ਉਪਭੋਗਤਾ ਫੋਰਮ ਨੇ 'ਬਲਿਊ ਡਰਟ ਐਕਸਪ੍ਰੈੱਸ' ਤੇ ਲਗਾਇਆ ਜੁਰਮਾਨਾ
Friday, Nov 16, 2018 - 04:10 PM (IST)

ਜਲੰਧਰ — ਉਪਭੋਗਤਾ ਫੋਰਮ ਨੇ ਪੋਰਟਲ ਤੋਂ ਚੋਰੀ ਹੋਏ ਸਮਾਨ ਲਈ ਕੋਰੀਅਰ ਕੰਪਨੀ 'ਬਲੂ ਡਰਟ ਐਕਸਪ੍ਰੈੱਸ' ਨੂੰ ਜ਼ਿੰਮੇਵਾਰ ਠਹਿਰਾਉਂਦੇ ਹੋਏ ਨਿਰਦੇਸ਼ ਦਿੱਤਾ ਹੈ ਕਿ ਉਹ ਬੁੱਕ ਕੀਤੇ ਸਮਾਨ ਦੀ ਕੀਮਤ 1,02,975 ਰੁਪਏ ਅਤੇ ਬੁਕਿੰਗ ਸਾਲ 10 ਜੂਨ 2015 ਤੋਂ 12 ਫੀਸਦੀ ਦੀ ਦਰ ਨਾਲ ਵਿਆਜ ਸਮੇਤ ਰਕਮ ਅਦਾ ਕਰੇ।
ਇਸ ਦੇ ਨਾਲ ਹੀ ਬਲੂ ਡਰਟ ਕੰਪਨੀ ਨੂੰ ਸ਼ਿਕਾਇਤਕਰਤਾ ਦੇ ਉਸ ਮੁਆਵਜ਼ੇ ਦਾ ਭੁਗਤਾਨ ਕਰਨ ਲਈ ਵੀ ਕਿਹਾ ਗਿਆ ਹੈ, ਜਿਸ ਵਿਚ 20,000 ਰੁਪਏ ਦਾ ਸਮਾਨ ਗੁਆਚਣ ਦੀ ਪਰੇਸ਼ਾਨੀ ਅਤੇ ਮੁਕੱਦਮੇਬਾਜ਼ੀ ਦੀ ਮਾਨਸਿਕ ਪੀੜਾ ਵਜੋਂ 5,000 ਵੀ ਸ਼ਾਮਲ ਹਨ।
ਜ਼ਿਕਰਯੋਗ ਹੈ ਕਿ ਪੂਜਾ ਐਂਟਰਪ੍ਰਾਈਜਿਜ਼ ਦੇ ਸਾਂਝੇਦਾਰ ਜਤਿਨ ਮਹਾਜਨ ਨੇ ਫੋਰਮ 'ਚ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸਨੇ 10 ਜੂਨ 2015 ਨੂੰ ਹਾਕੀ ਸਟਿੱਕ ਦੇ 100 ਪੀਸ ਦੀ ਖੇਪ ਜਿਸਦੀ ਕਿ ਕੀਮਤ 1,02,975 ਰੁਪਏ ਸੀ, ਜਿਹੜੀ ਕਿ ਮੈਸਰਜ਼ ਸਪੋਰਟਸ ਲਾਈਨ, 35 , ਲਖਨਊ ਪਲਾਜ਼ਾ, ਨਜ਼ੀਰਾਬਾਦ ਰੋਡ, ਲਖਨਊ ਭੇਜੀ ਜਾਣੀ ਸੀ।
ਇਸ ਖੇਪ ਲਈ ਉਸਨੇ 1,029 ਰੁਪਏ ਦਾ ਭੁਗਤਾਨ ਵੀ ਕੀਤਾ ਜਿਸ ਵਿਚ ਕਿਰਾਇਆ ਅਤੇ ਬੀਮਾ ਖਰਚੇ ਵੀ ਸ਼ਾਮਲ ਸਨ। ਹਾਲਾਂਕਿ ਕੰਪਨੀ 23 ਜੂਨ ਤੱਕ ਮਾਲ ਦੀ ਡਿਲਵਰੀ ਕਰਨ 'ਚ ਅਸਫਲ ਰਹੀ ਅਤੇ 26 ਜਨਵਰੀ ਨੂੰ ਉਨ੍ਹਾਂ ਨੇ ਇਕ ਪੱਤਰ ਭੇਜਿਆ ਕਿ ਉਹ ਜਲਦੀ ਦੀ ਮਾਲ ਦੀ ਸਪਲਾਈ ਕਰ ਦੇਣਗੇ ਪਰ ਅਜਿਹਾ ਕਰਨ 'ਚ ਕੰਪਨੀ ਅਸਫਲ ਰਹੀ।
ਇਸ ਤੋਂ ਕੁਝ ਦਿਨਾਂ ਬਾਅਦ ਕੰਪਨੀ ਵਲੋਂ ਸੂਚਿਤ ਕੀਤਾ ਗਿਆ ਕਿ ਉੱਤਰ ਪ੍ਰਦੇਸ਼ ਦੇ ਫਿਰੋਜ਼ਾਬਾਦ ਜ਼ਿਲੇ ਵਿਚ ਕੁਝ ਬਦਮਾਸ਼ਾਂ ਨੇ ਕੰਪਨੀ ਦਾ ਵਾਹਨ ਲੁੱਟ ਲਿਆ ਹੈ।
ਕੰਪਨੀ ਵਲੋਂ ਮਾਲ ਵਾਪਸ ਕਰਨ 'ਚ ਅਸਮਰੱਥਾ ਜਤਾਈ ਗਈ ਅਤੇ ਦਾਅਵਾ ਦੇਣ ਤੋਂ ਵੀ ਇਨਕਾਰ ਕਰ ਦਿੱਤਾ ਗਿਆ। ਨੋਟਿਸ ਦੇ ਜਵਾਬ ਵਿਚ ਕੰਪਨੀ ਦੇ ਨੁਮਾਇੰਦੇ ਵਲੋਂ ਬੇਨਤੀ ਕੀਤੀ ਗਈ ਕਿ ਕੰਪਨੀ ਮੁਆਵਜ਼ਾ ਦੇਣ ਲਈ ਜ਼ਿੰਮੇਵਾਰ ਨਹੀਂ ਹੈ।
ਫੋਰਮ ਨੇ ਕਿਹਾ ਕਿ ਬਿੱਲ ਦੀ ਕਾਪੀ ਸਾਬਤ ਕਰਦੀ ਹੈ ਕਿ ਹਾਕੀ ਦੀਆਂ 100 ਸਟਿੱਕ ਖਰੀਦੀਆਂ ਗਈਆਂ ਸਨ ਅਤੇ ਉਨ੍ਹਾਂ ਨੂੰ ਡਿਲੀਵਰ ਕਰਨ ਲਈ ਕੋਰੀਅਰ ਕੰਪਨੀ ਕੋਲ ਬੁੱਕ ਕੀਤਾ ਗਿਆ ਸੀ। ਫੋਰਮ ਨੇ ਆਦੇਸ਼ ਸੁਣਾਇਆ ਕਿ ਕੋਰੀਅਰ ਕੰਪਨੀ ਅਜਿਹੀ ਕੋਈ ਦਲੀਲ ਨਹੀਂ ਪੇਸ਼ ਕਰ ਸਕੀ ਜਿਸ ਤੋਂ ਸਾਬਤ ਹੋ ਸਕੇ ਕਿ ਡਕੈਤੀ ਉਨ੍ਹਾਂ ਦੇ ਕਾਬੂ ਤੋਂ ਬਾਹਰ ਸੀ ਅਤੇ ਉਹ ਆਪਣੇ ਕੰਮ ਪ੍ਰਤੀ ਜ਼ਿੰਮੇਵਾਰ ਸਨ।