ਫਲਿੱਪਕਾਰਟ ਨੂੰ 2018-19 ''ਚ 3,837 ਕਰੋੜ ਰੁਪਏ ਦਾ ਘਾਟਾ

10/29/2019 9:51:33 AM

ਨਵੀਂ ਦਿੱਲੀ—ਅਮਰੀਕੀ ਕੰਪਨੀ ਵਾਲਮਾਰਟ ਦੀ ਅਗਵਾਈ ਵਾਲੀ ਭਾਰਤੀ ਇਕਾਈ ਫਲਿੱਪਕਾਰਟ ਇੰਡੀਆ ਦਾ ਘਾਟਾ 2018-19 'ਚ ਵਧ ਕੇ 3,836.8 ਕਰੋੜ ਰੁਪਏ ਹੋ ਗਿਆ। ਰੈਗੂਲੇਟਰ ਦਸਤਾਵੇਜ਼ਾਂ ਤੋਂ ਇਹ ਜਾਣਕਾਰੀ ਮਿਲੀ ਹੈ। ਕਾਰਪੋਰੇਟ ਕਾਰਜ ਮੰਤਰਾਲੇ ਨੂੰ ਭੇਜੇ ਦਸਤਾਵੇਜ਼ ਦੇ ਮੁਤਾਬਕ ਇਸ ਤੋਂ ਪਿਛਲੇ ਸਾਲ 31 ਮਾਰਚ 2018 ਨੂੰ ਖਤਮ ਵਿੱਤੀ ਸਾਲ 'ਚ ਕੰਪਨੀ ਨੂੰ 2,063.8 ਕਰੋੜ ਰੁਪਏ ਦਾ ਘਾਟਾ ਹੋਇਆ ਸੀ। ਫਲਿੱਪਕਾਰਟ ਇੰਡੀਆ ਦੇ ਕਾਰੋਬਾਰ ਨਾਲ ਕੁੱਲ ਆਮਦਨ 2018-19 ਦੇ ਦੌਰਾਨ ਹਾਲਾਂਕਿ 42.82 ਫੀਸਦੀ ਵਧ ਕੇ 30,931 ਕਰੋੜ ਰੁਪਏ ਹੋ ਗਈ। ਇਸ ਤੋਂ ਪਿਛਲੇ ਸਾਲ ਕੰਪਨੀ ਨੇ 21,657.7 ਕਰੋੜ ਰੁਪਏ ਦਾ ਕਾਰੋਬਾਰ ਕੀਤਾ ਸੀ।
ਅਮਰੀਕਾ ਦੀ ਈ-ਕਾਮਰਸ ਕੰਪਨੀ ਐਮਾਜ਼ੋਨ ਦੀ ਭਾਰਤ ਸਥਿਤ ਆਨਲਾਈਨ ਮਾਰਕਿਟਪਲੇਸ ਇਕਾਈ ਐਮਾਜ਼ੋਨ ਸੇਲਰ ਸਰਵਿਸੇਜ਼ ਦਾ ਨੁਕਸਾਨ 2018-19 'ਚ ਘੱਟ ਹੋ ਕੇ 5,685 ਕਰੋੜ ਰੁਪਏ ਰਿਹਾ। ਉਪਲੱਬਧ ਦਸਤਾਵੇਜ਼ਾਂ ਦੇ ਮੁਤਾਬਕ ਇਹ ਘਾਟਾ ਇਸ ਤੋਂ ਪਿਛਲੇ ਸਾਲ ਦੇ ਮੁਕਾਬਲੇ 9.5 ਫੀਸਦੀ ਘੱਟ ਹੈ।
ਬਿਜ਼ਨੈੱਸ ਇੰਟੈਲੀਜੈਂਸ ਪਲੇਟਫਾਰਮ ਟਾਫਲਰ ਵਲੋਂ ਪ੍ਰਾਪਤ ਦਸਤਾਵੇਜ਼ ਦੇ ਮੁਤਾਬਕ ਇਸ ਤੋਂ ਪਿਛਲੇ ਸਾਲ ਵਿੱਤੀ ਕੰਪਨੀ ਨੂੰ 6,287.9 ਕਰੋੜ ਰੁਪਏ ਦਾ ਘਾਟਾ ਹੋਇਆ ਸੀ। ਦਸਤਾਵੇਜ਼ਾਂ ਮੁਤਾਬਕ ਐਮਾਜ਼ੋਨ ਸੇਲਰ ਸਰਵਿਸੇਜ਼ ਦੀ ਕਮਾਈ 2018-19 'ਚ ਇਸ ਤੋਂ ਪਿਛਲੇ ਸਾਲ ਦੇ ਮੁਕਾਬਲੇ 55 ਫੀਸਦੀ ਵਧ ਕੇ 7,778 ਕਰੋੜ ਰੁਪਏ 'ਤੇ ਪਹੁੰਚ ਗਈ।
ਐਮਾਜ਼ੋਨ ਦੀ ਥੋਕ ਵਿਕਰੀ ਕੰਪਨੀ 'ਐਮਾਜ਼ੋਨ ਹੋਲਸੇਲ ਇੰਡੀਆ' ਨੇ 2018-19 'ਚ 11,250 ਕਰੋੜ ਰੁਪਏ ਦਾ ਕਾਰੋਬਾਰ ਕੀਤਾ। ਇਕ ਸਾਲ ਪਹਿਲਾਂ ਦੇ ਮੁਕਾਬਲੇ ਇਸ 'ਚ ਅੱਠ ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਹੈ। ਇਸ ਦੌਰਾਨ ਇਸ ਕੰਪਨੀ ਦਾ ਨੁਕਸਾਨ ਇਕ ਸਾਲ ਪਹਿਲਾਂ ਦੇ 131.4 ਕਰੋੜ ਰੁਪਏ ਤੋਂ ਵਧ ਕੇ 141 ਕਰੋੜ ਰੁਪਏ ਹੋ ਗਿਆ ਹੈ। ਐਮਾਜ਼ੋਨ ਦੀਆਂ ਭਾਰਤ 'ਚ ਕੰਮ ਕਰ ਰਹੀਆਂ ਹੋਰ ਇਕਾਈਆਂ ਦਾ ਘਾਟਾ ਵੀ ਵਧਿਆ ਹੈ।


Aarti dhillon

Content Editor

Related News