ਮਹਾਂਮਾਰੀ ਕਾਰਨ ਚੀਨ 'ਚ ਖੁਰਾਕੀ ਵਸਤੂਆਂ ਦੀ ਮਹਿੰਗਾਈ 20.6 ਫੀਸਦੀ ਤੱਕ ਪਹੁੰਚੀ
Monday, Feb 10, 2020 - 06:36 PM (IST)

ਨਵੀਂ ਦਿੱਲੀ — ਸਾਲ 2020 ਚੀਨ ਦੀ ਅਰਥਵਿਵਸਥਾ ਲਈ ਮਾੜਾ ਸਾਬਤ ਹੋ ਰਿਹਾ ਹੈ। ਚੀਨ 'ਚ ਘਰੇਲੂ ਮੰਗ ਦੇ ਵਧਣ ਅਤੇ ਖਤਰਨਾਕ ਕੋਰੋਨਾ ਵਿਸ਼ਾਣੂ ਫੈਲਣ ਕਾਰਨ ਸਪਲਾਈ ਬੁਰੀ ਤਰ੍ਹਾਂ ਪ੍ਰਭਾਵਤ ਹੋ ਰਹੀ ਹੈ ਜਿਸ ਕਾਰਨ ਉਥੇ ਮਹਿੰਗਾਈ ਅੱਠ ਸਾਲਾਂ ਤੋਂ ਵੱਧ ਦੇ ਉੱਚੇ ਪੱਧਰ 'ਤੇ ਪਹੁੰਚ ਗਈ ਹੈ। ਇਸ ਦੇ ਨਾਲ ਹੀ ਜਨਵਰੀ ਵਿਚ ਖੁਰਾਕੀ ਮੁਦਰਾਸਫਿਤੀ 20.6 ਫੀਸਦੀ ਤੱਕ ਪਹੁੰਚ ਗਈ। ਸੋਮਵਾਰ ਨੂੰ ਜਾਰੀ ਕੀਤੇ ਗਏ ਚੀਨ ਦੇ ਅਧਿਕਾਰਤ ਅੰਕੜਿਆਂ ਅਨੁਸਾਰ ਚੀਨ 'ਚ ਪ੍ਰਚੂਨ ਮਹਿੰਗਾਈ ਦਰ ਜਨਵਰੀ 'ਚ 5.4 ਫੀਸਦੀ ਰਹੀ, ਜਿਹੜੀ ਦਸੰਬਰ 'ਚ 4.5 ਪ੍ਰਤੀਸ਼ਤ ਸੀ। ਯੂ.ਓ.ਬੀ. ਦੇ ਖੋਜ ਮੁਖੀ ਸੁਆਨ ਟੇਕ ਕਿਨ ਨੇ ਕਿਹਾ ਕਿ ਪ੍ਰਚੂਨ ਮਹਿੰਗਾਈ ਦੀ ਇਹ ਦਰ ਅਕਤੂਬਰ 2011 ਤੋਂ ਬਾਅਦ ਤੋਂ ਸਭ ਵਧ ਹੈ, ਜਦੋਂਕਿ ਇਹ ਦਰ 5.5 ਫੀਸਦੀ 'ਤੇ ਸੀ।
ਖਾਣ ਪੀਣ ਦੀਆਂ ਵਸਤਾਂ ਇਸ ਕਾਰਨ ਖਰਾਬ ਹੋਣ ਦਾ ਖਦਸ਼ਾ
ਰਾਸ਼ਟਰੀ ਅੰਕੜਾ ਬਿਓਰੋ ਨੇ ਕਿਹਾ ਕਿ ਮਹਿੰਗਾਈ ਸਿਰਫ ਬਸੰਤ ਦੇ ਤਿਉਹਾਰ ਕਾਰਨ ਨਹੀਂ, ਸਗੋਂ ਕੋਰੋਨਾ ਵਾਇਰਸ ਕਾਰਨ ਵੀ ਵਧੀ ਹੈ। ਵਿਸ਼ਲੇਸ਼ਕਾਂ ਅਨੁਸਾਰ, ਕੋਰੋਨਾ ਵਾਇਰਸ ਨੂੰ ਰੋਕਣ ਦੀਆਂ ਕੋਸ਼ਿਸ਼ਾਂ ਕਾਰਨ ਮਹਿੰਗਾਈ ਦਰ ਬਹੁਤ ਜ਼ਿਆਦਾ ਵਧੀ ਹੈ। ਨੋਮੁਰਾ ਦੇ ਲੂ ਟਿੰਗ ਨੇ ਕਿਹਾ ਕਿ ਆਵਾਜਾਈ ਪ੍ਰਣਾਲੀ ਪ੍ਰਭਾਵਿਤ ਹੋਣ ਅਤੇ ਸੂਬਾ ਹੱਦਬੰਦੀ ਹੋਣ ਦੇ ਹੋਰ ਉਪਾਵਾਂ ਕਾਰਨ ਕੁਝ ਖਾਣ ਪੀਣ ਦੀਆਂ ਚੀਜ਼ਾਂ ਵੱਡੇ ਸ਼ਹਿਰਾਂ ਵਿਚ ਪਹੁੰਚਾਉਣ ਤੋਂ ਪਹਿਲਾਂ ਖਰਾਬ ਹੋ ਸਕਦੀਆਂ ਹਨ। ਅਜਿਹੀਆਂ ਵਸਤਾਂ 'ਚ ਖਾਸ ਕਰਕੇ ਫਲ, ਸਬਜ਼ੀਆਂ ਅਤੇ ਜਾਨਵਰਾਂ ਦੀ ਖੁਰਾਕ ਵੀ ਸ਼ਾਮਲ ਹੈ। ਉਨ੍ਹਾਂ ਕਿਹਾ ਕਿ ਇਸ ਕਿਸਮ ਦੀ ਸਥਿਤੀ ਵਿਚ ਲੋਕ ਖਾਣ ਪੀਣ ਦੀਆਂ ਵਸਤਾਂ ਨੂੰ ਸਟੋਰ ਕਰਨਾ ਵੀ ਸ਼ੁਰੂ ਕਰ ਦਿੰਦੇ ਹਨ। ਇਸ ਕਾਰਨ ਮਹਿੰਗਾਈ ਦੇ ਹੋਰ ਜ਼ਿਆਦਾ ਵਧਣ ਦਾ ਖਦਸ਼ਾ ਪੈਦਾ ਹੋ ਰਿਹਾ ਹੈ।
ਨਵੇਂ ਸਾਲ ਦੀ ਛੁੱਟੀ ਤੋਂ ਬਾਅਦ ਵੀ ਉੱਚ ਪੱਧਰ 'ਤੇ ਬਣੀ ਰਹਿ ਸਕਦੀ ਹੈ ਮਹਿੰਗਾਈ
ਯੂ.ਓ.ਬੀ. ਦੇ ਖੋਜ ਮੁਖੀ ਸੁਆਨ ਟੇਕ ਕਿਨ ਨੇ ਕਿਹਾ ਕਿ ਨਵੇਂ ਸਾਲ ਦੀ ਛੁੱਟੀ ਤੋਂ ਬਾਅਦ ਮਹਿੰਗਾਈ ਆਮ ਤੌਰ ਤੇ ਘੱਟ ਜਾਂਦੀ ਹੈ, ਪਰ ਇਸ ਸਾਲ ਇਹ ਉਸ ਤੋਂ ਬਾਅਦ ਵੀ ਉੱਚੀ ਰਹਿ ਸਕਦੀ ਹੈ ਕਿਉਂਕਿ ਸਪਲਾਈ ਚੇਨ ਗੜਬੜਾ ਗਈ ਹੈ। ਜਨਵਰੀ ਵਿਚ ਪੋਰਕ ਸਾਲਾਨਾ ਅਧਾਰ ਤੇ 116 ਫੀਸਦੀ ਮਹਿੰਗਾ ਹੋ ਗਿਆ। ਇਸ ਮਿਆਦ ਦੇ ਦੌਰਾਨ ਜਨਵਰੀ ਵਿਚ ਫੈਕਟਰੀ ਗੇਟ 'ਤੇ ਮੁਦਰਾਸਫਿਤੀ ਦਰ 0.1 ਪ੍ਰਤੀਸ਼ਤ ਵਧੀ ਹੈ।