ਰਾਹਤ! ਤਾਲਾਬੰਦੀ ''ਚ ਰੱਦ ਫਲਾਈਟ ਟਿਕਟਾਂ ਦਾ ਪੂਰਾ ਪੈਸਾ ਮਿਲੇਗਾ ਵਾਪਸ
Wednesday, Sep 09, 2020 - 03:34 PM (IST)
ਨਵੀਂ ਦਿੱਲੀ- ਤਾਲਾਬੰਦੀ ਕਾਰਨ ਰੱਦ ਹੋਈਆਂ ਫਲਾਈਟਾਂ ਦੀਆਂ ਟਿਕਟਾਂ ਦਾ ਪੈਸਾ ਯਾਤਰੀਆਂ ਨੂੰ ਵਾਪਸ ਕੀਤਾ ਜਾਵੇਗਾ। ਸ਼ਹਿਰੀ ਹਵਾਬਾਜ਼ੀ ਡਾਇਰੈਕਟੋਰੇਟ ਨੇ ਸੁਪਰੀਮ ਕੋਰਟ ਵਿਚ ਹਲਫ਼ਨਾਮਾ ਦੇ ਕੇ ਕਿਹਾ ਹੈ ਕਿ ਜਹਾਜ਼ ਕੰਪਨੀਆਂ ਟਿਕਟ ਦੀ ਪੂਰੀ ਰਕਮ ਯਾਤਰੀਆਂ ਨੂੰ ਵਾਪਸ ਦੇਣ ਲਈ ਤਿਆਰ ਹਨ।
ਬੁੱਧਵਾਰ ਨੂੰ ਇਸ 'ਤੇ ਸੁਪਰੀਮ ਕੋਰਟ ਵਿਚ ਸੁਣਵਾਈ ਹੋਈ ਜਿਸ ਦੌਰਾਨ ਹਲਫ਼ਨਾਮਾ ਦਰਜ ਕਰ ਕੇ ਕਿਹਾ ਗਿਆ ਕਿ ਤਾਲਾਬੰਦੀ ਦੇ ਦੋ ਪੜਾਵਾਂ ਭਾਵ 25 ਮਾਰਚ ਤੋਂ 3 ਮਈ ਦੌਰਾਨ ਰੱਦ ਹੋਈਆਂ ਉਡਾਣਾਂ ਦੀਆਂ ਟਿਕਟਾਂ ਲਈ ਪੂਰੀ ਰਕਮ ਯਾਤਰੀਆਂ ਨੂੰ ਵਾਪਸ ਦੇਣ ਲਈ ਕੰਪਨੀਆਂ ਤਿਆਰ ਹਨ ਕਿਉਂਕਿ ਇਸ ਲਈ ਏਅਰਲਾਈਨਜ਼ ਨੂੰ ਟਿਕਟ ਬੁੱਕ ਨਾ ਕਰਨ ਲਈ ਆਖਿਆ ਸੀ।
ਹਵਾਈ ਯਾਤਰੀ ਸੰਘ ਵਲੋਂ ਵਕੀਲ ਅਰਯਮਾ ਸੁੰਦਰਮ ਨੇ ਦਲੀਲ ਦਿੱਤੀ ਕਿ ਡਾਇਰੈਕਟੋਰੇਟ ਦੀ ਪੇਸ਼ਕਸ਼ ਦੇ ਵਧੇਰੇ ਬਿੰਦੂਆਂ ਨਾਲ ਯਾਤਰੀ ਸੰਤੁਸ਼ਟ ਹਨ। ਇਕ-ਦੋ ਮੁੱਦੇ ਹਨ, ਜਿਨ੍ਹਾਂ ਨਾਲ ਉਹ ਸਹਿਮਤ ਨਹੀਂ ਹਨ। ਸੁਪਰੀਮ ਕੋਰਟ ਨੇ ਜਹਾਜ਼ ਕੰਪਨੀਆਂ ਅਤੇ ਹੋਰ ਪੱਖਾਂ ਨੂੰ ਹਲਫ਼ਨਾਮਾ ਦਾਇਰ ਕਰਨ ਲਈ ਦੋ ਹਫਤਿਆਂ ਦੀ ਮੋਹਲਤ ਦਿੱਤੀ ਹੈ। ਡੀ. ਜੀ. ਸੀ. ਏ. ਦੇ ਪ੍ਰਸਤਾਵ ਵਾਲੇ ਹਲਫਨਾਮੇ ਨੂੰ ਲੈ ਕੇ ਇਹ ਆਪਣਾ ਰੁਖ਼ ਸਪੱਸ਼ਟ ਕਰਨਗੇ। ਉੱਥੇ ਹੀ ਅਦਾਲਤ ਨੇ ਕੇਂਦਰ ਸਰਕਾਰ ਨੂੰ ਵੀ ਇਕ ਹੋਰ ਹਲਫ਼ੀਆ ਬਿਆਨ ਦਾਇਰ ਕਰਨ ਲਈ ਕਿਹਾ ਹੈ, ਕਿਉਂਕਿ ਸਰਕਾਰ ਨੂੰ ਵੀ ਇਹ ਸਪੱਸ਼ਟ ਕਰਨਾ ਪੈਣਾ ਹੈ ਕਿ ਅੱਜ ਹੋਈ ਬਹਿਸ 'ਤੇ ਉਸ ਦਾ ਕੀ ਰੁਖ਼ ਹੈ।