ਵਿੱਤ ਮੰਤਰਾਲਾ 15 ਮਾਰਚ ਤੋਂ ਰੋਜ਼ਾਨਾ ਮਾਲੀਏ ਅਤੇ ਖਰਚਿਆਂ ਦੀ ਕਰੇਗਾ ਨਿਗਰਾਨੀ
Thursday, Mar 03, 2022 - 06:38 PM (IST)
ਨਵੀਂ ਦਿੱਲੀ (ਭਾਸ਼ਾ) – ਵਿੱਤ ਮੰਤਰਾਲਾ ਵਿੱਤੀ ਘਾਟੇ ਨੂੰ ਤੈਅ ਟੀਚੇ ਦੇ ਅੰਦਰ ਰੱਖਣ ਲਈ 15 ਮਾਰਚ ਤੋਂ ਰੋਜ਼ਾਨਾ ਆਧਾਰ ’ਤੇ ਟੈਕਸ ਕਲੈਕਸ਼ਨ ਸਮੇਤ ਮਾਲੀਆ ਪ੍ਰਾਪਤੀ ਅਤੇ ਖਰਚਿਆਂ ਦੀ ਨਿਗਰਾਨੀ ਕਰੇਗਾ। ਐੱਲ. ਆਈ. ਸੀ. ਦੇ ਆਈ. ਪੀ. ਓ. ਨੂੰ ਰੱਦ ਕਰਨ ਦੇ ਖਦਸ਼ੇ ਦਰਮਿਆਨ ਇਹ ਫੈਸਲਾ ਕੀਤਾ ਗਿਆ ਹੈ। ਪਹਿਲਾਂ ਨਿਰਧਾਰਤ ਪ੍ਰੋਗਰਾਮ ਮੁਤਾਬਕ ਆਈ. ਪੀ. ਓ. ਚਾਲੂ ਵਿੱਤੀ ਸਾਲ ’ਚ ਹੀ ਆਉਣਾ ਸੀ ਅਤੇ ਇਸ ਨਾਲ 60,000 ਕਰੋੜ ਰੁਪਏ ਤੋਂ ਵੱਧ ਮਿਲਣ ਦੀ ਉਮੀਦ ਸੀ। ਰੂਸ-ਯੂਕ੍ਰੇਨ ਯੁੱਧ ਅਤੇ ਭਾਰਤ ’ਤੇ ਇਸ ਦੇ ਪ੍ਰਭਾਵ ਕਾਰਨ ਆਈ. ਪੀ. ਓ. ਨੂੰ ਟਾਲਿਆ ਜਾ ਸਕਦਾ ਹੈ।
ਦੂਜੇ ਪਾਸੇ ਯੂਕ੍ਰੇਨ ’ਚ ਫਸੇ ਹਜ਼ਾਰਾਂ ਭਾਰਤੀ ਵਿਦਿਆਰਥੀਆਂ ਨੂੰ ਵਾਪਸ ਲਿਆਉਣ ਦੇ ਸਰਕਾਰ ਦੇ ਫੈਸਲੇ ਨਾਲ ਸਰਕਾਰੀ ਖਜ਼ਾਨੇ ’ਤੇ ਵਾਧੂ ਬੋਝ ਪਵੇਗਾ। ਅਧਿਕਾਰੀਆਂ ਮੁਤਾਬਕ ਟੈਕਸ ਅਤੇ ਗੈਰ-ਟੈਕਸ ਮਾਲੀਆ ਕਲੈਕਸ਼ਨ ਦੀ ਰੋਜ਼ਾਨਾ ਨਿਗਰਾਨੀ ਨਾਲ ਸਰਕਾਰ ਨੂੰ ਲੋੜ ਪੈਣ ’ਤੇ ਸਮੇਂ ਸਿਰ ਸੁਧਾਰਾਤਮਕ ਕਾਰਵਾਈ ਕਰਨ ’ਚ ਮਦਦ ਮਿਲੇਗੀ। ਅਧਿਕਾਰੀ ਨੇ ਕਿਹਾ ਕਿ ਸੀ. ਬੀ. ਡੀ. ਟੀ. (ਕੇਂਦਰੀ ਡਾਇਰੈਕਟ ਟੈਕਸ ਬੋਰਡ) ਅਤੇ ਸੀ. ਬੀ. ਆਈ. ਸੀ. (ਕੇਂਦਰ ਇਨਡਾਇਰੈਕਟ ਟੈਕਸ ਅਤੇ ਕਸਟਮ ਬੋਰਡ) ਨੂੰ ਪਿਛਲੇ ਦਿਨ ਦੁਪਹਿਰ 12 ਵਜੇ ਤੱਕ ਦੇ ਤਾਜ਼ਾ ਅੰਕੜੇ ਦੇਣ ਨੂੰ ਕਿਹਾ ਗਿਆ ਹੈ। ਇਸ ਤੋਂ ਇਲਾਵਾ ਹੋਰ ਗੈਰ-ਟੈਕਸ ਅਤੇ ਨਿਵੇਸ਼ ਪ੍ਰਾਪਤੀਆਂ ਨੂੰ ਰੋਜ਼ਾਨਾ ਆਧਾਰ ’ਤੇ ਦੱਸਣਾ ਹੋਵੇਗਾ। ਅਧਿਕਾਰੀਆਂ ਨੇ ਦੱਸਿਆ ਕਿ ਕੰਟਰੋਲਰ ਜਨਰਲ ਆਫ ਅਕਾਊਂਟਸ (ਸੀ. ਜੀ.ਏ.) ਨੇ 15 ਮਾਰਚ ਤੋਂ 31 ਮਾਰਚ ਦਰਮਿਆਨ ਵੱਖ-ਵੱਖ ਮੰਤਰਾਲਿਆਂ ਦੇ ਮਾਲੀਆ ਕਲੈਕਸ਼ਨ ਅਤੇ ਖਰਚੇ ਦੇ ਅੰਕੜੇ ਨੂੰ ਰੋਜ਼ਾਨਾ ਆਧਾਰ ’ਤੇ ਮੁਹੱਈਆ ਕਰਵਾਉਣ ਨੂੰ ਕਿਹਾ ਹੈ।