ਫਸਲਾਂ ''ਤੇ ਸੰਕਟ ਦੇ ਬੱਦਲ, ਚਿੰਤਾ ''ਚ 26 ਕਰੋੜ ਕਿਸਾਨ
Thursday, Aug 02, 2018 - 12:50 PM (IST)
ਮੁੰਬਈ— ਮੌਸਮ ਦੀ ਭਵਿੱਖਬਾਣੀ ਕਰਨ ਵਾਲੀ ਪ੍ਰਾਈਵੇਟ ਏਜੰਸੀ ਸਕਾਈਮੇਟ ਨੇ ਖੇਤੀ ਅਤੇ ਆਰਥਕ ਗ੍ਰੋਥ ਸੰਬੰਧੀ ਚਿੰਤਾ ਵਧਾਉਣ ਵਾਲੀ ਜਾਣਕਾਰੀ ਦਿੱਤੀ ਹੈ, ਜਿਸ ਨਾਲ ਦੇਸ਼ ਦੇ 26 ਕਰੋੜ ਕਿਸਾਨਾਂ ਦੀ ਫਸਲ 'ਤੇ ਸੰਕਟ ਦੇ ਬੱਦਲ ਮੰਡਰਾ ਸਕਦੇ ਹਨ। ਸਕਾਈਮੇਟ ਦੇ ਅੰਦਾਜ਼ੇ ਮੁਤਾਬਕ ਮਾਨਸੂਨ ਦੀ ਰਫਤਾਰ ਹੌਲੀ ਹੋ ਸਕਦੀ ਹੈ। ਘੱਟ ਬਾਰਸ਼ ਕਾਰਨ ਖਾਦ ਪਦਾਰਥਾਂ ਦੇ ਮੁੱਲ ਵਧ ਸਕਦੇ ਹਨ ਅਤੇ ਕੇਂਦਰੀ ਬੈਂਕ 'ਤੇ ਵਿਆਜ ਦਰਾਂ ਫਿਰ ਵਧਾਉਣ ਦਾ ਦਬਾਅ ਵਧ ਸਕਦਾ ਹੈ। ਸਕਾਈਮੇਟ ਨੇ ਪਹਿਲਾਂ ਜੂਨ-ਸਤੰਬਰ ਦੌਰਾਨ ਐੱਲ. ਪੀ. ਏ. ਦੇ ਮੁਕਾਬਲੇ 100 ਫੀਸਦੀ ਬਾਰਸ਼ ਹੋਣ ਦਾ ਅੰਦਾਜ਼ਾ ਪ੍ਰਗਟ ਕੀਤਾ ਸੀ, ਯਾਨੀ 887 ਮਿਲੀਮੀਟਰ ਤਕ ਬਾਰਿਸ਼ ਹੋਣ ਦੀ ਸੰਭਾਵਨਾ ਜਤਾਈ ਸੀ ਪਰ ਹੁਣ ਉਸ ਨੇ ਇਹ ਅੰਦਾਜ਼ਾ ਘਟਾ ਕੇ 92 ਫੀਸਦੀ ਕਰ ਦਿੱਤਾ ਹੈ। ਸਕਾਈਮੇਟ ਨੇ ਕਿਹਾ ਕਿ ਅਗਸਤ ਦੌਰਾਨ ਦੱਖਣੀ-ਪੱਛਮੀ ਮਾਨਸੂਨ ਕਮਜ਼ੋਰ ਹੋ ਸਕਦਾ ਹੈ।
ਭਾਰਤ ਦੇ 26 ਕਰੋੜ ਕਿਸਾਨ ਚੌਲ, ਗੰਨਾ, ਮੱਕਾ, ਕਪਾਹ ਅਤੇ ਸੋਇਆਬੀਨ ਵਰਗੀਆਂ ਫਸਲਾਂ ਦੀ ਖੇਤੀ ਲਈ ਮਾਨਸੂਨੀ ਬਾਰਸ਼ 'ਤੇ ਨਿਰਭਰ ਰਹਿੰਦੇ ਹਨ। ਬਾਰਸ਼ 'ਚ ਕਮੀ ਕਾਰਨ ਕਿਸਾਨਾਂ ਦੀ ਆਮਦਨ ਘੱਟ ਰਹਿ ਸਕਦੀ ਹੈ।
ਦੇਸ਼ ਦੇ ਕੁਝ ਦੱਖਣੀ ਅਤੇ ਉੱਤਰੀ ਇਲਾਕਿਆਂ 'ਚ ਘੱਟ ਬਾਰਸ਼ ਕਾਰਨ ਗਰਮੀ ਦੀ ਰੁੱਤ 'ਚ ਫਸਲਾਂ ਦੀ ਬਿਜਾਈ ਪਹਿਲਾਂ ਹੀ ਲੇਟ ਹੋ ਚੁੱਕੀ ਹੈ। ਖੇਤੀ ਸਹਿਕਾਰਤਾ ਅਤੇ ਕਿਸਾਨ ਕਲਿਆਣ ਵਿਭਾਗ ਨੇ ਕਿਹਾ ਹੈ ਕਿ ਕਿਸਾਨਾਂ ਨੇ 27 ਜੁਲਾਈ ਤਕ 7.38 ਕਰੋੜ ਹੈਕਟੇਅਰ ਜ਼ਮੀਨ 'ਤੇ ਫਸਲਾਂ ਦੀ ਬਿਜਾਈ ਕੀਤੀ ਹੈ, ਜੋ ਇਕ ਸਾਲ ਪਹਿਲਾਂ ਦੇ ਮੁਕਾਬਲੇ 7.5 ਫੀਸਦੀ ਘੱਟ ਹੈ। ਗਰਮੀ 'ਚ ਫਸਲਾਂ ਦੀ ਬਿਜਾਈ 'ਤੇ ਬਾਰਸ਼ ਦੀ ਕਮੀ ਦੀ ਮਾਰ ਪੈ ਸਕਦੀ ਹੈ। ਜ਼ਿਕਰਯੋਗ ਹੈ ਕਿ ਭਾਰਤ ਦੀ ਦੋ ਲੱਖ ਕਰੋੜ ਡਾਲਰ ਦੀ ਅਰਥਵਿਵਸਥਾ 'ਚ ਖੇਤੀ ਖੇਤਰ ਦਾ ਤਕਰੀਬਨ 14 ਫੀਸਦੀ ਯੋਗਦਾਨ ਰਹਿੰਦਾ ਹੈ।
