ਇੰਨੀ ਜਾਇਦਾਦ ਦੀ ਮਾਲਕ ਹੈ ਦੇਸ਼ ਦੀ ਖਜ਼ਾਨਾ ਮੰਤਰੀ ਨਿਰਮਲਾ ਸੀਤਾਰਮਨ

10/15/2020 10:24:34 PM

ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਉਨ੍ਹਾਂ ਦੇ ਮੰਤਰੀ ਮੰਡਲ 'ਚ ਸ਼ਾਮਲ ਮੰਤਰੀਆਂ ਨੇ ਜਾਇਦਾਦਾਂ ਦਾ ਖੁਲਾਸਾ ਕੀਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਗੱਲ ਕਰੀਏ ਤਾਂ ਉਨ੍ਹਾਂ ਕੋਲ ਨਾ ਤਾਂ ਕੋਈ ਕਾਰ ਹੈ, ਨਾ ਹੀ ਕੋਈ ਉਨ੍ਹਾਂ 'ਤੇ ਕਰਜ਼ ਹੈ, ਸਿਰਫ ਬਚਤ ਕਰਕੇ ਪਿਛਲੇ ਸਾਲ ਤੋਂ ਉਨ੍ਹਾਂ ਦੀ ਸੰਪਤੀ ਵਧੀ ਹੈ। ਪੀ. ਐੱਮ. ਮੋਦੀ ਦੀ ਤਨਖ਼ਾਹ ਦੋ ਲੱਖ ਰੁਪਏ ਹੈ, ਜੋ ਗਲੋਬਲ ਪੱਧਰ ਦੇ ਮੁਕਾਬਲੇ ਕਾਫ਼ੀ ਘੱਟ ਹੈ।

ਉੱਥੇ ਹੀ, ਖਜ਼ਾਨਾ ਮੰਤਰੀ ਨਿਰਮਲਾ ਸੀਤਾਰਮਨ ਦੀ ਗੱਲ ਕਰੀਏ ਤਾਂ ਉਨ੍ਹਾਂ ਦੀ ਸੰਪਤੀ ਵੀ ਸਭ ਤੋਂ ਘੱਟ ਜਾਇਦਾਦ ਵਾਲੇ ਕੈਬਨਿਟ ਮੰਤਰੀਆਂ 'ਚ ਸ਼ਾਮਲ ਹੈ।

ਖਜ਼ਾਨਾ ਮੰਤਰੀ ਨਿਰਮਲਾ ਸੀਤਾਰਮਨ ਕੋਲ ਤਕਰੀਬਨ 1.34 ਕਰੋੜ ਰੁਪਏ ਦੀ ਸੰਪਤੀ ਹੈ। ਉਨ੍ਹਾਂ ਕੋਲ ਆਪਣੇ ਪਤੀ ਦੇ ਨਾਲ ਸਾਂਝੀ ਹਿੱਸੇਦਾਰੀ ਦੇ ਰੂਪ 'ਚ 99.36 ਲੱਖ ਰੁਪਏ ਕੀਮਤ ਦਾ ਇਕ ਮਕਾਨ ਹੈ। ਇਸ ਤੋਂ ਇਲਾਵਾ ਉਨ੍ਹਾਂ ਕੋਲ ਤਕਰੀਬਨ 16.02 ਲੱਖ ਰੁਪਏ ਦੀ ਇਕ ਗੈਰ-ਖੇਤੀਬਾੜੀ ਜ਼ਮੀਨ ਵੀ ਹੈ।

ਕਾਰ ਨਹੀਂ, ਚੇਤਕ ਸਕੂਟਰ ਹੈ-
ਖਜ਼ਾਨਾ ਮੰਤਰੀ ਵਿੱਤ ਮੰਤਰੀ ਕੋਲ ਉਨ੍ਹਾਂ ਦੇ ਆਪਣੇ ਨਾਮ 'ਤੇ ਕੋਈ ਕਾਰ ਨਹੀਂ ਹੈ। ਉਨ੍ਹਾਂ ਕੋਲ ਬਜਾਜ ਚੇਤਕ ਬ੍ਰਾਂਡ ਦਾ ਇਕ ਪੁਰਾਣਾ ਸਕੂਟਰ ਹੈ, ਜਿਸ ਦੀ ਕੀਮਤ ਤਕਰੀਬਨ 28,200 ਰੁਪਏ ਹੈ। ਉਨ੍ਹਾਂ ਦੀ ਕੁੱਲ ਚੱਲ ਜਾਇਦਾਦ ਲਗਭਗ 18.4 ਲੱਖ ਰੁਪਏ ਦੀ ਹੈ। ਦੇਣਦਾਰੀ ਦੇ ਰੂਪ 'ਚ ਉਨ੍ਹਾਂ 'ਤੇ 19 ਸਾਲ ਤੱਕ ਦਾ ਹੋਮ ਲੋਨ, ਇਕ ਸਾਲ ਦਾ ਓਵਰਡ੍ਰਾਫਟ ਅਤੇ 10 ਸਾਲ ਦਾ ਗਿਰਵੀਨਾਮਾ ਕਰਜ਼ਾ ਹੈ।

ਗੌਰਤਲਬ ਹੈ ਕਿ ਪੀ. ਐੱਮ. ਮੋਦੀ ਨੇ ਹਾਲ ਹੀ 'ਚ ਆਪਣੀ ਜਾਇਦਾਦ ਦਾ ਖੁਲਾਸਾ ਕੀਤਾ ਹੈ। ਬੈਂਕ ਬੈਲੰਸ ਤੇ ਐੱਫ. ਡੀ. ਤੋਂ ਉਨ੍ਹਾਂ ਦੀ ਜਾਇਦਾਦ 'ਚ ਇਕ ਸਾਲ 'ਚ 36 ਲੱਖ ਰੁਪਏ ਦਾ ਇਜ਼ਾਫ਼ਾ ਹੋਣ ਨਾਲ 30 ਜੂਨ 2020 ਤੱਕ ਉਨ੍ਹਾਂ ਦੀ ਕੁੱਲ ਜਾਇਦਾਦ 2.85 ਕਰੋੜ ਰੁਪਏ 'ਤੇ ਪਹੁੰਚ ਗਈ। ਪਿਛਲੇ ਸਾਲ ਉਨ੍ਹਾਂ ਕੋਲ 2.49 ਕਰੋੜ ਰੁਪਏ ਦੀ ਜਾਇਦਾਦ ਸੀ। 70 ਸਾਲ ਦੇ ਪੀ. ਐੱਮ. 'ਤੇ ਕੋਈ ਕਰਜ਼ ਨਹੀਂ ਹੈ।


Sanjeev

Content Editor Sanjeev