ਫੈੱਡਰਲ ਰਿਜ਼ਰਵ ਦੇ ਫੈਸਲੇ ਨਾਲ ਅਮਰੀਕੀ ਸ਼ੇਅਰ ਬਾਜ਼ਾਰ ’ਚ ਹਾਹਾਕਾਰ

05/11/2022 11:31:06 AM

ਨਵੀਂ ਦਿੱਲੀ–ਅਮਰੀਕੀ ਕੇਂਦਰੀ ਬੈਂਕ ਵਲੋਂ ਵਿਆਜ ਦਰਾਂ ’ਚ 0.50 ਫੀਸਦੀ ਦੇ ਵਾਧੇ ਤੋਂ ਬਾਅਦ ਅਮਰੀਕੀ ਸਟਾਕ ਐਕਸਚੇਂਜ ਨੈੱਸਡੈਕ 100 ’ਚ ਹੁਣ ਤੱਕ 10 ਫੀਸਦੀ ਦੀ ਗਿਰਾਵਟ ਦਰਜ ਹੋ ਚੁੱਕੀ ਹੈ। ਸੋਮਵਾਰ ਨੂੰ ਨੈੱਸਡੈਕ 4 ਫੀਸਦੀ ਦੀ ਗਿਰਾਵਟ ਨਾਲ ਬੰਦ ਹੋਇਆ। ਫੈੱਡਰਲ ਰਿਜ਼ਰਵ (ਕੇਂਦਰੀ ਬੈਂਕ) ਦੇ ਮੁਖੀ ਜੇਰੋਮ ਪਾਵੇਲ ਨੇ ਕਿਹਾ ਕਿ ਵਿਆਜ ਦਰਾਂ ’ਚ ਇਸ ਤਰ੍ਹਾਂ ਦਾ ਵਾਧਾ ਜਾਰੀ ਰਹੇਗਾ।
ਦੱਸ ਦਈਏ ਕਿ 2020 ਤੋਂ ਬਾਅਦ ਇਹ ਸਭ ਤੋਂ ਵੱਡੀ 3 ਦਿਨਾਂ ਦੀ ਗਿਰਾਵਟ ਹੈ। ਬਲੂਮਬਰਗ ਮੁਤਾਬਕ ਤਕਨਾਲੋਜੀ ਕੰਪਨੀਆਂ ਦੀ ਬਹੁਲਤਾ ਵਾਲੇ ਇਸ ਐਕਸਚੇਂਜ ਨੇ 3 ਦਿਨਾਂ ’ਚ ਨਿਵੇਸ਼ਕਾਂ ਦੇ 1.5 ਲੱਖ ਕਰੋੜ ਡਾਲਰ ਡੋਬ ਦਿੱਤੇ ਹਨ। ਤਿੰਨ ਦਿਨਾਂ ਦੀ ਵਿਕਰੀ ’ਚ ਐਪਲ, ਮਾਈਕ੍ਰੋਸਾਫਟ, ਐਮਾਜ਼ੋਨ, ਟੈਸਲਾ, ਅਲਫਾਬੈੱਟ (ਗੂਗਲ ਦੀ ਪੇਰੈਂਟ ਕੰਪਨੀ), ਐੱਨਵੀਡੀਆ, ਮੇਟਾ (ਫੇਸਬੁੱਕ ਦੀ ਪੇਰੈਂਟ ਕੰਪਨੀ) ਐੱਸ. ਐੱਮ. ਐੱਲ., ਏਅਰ ਬੀ. ਐੱਨ. ਬੀ. ਅਤੇ ਇਨਟੂਇਟ ਦਾ ਬਾਜ਼ਾਰ ਮੁਲਾਂਕਣ 1 ਲੱਖ ਕਰੋੜ ਡਾਲਰ ਤੱਕ ਡਿਗ ਗਿਆ ਹੈ। ਇਨ੍ਹਾਂ ਸਾਰੀਆਂ ਕੰਪਨੀਆਂ ’ਚ ਐਪਲ ਦਾ ਬਾਜ਼ਾਰ ਮੁਲਾਂਕਣ ਸਭ ਤੋਂ ਵੱਧ (225 ਅਰਬ ਡਾਲਰ) ਹੈ।
ਇਸ ਸਾਲ 25 ਫੀਸਦੀ ਡਿਗਿਆ ਨੈੱਸਡੈਕ
ਯੂ. ਐੱਸ. ਟ੍ਰੇਜਰੀ ਯੀਲਡਸ ’ਚ ਉਛਾਲ, ਵਧਦੀ ਮਹਿੰਗਾਈ ਅਤੇ ਉੱਚੀਆਂ ਵਿਆਜ ਦਰਾਂ ਕਾਰਨ ਮੰਦੀ ਦੇ ਡਰ ਕਾਰਨ ਨੈੱਸਡੈਕ ਇਸ ਸਾਲ ਹੁਣ ਤੱਕ 25 ਫੀਸਦੀ ਡਿਗ ਚੁੱਕਾ ਹੈ। ਇਹ ਕੋਵਿਡ-19 ਦੀ ਸ਼ੁਰੂਆਤ ਤੋਂ ਬਾਅਦ ਹੁਣ ਤੱਕ ਦੀ ਸਭ ਤੋਂ ਵੱਡੀ ਗਿਰਾਵਟ ਹੈ। ਜ਼ਿਕਰਯੋਗ ਹੈ ਕਿ ਉਦੋਂ 1 ਮਹੀਨੇ ਦੇ ਅੰਦਰ ਨੈਸਡੈਕ 28 ਫੀਸਦੀ ਡਿਗਿਆ ਸੀ। ਹਾਲਾਂਕਿ ਗਿਰਾਵਟ ਸਿਰਫ ਨੈੱਸਡੈਕ ’ਚ ਦਰਜ ਨਹੀਂ ਹੋ ਰਹੀ ਹੈ। ਇਸ ਤੋਂ ਇਲਾਵਾ ਐੱਸ. ਐਂਡ ਪੀ. 500 ਵੀ 3.2 ਫੀਸਦੀ ਦੀ ਗਿਰਾਵਟ ਨਾਲ ਬੰਦ ਹੋਇਆ ਹੈ। ਇਸ ਦੀ ਵੀ ਸਥਿਤੀ ਮਹਾਮਾਰੀ ਤੋਂ ਬਾਅਦ ਸਭ ਤੋਂ ਬੁਰੇ ਦੌਰ ’ਚ ਹੈ।
ਭਾਰਤ ਦਾ ਸ਼ੇਅਰ ਬਾਜ਼ਾਰ ਵੀ ਸਹਿਮਿਆ
ਭਾਰਤੀ ਸ਼ੇਅਰ ਬਾਜ਼ਾਰ ਸੂਚਕ ਅੰਕ ਸੈਂਸੈਕਸ ਅਤੇ ਨਿਫਟੀ ਡਰ ਦੀ ਲਪੇਟ ’ਚ ਆ ਗਏ ਹਨ। ਸ਼ੇਅਰ ਆਪਣੇ 62,000 ਦੇ ਆਲਟਾਈਮ ਹਾਈ ਤੋਂ ਲਗਭਗ 8,000 ਅੰਕ ਡਿਗ ਚੁੱਕਾ ਹੈ ਅਤੇ ਲੋਕਾਂ ਨੂੰ ਡਰ ਹੈ ਕਿ ਇਹ 54,000 ਤੋਂ ਹੇਠਾਂ ਨਾ ਡਿਗ ਜਾਵੇ। ਐੱਫ. ਆਈ. ਆਈ. ਲਗਾਤਾਰ ਭਾਰਤੀ ਬਾਜ਼ਾਰਾਂ ’ਚੋਂ ਪੈਸਾ ਕੱਢ ਰਹੇ ਹਨ। ਪਿਛਲੇ ਹਫਤੇ ਭਾਰਤੀ ਸ਼ੇਅਰ ਬਾਜ਼ਾਰ ਨੇ ਨਿਵੇਸ਼ਕਾਂ ਦਾ ਕਰੀਬ 2.5 ਲੱਖ ਕਰੋੜ ਡੋਬ ਦਿੱਤੇ। ਆਈ. ਐੱਮ. ਐੱਫ. ਨੇ ਐਤਵਾਰ ਨੂੰ ਜਾਰੀ ਇਕ ਰਿਪੋਰਟ ’ਚ ਕਿਹਾ ਕਿ ਈਂਧਨ ਦੀਆਂ ਵਧਦੀਆਂ ਕੀਮਤਾਂ ਅਤੇ ਮਹਿੰਗਾਈ 1970 ਦੇ ਦਹਾਕੇ ਦੀ ਯਾਦ ਦਿਵਾਉਂਦੀ ਹੈ। ਇਸ ਦੇ ਮੁਤਾਬਕ ਆਈ. ਐੱਮ. ਐੱਫ. ਉਦੋਂ ਇੰਝ ਹੀ ਸ਼ੁਰੂ ਹੋਈ ਮਹਿੰਗਾਈ ਮੰਦੀ ਲੈ ਕੇ ਆਈ ਸੀ। ਹਾਲਾਂਕਿ ਆਈ. ਐੱਮ. ਐੱਫ. ਨੂੰ ਭਰੋਸਾ ਹੈ ਕਿ ਹੁਣ ਕੇਂਦਰੀ ਬੈਂਕ ਵਧੇਰੇ ਸੁਤੰਤਰ ਅਤੇ ਭਰੋਸੇਮੰਦ ਹਨ ਅਤੇ ਅਜਿਹੀ ਸਥਿਤੀ ਸ਼ਾਇਦ ਮੁੜ ਨਹੀਂ ਆਵੇਗੀ।


Aarti dhillon

Content Editor

Related News