ਜੋ ਦੁਨੀਆ ਦੇ ਇਕ ਚੌਥਾਈ ਤੋਂ ਵੱਧ ਕਣਕ ਬਰਾਮਦ ਦਾ ਉਤਪਾਦਨ ਕਰ ਰਿਹਾ ਸੀ।

ਜੰਗ ਕਾਰਨ ਯੂਕ੍ਰੇਨ ਦੀਆਂ ਉਨ੍ਹਾਂ ਬੰਦਰਗਾਹਾਂ ’ਤੇ ਕੰਮਕਾਜ ਬੰਦ ਹੋ ਗਿਆ ਹੈ, ਜਿੱਥੋਂ ਕਣਕ ਅਤੇ ਮੱਕੀ ਦੀ ਬਰਾਮਦ ਕੀਤੀ ਜਾਂਦੀ ਹੈ। ਇਸੇ ਕਾਰਨ ਪਿਛਲੇ ਮਹੀਨੇ ’ਚ ਅਨਾਜ ਦੀਆਂ ਕੀਮਤਾਂ ’ਚ 17 ਫੀਸਦੀ ਤੱਕ ਦਾ ਵਾਧਾ ਹੋਇਆ ਹੈ। ਵਿੱਤੀ ਅਤੇ ਸ਼ਿਪਿੰਗ ਸਮੱਸਿਆਵਾਂ ਕਾਰਨ ਰੂਸ ਦੀ ਬਰਾਮਦ ’ਤੇ ਵੀ ਡੂੰਘਾ ਅਸਰ ਹੋਇਆ ਹੈ। ਮਾਰਚ ਦੌਰਾਨ ਵਿਸ਼ਵ ’ਚ ਕਣਕ ਦੀਆਂ ਕੀਮਤਾਂ ’ਚ 19.7 ਫੀਸਦੀ ਦਾ ਵਾਧਾ ਹੋਇਆ ਜਦ ਕਿ ਮੱਕੀ ਦੀਆਂ ਕੀਮਤਾਂ ’ਚ ਮਹੀਨੇ-ਦਰ-ਮਹੀਨੇ 19.1 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ ਜੋ ਜੌਂ ਅਤੇ ਜਵਾਰ ਨਾਲ ਰਿਕਾਰਡ ਉੱਚ ਪੱਧਰ ’ਤੇ ਪਹੁੰਚ ਗਈਆਂ ਹਨ। ਐੱਫ. ਏ. ਓ. ਨੇ ਕਿਹਾ ਕਿ ਇਨ੍ਹਾਂ ਸਮੱਸਿਆਵਾਂ ਦੇ ਬਣੇ ਰਹਿਣ ਦੀ ਸੰਭਾਵਨਾ ਹੈ, ਜਿਸ ਨਾਲ ਭਵਿੱਖ ’ਚ ਕਣਕ ਦੇ ਬਾਜ਼ਾਰ ’ਚ ਇਸ ਦੀਆਂ ਕੀਮਤਾਂ ’ਚ ਵਾਧਾ, ਘੱਟ ਸਟਾਕ ਅਤੇ ਅਨਿਸ਼ਚਿਤਤਾ ਹੋ ਸਕਦੀ ਹੈ।

ਇਹ ਵੀ ਪੜ੍ਹੋ : RBI ਦਾ ਵੱਡਾ ਐਲਾਨ, ਹੁਣ ਹਰ ATM 'ਤੇ ਹੋਵੇਗੀ ਕਾਰਡ ਰਹਿਤ ਪੈਸੇ ਕਢਵਾਉਣ ਦੀ ਸੁਵਿਧਾ

ਜੰਗ ਕਾਰਨ ਪਹਿਲਾਂ ਤੋਂ ਹੀ ਰਿਕਾਰਡ ਉਚਾਈ ’ਤੇ ਸਨ ਕੀਮਤਾਂ

ਇੰਟਰਨੈਸ਼ਨਲ ਫੂਡ ਪਾਲਿਸੀ ਰਿਸਰਚ ਇੰਸਟੀਚਿਊਟ ਦੇ ਸੀਨੀਅਰ ਰਿਸਰਚ ਫੇਲੋ ਜੋਸਫ ਗਲੌਬਰ ਨੇ ਕਿਹਾ ਕਿ ਹਮਲੇ ਤੋਂ ਪਹਿਲਾਂ ਸੀਮਤ ਗਲੋਬਲ ਸਪਲਾਈ ਕਾਰਨ ਕੀਮਤਾਂ ਪਹਿਲਾਂ ਤੋਂ ਹੀ ਰਿਕਾਰਡ ਉਚਾਈ ਦੇ ਕਰੀਬ ਸਨ। ਉਨ੍ਹਾਂ ਨੇ ਕਿਹਾ ਕਿ ਅਨੁਮਾਨਿਤ ਸਟਾਕ ਦਾ ਪੱਧਰ ਹਾਲ ਹੀ ਦੇ ਸਾਲਾਂ ਦੇ ਤੁਲਨਾ ’ਚ ਪਹਿਲਾਂ ਤੋਂ ਹੀ ਘੱਟ ਸੀ, ਜਿਸ ਦਾ ਅਰਥ ਹੈ ਕਿ ਕਾਲਾ ਸਾਗਰ ਤੋਂ ਘੱਟ ਬਰਾਮਦ ਦੇ ਪ੍ਰਭਾਵਾਂ ਨੂੰ ਘੱਟ ਕਰਨ ਲਈ ਕੁੱਝ ਸਪਲਾਈ ਮੁਹੱਈਆ ਹੈ। ਇੰਸਟੀਚਿਊਟ ਦਾ ਅਨੁਮਾਨ ਹੈ ਕਿ ਯੂਕ੍ਰੇਨ ਅਤੇ ਰੂਸ ਨੇ ਦੁਨੀਆ ’ਚ 12 ਫੀਸਦੀ ਕੈਲੋਰੀ ਦਾ ਕਾਰੋਬਾਰ ਕੀਤਾ ਹੈ। ਗਲੌਬਰ ਨੇ ਕਿਹਾ ਕਿ ਖਾਣ ਵਾਲੀਆਂ ਵਸਤਾਂ ਦੀਆਂ ਕੀਮਤਾਂ ’ਚ ਉਤਰਾਅ-ਚੜ੍ਹਾਅ ਹਰ ਥਾਂ ਮਹਿਸੂਸ ਕੀਤਾ ਜਾ ਰਿਹਾ ਹੈ, ਜੋ ਦੇਸ਼ ਵਿਸ਼ੇਸ਼ ਤੌਰ ’ਤੇ ਰੂਸ ਅਤੇ ਯੂਕ੍ਰੇਨ ਦੀ ਕਣਕ ’ਤੇ ਨਿਰਭਰ ਕਰਦੇ ਸਨ, ਉਨ੍ਹਾਂ ਨੂੰ ਕਣਕ ਦੀ ਸਪਲਾਈ ਲਈ ਯੂਰਪੀ ਸੰਘ, ਅਮਰੀਕਾ, ਆਸਟ੍ਰੇਲੀਆ, ਕੈਨੇਡਾ ਅਤੇ ਅਰਜਨਟੀਨਾ ਵੱਲ ਰੁਖ ਕਰਨਾ ਪੈ ਸਕਦਾ ਹੈ।

ਅਨਾਜ ਦੇ ਨਾਲ-ਨਾਲ ਤੇਲ ਦੀਆਂ ਕੀਮਤਾਂ ’ਚ ਵੀ ਵਾਧਾ

ਉਨ੍ਹਾਂ ਨੇ ਕਿਹਾ ਕਿ ਇਸ ’ਚੋਂ ਕਈ ਦੇਸ਼ ਉੱਤਰੀ ਅਫਰੀਕਾ ਅਤੇ ਮੱਧ ਪੂਰਬ ’ਚ ਹਨ, ਜਿੱਥੇ ਕਣਕ ਅਕਸਰ ਖਪਤ ਹੋਣ ਵਾਲੀ ਕੁੱਲ ਕੈਲੋਰੀ ਦਾ 35 ਫੀਸਦੀ ਹਿੱਸਾ ਹੁੰਦਾ ਹੈ ਅਤੇ ਜ਼ਿਆਦਾਤਰ ਕਣਕ ਕਾਲਾ ਸਾਗਰ ’ਚ ਦਰਾਮਦ ਕੀਤੀ ਜਾਂਦੀ ਹੈ। ਕਾਲਾ ਸਾਗਰ ਖੇਤਰ ਵੀ ਸੂਰਜਮੁਖੀ ਦੇ ਤੇਲ ਲਈ ਇਕ ਅਹਿਮ ਸ੍ਰੋਤ ਰਿਹਾ ਹੈ ਅਤੇ ਬਰਾਮਦ ਨੂੰ ਸੀਮਤ ਕਰਨ ਦਾ ਮਤਲਬ ਹੈ ਕਿ ਫਰਵਰੀ ਤੋਂ ਬਾਅਦ ਵਨਸਪਤੀ ਤੇਲ ਦੀਆਂ ਕੀਮਤਾਂ ’ਚ ਲਗਭਗ ਇਕ ਚੌਥਾਈ ਦਾ ਵਾਧਾ ਹੋਇਆ ਹੈ। ਮੰਗ ਵਧਣ ਨਾਲ ਪਾਮ, ਸੋਇਆ ਅਤੇ ਰੇਪਸੀਡ ਤੇਲ ਦੀਆਂ ਕੀਮਤਾਂ ’ਚ ਵੀ ਤੇਜ਼ੀ ਆਈ ਹੈ।

ਇਹ ਵੀ ਪੜ੍ਹੋ : ਮਾਰੂਤੀ ਸੁਜ਼ੂਕੀ ਦੇ ਗਾਹਕਾਂ ਨੂੰ ਲੱਗ ਸਕਦੈ ਵੱਡਾ ਝਟਕਾ, ਕੀਮਤਾਂ ਵਧਾਉਣ ਦੀ ਰੌਂਅ 'ਚ ਕੰਪਨੀ

ਗਰੀਬ ਦੇਸ਼ਾਂ ਦੀ ਹਾਲਤ ਹੋ ਸਕਦੀ ਹੈ ਹੋਰ ਖਰਾਬ

ਐੱਫ. ਏ. ਓ. ਦੇ ਇਕ ਬੁਲਾਰੇ ਨੇ ਕਿਹਾ ਕਿ ਉੱਚ ਮੁੱਲ ਵਿਸ਼ੇਸ਼ ਤੌਰ ’ਤੇ ਪਹਿਲਾਂ ਤੋਂ ਹੀ ਸੰਘਰਸ਼, ਕੁਦਰਤੀ ਆਫਤਾਂ, ਆਰਥਿਕ ਸਥਿਤੀਆਂ ਸਮੇਤ ਹੋਰ ਸੰਕਟਾਂ ਨਾਲ ਜੂਝ ਰਹੇ ਦੇਸ਼ਾਂ ਲਈ ਚਿੰਤਾ ਦਾ ਵਿਸ਼ਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਘੱਟ ਆਮਦਨ ਵਾਲੇ ਦੇਸ਼, ਜਿੱਥੇ ਭੋਜਨ ਦੀ ਕਮੀ ਹੈ, ਉਨ੍ਹਾਂ ਲਈ ਅਨਾਜ ਦੀਆਂ ਉੱਚ ਕੀਮਤਾਂ ਦਾ ਭੁਗਤਾਨ ਕਰਨਾ ਮੁਸ਼ਕਲ ਹੋ ਸਕਦਾ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਮੁੱਲ ਵਾਧਾ ਉਨ੍ਹਾਂ ਦੇਸ਼ਾਂ ’ਚ ਸਭ ਤੋਂ ਵੱਧ ਧਿਆਨ ਦੇਣ ਯੋਗ ਹੈ, ਜਿੱਥੇ ਵਿਅਕਤੀ ਆਪਣੀ ਆਮਦਨ ਦਾ ਸਭ ਤੋਂ ਵੱਧ ਹਿੱਸਾ ਭੋਜਨ ’ਤੇ ਖਰਚ ਕਰਦਾ ਹੈ। ਇਨ੍ਹਾਂ ਮਾਮਲਿਆਂ ’ਚ ਸਭ ਤੋਂ ਕਮਜ਼ੋਰ ਲੋਕਾਂ ਦੇ ਭੋਜਨ ਛੱਡਣ, ਘੱਟ ਪੌਸ਼ਟਿਕ ਖੁਰਾਕ ਪਦਾਰਥ ਖਰੀਦਣ ਜਾਂ ਹੋਰ ਮੁਕਾਬਲਾ ਕਰਨ ਦੀਆਂ ਰਣਨੀਤੀਆਂ ਦੀ ਵਰਤੋਂ ਕਰਨ ਦੀ ਸੰਭਾਵਨਾ ਹੈ, ਜਿਸ ਦਾ ਉਨ੍ਹਾਂ ਦੀ ਸਿਹਤ ਅਤੇ ਰਹਿਣ-ਸਹਿਣ ’ਤੇ ਪ੍ਰਭਾਵ ਪਵੇਗਾ।

ਇਹ ਵੀ ਪੜ੍ਹੋ : ਮਹਿੰਗਾਈ ਨੇ ਬਦਲ ਦਿੱਤੇ ਰਿਜ਼ਰਵ ਬੈਂਕ ਦੇ ਸਾਰੇ ਅੰਕੜੇ, ਘਟਾਉਣਾ ਪਿਆ ਵਿਕਾਸ ਦਰ ਦਾ ਅਨੁਮਾਨ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News