ਫਿਚ ਨੇ ਚਾਲੂ ਵਿੱਤੀ ਸਾਲ ਦਾ GDP ਦਰ ਦਾ ਅਨੁਮਾਨ ਘਟਾਇਆ, ਜਾਣੋ ਕਿੰਨੀ ਕੀਤੀ ਕਟੌਤੀ

Thursday, Sep 15, 2022 - 11:51 AM (IST)

ਫਿਚ ਨੇ ਚਾਲੂ ਵਿੱਤੀ ਸਾਲ ਦਾ GDP ਦਰ ਦਾ ਅਨੁਮਾਨ ਘਟਾਇਆ, ਜਾਣੋ ਕਿੰਨੀ ਕੀਤੀ ਕਟੌਤੀ

ਨਵੀਂ ਦਿੱਲੀ- ਰੇਟਿੰਗ ਏਜੰਸੀ ਫਿਚ ਨੇ ਚਾਲੂ ਵਿੱਤੀ ਸਾਲ 2022-23 'ਚ ਦੇਸ਼ ਦੀ ਆਰਥਿਕ ਵਾਧਾ ਦਰ ਦਾ ਪੂਰਵ ਅਨੁਮਾਨ ਘਟਾ ਦਿੱਤਾ ਹੈ। ਵੀਰਵਾਰ ਨੂੰ ਕੰਪਨੀ ਨੇ ਦਾਅਵਾ ਕੀਤਾ ਕਿ ਚਾਲੂ ਵਿੱਤੀ ਸਾਲ ਦੀ ਜੀ.ਡੀ.ਪੀ. ਵਾਧਾ ਦਰ 7 ਫੀਸਦੀ ਰਹੇਗੀ। ਪਹਿਲਾਂ ਉਸ ਨੇ ਇਹ 7.8 ਫੀਸਦੀ ਰਹਿਣ ਦਾ ਅਨੁਮਾਨ ਜਤਾਇਆ ਸੀ। 
ਮੋਹਰੀ ਰੇਟਿੰਗ ਏਜੰਸੀ ਫਿਚ ਨੇ ਜੂਨ 'ਚ ਜਾਰੀ ਪੂਰਵ ਅਨੁਮਾਨ 'ਚ ਜੀ.ਡੀ.ਪੀ ਦਰ 7.8 ਫੀਸਦੀ ਰਹਿਣ ਦੀ ਉਮੀਦ ਜਤਾਈ ਸੀ। ਹੁਣ ਉਸ ਦਾ ਕਹਿਣਾ ਹੈ ਕਿ ਚਾਲੂ ਵਿੱਤੀ ਸਾਲ 'ਚ ਇਹ 7 ਫੀਸਦੀ ਰਹੇਗੀ। ਭਾਵ ਇਸ 'ਚ 0.8 ਫੀਸਦੀ ਦੀ ਕਮੀ ਕੀਤੀ ਗਈ ਹੈ। ਇੰਨਾ ਹੀ ਨਹੀਂ ਫਿਚ ਨੇ ਅਗਲੇ ਵਿੱਤੀ ਸਾਲ (2023-24) ਦੇ ਲਈ ਵੀ ਆਪਣਾ ਜੀ.ਡੀ.ਪੀ. ਪੂਰਵ ਅਨੁਮਾਨ ਘਟਾ ਕੇ 6.7 ਫੀਸਦੀ ਕਰ ਦਿੱਤਾ ਹੈ। ਪਹਿਲਾਂ ਉਸ ਨੇ ਇਹ 7.4 ਫੀਸਦੀ ਰਹਿਣ ਦੀ ਉਮੀਦ ਜਤਾਈ ਸੀ। 
ਵਧਣਗੀਆਂ ਵਿਆਜ ਦਰਾਂ 5.9 ਤੱਕ ਜਾਵੇਗੀ
ਫਿਚ ਦਾ ਅਨੁਮਾਨ ਹੈ ਕਿ ਰਿਜ਼ਰਵ ਬੈਂਕ ਮਹਿੰਗਾਈ ਘਟਾਉਣ 'ਤੇ ਟੀਚਾ ਕੇਂਦਰਿਤ ਕਰਦੇ ਹੋਏ ਵਿਆਜ ਦਰ ਲਗਾਤਾਰ ਵਧਾ ਸਕਦਾ ਹੈ। ਇਸ ਸਾਲ ਦੇ ਅੰਤ ਤੱਕ ਇਹ 5.9 ਫੀਸਦੀ ਤੱਕ ਪਹੁੰਚ ਸਕਦੀ ਹੈ। ਹਾਲਾਂਕਿ ਇਹ ਆਰਥਿਕ ਗਤੀਵਿਧੀਆਂ ਦੀ ਸਥਿਤੀ ਅਤੇ ਮਹਿੰਗਾਈ ਦੀ ਹਾਲਤ ਨੂੰ ਦੇਖਦੇ ਹੋਏ ਕੀਤਾ ਜਾਵੇਗਾ। 
ਗਲੋਬਲ ਜੀ.ਡੀ.ਪੀ. 2.4 ਫੀਸਦੀ ਰਹਿਣ ਦਾ ਅਨੁਮਾਨ
ਫਿਚ ਨੇ ਗਲੋਬਲ ਦੀ ਜੀ.ਡੀ.ਪੀ ਦਰ 2022 'ਚ 2.4 ਫੀਸਦੀ ਰਹਿਣ ਦਾ ਅਨੁਮਾਨ ਜਤਾਇਆ ਹੈ। ਜੂਨ ਦੇ ਅਨੁਮਾਨ ਦੀ ਤੁਲਨਾ 'ਚ ਉਸ ਨੇ ਇਸ 'ਚ 0.5 ਫੀਸਦੀ ਦੀ ਕਮੀ ਕੀਤੀ ਹੈ। ਇਸ ਤਰ੍ਹਾਂ 2023 'ਚ ਗਲੋਬਲ ਜੀ.ਡੀ.ਪੀ. ਦਰ 1.7 ਫੀਸਦੀ ਰਹਿਣ ਦਾ ਅਨੁਮਾਨ ਹੈ। ਯੂਰੋ ਜੋਨ ਅਤੇ ਬ੍ਰਿਟੇਨ 'ਚ ਇਸ ਸਾਲ ਦੇ ਅੰਤ ਤੱਕ ਅਤੇ ਅਮਰੀਕਾ 'ਚ ਅਗਲੇ ਸਾਲ ਹਲਕੀ ਮੰਦੀ ਆ ਸਕਦੀ ਹੈ। 
ਸਾਬਕਾ ਗਵਰਨਰ ਸੁੱਬਾਰਾਵ ਨੇ ਜਤਾਈ ਸੀ ਚਿੰਤਾ
ਰਿਜ਼ਰਵ ਬੈਂਕ ਦੇ ਸਾਬਕਾ ਗਵਰਨਰ ਡੀ ਸੁੱਬਾਰਾਵ ਨੇ ਬੀਤੇ ਦਿਨੀਂ ਕਿਹਾ ਸੀ ਕਿ ਚਾਲੂ ਵਿੱਤੀ ਸਾਲ ਦੀ ਪਹਿਲੀ ਤਿਮਾਹੀ 'ਚ ਅਰਥਵਿਵਸਥਾ 'ਚ ਵੱਡੀ ਛਲਾਂਗ ਦੀ ਉਮੀਦ ਸੀ, ਪਰ ਆਰਥਿਕ ਵਾਧਾ ਦਰ ਦਾ ਉਮੀਦ ਤੋਂ ਘੱਟ ਰਹਿਣਾ ਨਿਰਾਸ਼ਾ ਅਤੇ ਚਿੰਤਾਜਨਕ ਹੈ। 2022-23  ਦੀ ਜੂਨ ਤਿਮਾਹੀ 'ਚ ਜੀ.ਡੀ.ਪੀ. ਦੀ ਵਾਧਾ ਦਰ 13.5 ਫੀਸਦੀ ਰਹੀ। ਉਨ੍ਹਾਂ ਨੇ ਚਾਲੂ ਵਿੱਤੀ ਸਾਲ ਦੀ ਪਹਿਲੀ ਤਿਮਾਹੀ 'ਚ ਵਿਕਾਸ ਦਰ ਦੇ 13.5 ਫੀਸਦੀ ਤੋਂ ਜ਼ਿਆਦਾ ਰਹਿਣ ਦਾ ਅਨੁਮਾਨ ਸੀ। ਮੌਜੂਦਾ ਹਾਲਤ 'ਚ ਇਹ ਨਿਰਾਸ਼ਾ ਅਤੇ ਚਿੰਤਾ ਦਾ ਕਾਰਨ ਬਣ ਗਿਆ ਹੈ। 
 


author

Aarti dhillon

Content Editor

Related News