ਝੋਨੇ ਦੀ ਪਰਾਲੀ ਸਾੜਨ ਦੇ ਨੁਕਸਾਨ ਜਾਣ ਹੋਵੋਗੇ ਹੈਰਾਨ, ਜ਼ਮੀਨ ਬੰਜਰ ਸਣੇ ਕਈ ਤੱਤ ਹੋ ਜਾਂਦੇ ਨੇ ਸਵਾਹ
Friday, Sep 23, 2022 - 04:44 PM (IST)
ਲੁਧਿਆਣਾ : ਝੋਨੇ ਦੀ ਕਟਾਈ ਦਾ ਸੀਜ਼ਨ ਸ਼ੁਰੂ ਹੋਣ ਸਾਰ ਹੀ ਪਰਾਲੀ ਨੂੰ ਸਾੜਨ ਦਾ ਵਿਸ਼ਾ ਛਿੜ ਜਾਂਦਾ ਹੈ ਕਿਉਂਕਿ ਇਸ ਦੌਰਾਨ ਵਾਤਾਵਰਨ ਦੀ ਸ਼ੁੱਧਤਾ ਦਾ ਪੱਧਰ ਹੇਠਾਂ ਡਿੱਗਣਾ ਸ਼ੁਰੂ ਹੋ ਜਾਂਦਾ ਹੈ। ਕਣਕ ਦੀ ਬਿਜਾਈ ਦੀ ਕਾਹਲੀ ਕਾਰਨ ਕਿਸਾਨ ਝੋਨੇ ਦੀ ਕਟਾਈ ਤੋਂ ਬਾਅਦ ਬਚੀ ਹੋਈ ਪਰਾਲੀ ਦਾ ਸਹੀ ਨਿਪਟਾਰਾ ਕਰਨ ਦੀ ਬਜਾਏ ਉਸ ਨੂੰ ਸਾੜਨ ਦਾ ਤਰੀਕਾ ਅਪਣਾਉਂਦੇ ਹਨ। ਪੰਜਾਬ ਖੇਤੀਬਾੜੀ ਯੂਨੀਵਰਸਿਟੀ (ਪੀ.ਏ.ਯੂ.) ਦੇ ਮਾਹਿਰਾਂ ਅਨੁਸਾਰ ਪਰਾਲੀ ਦੇ ਨਾਲ ਹੀ ਕਿਸਾਨ ਫ਼ਸਲ ਲਈ ਸਭ ਤੋਂ ਜ਼ਰੂਰੀ ਪੌਸ਼ਟਿਕ ਤੱਤ ਨਾਈਟਰੋਜਨ, ਫਾਸਫੋਰਸ ਤੇ ਪੋਟਾਸ਼ (ਐਨ.ਪੀ.ਕੇ.) ਦੇ ਨਾਲ-ਨਾਲ ਅਰਬਾਂ ਮਿੱਟੀ ਦੇ ਅਨੁਕੂਲ ਬੈਕਟੀਰੀਆ ਤੇ ਉੱਲੀ ਨੂੰ ਸਾੜਦੇ ਹਨ।
ਇਕ ਅਧਿਐਨ ਮੁਤਾਬਕ ਪੰਜਾਬ ਵਿਚ 1.50 ਤੋਂ 1.60 ਲੱਖ ਟਨ ਨਾਈਟਰੋਜਨ ਤੇ ਸਲਫ਼ਰ ਤੋਂ ਇਲਾਵਾ ਕਾਰਬਨ ਸੜ ਕੇ ਸੁਆਹ ਹੋ ਜਾਂਦੀ ਹੈ। ਨਸ਼ਟ ਹੋਈ ਨਾਈਟਰੋਜਨ ਤੇ ਗੰਧਕ ਦੀ ਕੀਮਤ ਲਗਭਗ 160 ਤੋਂ 170 ਕਰੋੜ ਰੁਪਏ ਹੈ। ਪੀ.ਏ.ਯੂ. ਦੇ ਵਿਗਿਆਨੀਆਂ ਦੀ ਖੋਜ ਤੋਂ ਪਤਾ ਚੱਲਦਾ ਹੈ ਕਿ ਇਕ ਏਕੜ ਦੀ ਪਰਾਲੀ ਵਿਚ ਲਗਭਗ 18-10 ਕਿਲੋ ਨਾਈਟਰੋਜਨ, 3.2-3.5 ਕਿਲੋ ਫਾਸਫੋਰਸ, 56-60 ਕਿਲੋ ਪੋਟਾਸ, 4-5 ਕਿਲੋ ਸਲਫਰ, 1150-1250 ਕਿਲੋ ਕਾਰਬਨ ਹੁੰਦਾ ਹੈ ਅਤੇ ਹੋਰ ਸੂਖਮ ਤੱਤ ਹੁੰਦੇ ਹਨ। ਦੂਜੇ ਸ਼ਬਦਾਂ ਵਿਚ ਇਕ ਟਨ ਪਰਾਲੀ ਸਾੜਨ ਨਾਲ ਮਿੱਟੀ ਵਿਚ 400 ਕਿਲੋ ਜੈਵਿਕ ਕਾਰਬਨ, 5.5 ਕਿਲੋ ਨਾਈਟਰੋਜਨ, 2.3 ਕਿਲੋ ਫਾਸਫੋਰਸ, 25 ਕਿਲੋ ਪੋਟਾਸ, 1.2 ਕਿਲੋ ਗੰਧਕ ਤੇ ਸੂਖ਼ਮ ਤੱਤਾਂ ਦਾ ਨੁਕਸਾਨ ਹੁੰਦਾ ਹੈ ਇਸ ਤੋਂ ਇਲਾਵਾ, ਪਰਾਲੀ ਨੂੰ ਅੱਗ ਲਾਉਣ ਨਾਲ ਪੈਦਾ ਹੋਣ ਵਾਲੀ ਗਰਮੀ ਜ਼ਮੀਨ ਵਿਚ ਮੌਜੂਦ ਲੱਖਾਂ ਬੈਕਟੀਰੀਆ ਤੇ ਲੱਖਾਂ ਫੰਗਸ ਨੂੰ ਸਾੜ ਦਿੰਦੀ ਹੈ ਜੋ ਕਿ ਫ਼ਸਲ ਨੂੰ ਲਾਭ ਪਹੁੰਚਾਉਂਦੀਆਂ ਹਨ।
ਇਹ ਵੀ ਪੜੋ - ECLGS ਵੱਲੋਂ ਫੰਡ ਪ੍ਰਾਪਤ ਕਰਨ ਤੋਂ ਬਾਅਦ ਪਾਇਲਟਾਂ ਦੀ ਤਨਖ਼ਾਹ ਵਧਾਏਗੀ ਸਪਾਈਸਜੈੱਟ
ਜਾਣੋ ਕਿਵੇਂ ਹੋ ਸਕਦਾ ਹੈ ਪਰਾਲੀ ਦਾ ਸਹੀ ਨਿਪਟਾਰਾ
ਪੀ.ਏ.ਯੂ. ਦੀਆਂ ਕਈ ਖ਼ੋਜਾਂ ਵਿਚ ਇਹ ਸਿੱਧ ਹੋ ਚੁੱਕਾ ਹੈ ਕਿ ਕਿਸਾਨ ਜਿਸ ਪਰਾਲੀ ਨੂੰ ਬੇਕਾਰ ਤੇ ਮੁਸੀਬਤ ਸਮਝ ਕੇ ਖੇਤਾਂ ਵਿਚ ਸਾੜ ਦਿੰਦੇ ਹਨ ਉਸ ਦਾ ਅਗਲੀ ਫ਼ਸਲ ਨੂੰ ਬਹੁਤ ਲਾਭ ਹੁੰਦਾ ਹੈ। ਜੇ ਕਿਸਾਨ ਇਸ ਦੀ ਸੁਚੱਜੀ ਵਰਤੋਂ ਕਰਨ ਤਾਂ ਉਹ ਨਾ-ਸਿਰਫ਼ ਆਪਣੇ ਖੇਤਾਂ ਵਿੱਚੋਂ ਲਾਹੇਵੰਦ ਫ਼ਸਲਾਂ ਦੀ ਕਾਸ਼ਤ ਕਰ ਸਕਦੇ ਹਨ, ਸਗੋਂ ਜ਼ਮੀਨ ਦੀ ਉਪਜਾਊ ਸ਼ਕਤੀ ਵਧਾ ਸਕਦੇ ਹਨ।
1. ਕਣਕ ਦੀ ਬਿਜਾਈ ਤੋਂ ਤਿੰਨ ਹਫ਼ਤੇ ਪਹਿਲਾਂ ਪਰਾਲੀ ਨੂੰ ਭੂਮੀ 'ਚ ਦਬਾਇਆ ਜਾਂ ਮਿਲਾਇਆ ਜਾਵੇ
2. ਫਿਰ ਹਲ ਵਾਹਿਆ ਜਾਵੇ ਇਸ ਨਾਲ ਕਣਕ ਦੇ ਝਾੜ ਵਿਚ ਵਾਧਾ ਹੁੰਦਾ ਹੈ।
ਪੀ.ਏ.ਯੂ. ਦੇ ਭੂਮੀ ਵਿਗਿਆਨੀ ਖੋਜ ਵਿਚ ਇਸ ਸਿੱਟੇ ’ਤੇ ਪਹੁੰਚੇ ਹਨ ਕਿ ਜੇ ਕਣਕ ਦੀ ਬਿਜਾਈ ਤੋਂ ਤਿੰਨ ਹਫ਼ਤੇ ਪਹਿਲਾਂ ਪਰਾਲੀ ਨੂੰ ਖੇਤ ਵਿਚ ਦੱਬਿਆ ਜਾਂ ਮਿਲਾ ਦਿੱਤਾ ਜਾਵੇ ਜਾਂ ਵਾਹ ਦਿੱਤਾ ਜਾਵੇ ਤਾਂ ਕਣਕ ਦੀ ਝਾੜ ’ਤੇ ਕੋਈ ਅਸਰ ਨਹੀਂ ਹੁੰਦਾ। ਅਜਿਹਾ ਕਰਨ ਨਾਲ ਚੌਥੇ ਸਾਲ ਕਣਕ ਦਾ ਝਾੜ ਵਧ ਜਾਂਦਾ ਹੈ। 2008 ਤੋਂ 2016 ਤਕ ਮਿੱਟੀ ਵਿਚ ਪਰਾਲੀ ਨੂੰ ਲਗਾਤਾਰ ਮਿਲਾਉਣ ਨਾਲ ਪਹਿਲੇ ਤਿੰਨ ਸਾਲਾਂ ਤਕ ਕਣਕ ਦੀ ਝਾੜ’ਤੇ ਕੋਈ ਅਸਰ ਨਹੀਂ ਪਿਆ।