ਵੱਡਾ ਫ਼ੈਸਲਾ! ਹੁਣ 24 ਫਰਵਰੀ ਤੱਕ ਨਹੀਂ ਮਹਿੰਗਾ ਹੋਵੇਗਾ ਹਵਾਈ ਸਫ਼ਰ

Thursday, Nov 05, 2020 - 09:54 PM (IST)

ਨਵੀਂ ਦਿੱਲੀ— ਹਵਾਈ ਸਫਰ ਕਰਨ ਵਾਲੇ ਲੋਕਾਂ ਲਈ ਰਾਹਤ ਭਰੀ ਖ਼ਬਰ ਹੈ, ਹੁਣ 24 ਫਰਵਰੀ 2021 ਤੱਕ ਹਵਾਈ ਕਿਰਾਇਆ ਨਹੀਂ ਵਧੇਗਾ। ਸਰਕਾਰ ਨੇ ਘਰੇਲੂ ਉਡਾਣਾਂ ਲਈ ਕਿਰਾਏ ਦੀ ਨਿਰਧਾਰਤ ਲਾਗੂ ਹੱਦ ਹੋਰ ਸਮੇਂ ਤੱਕ ਲਈ ਵਧਾ ਦਿੱਤੀ ਹੈ। ਇਹ ਫ਼ੈਸਲਾ ਸ਼ਹਿਰੀ ਹਵਾਬਾਜ਼ੀ ਮੰਤਰਾਲਾ ਨੇ ਲਿਆ ਹੈ। ਘਰੇਲੂ ਉਡਾਣਾਂ ਲਈ ਲਾਗੂ ਘੱਟੋ-ਘੱਟ ਅਤੇ ਵੱਧ ਤੋਂ ਵੱਧ ਹੱਦ 24 ਨਵੰਬਰ ਨੂੰ ਸਮਾਪਤ ਹੋਣ ਵਾਲੀ ਸੀ।


ਕੋਰੋਨਾ ਦੇ ਮੱਦੇਨਜ਼ਰ ਲਾਗੂ ਤਾਲਾਬੰਦੀ 'ਚ 25 ਮਈ ਨੂੰ ਸਰਕਾਰ ਨੇ ਘਰੇਲੂ ਉਡਾਣਾਂ ਨੂੰ ਮਨਜ਼ੂਰੀ ਦਿੱਤੀ ਸੀ, ਨਾਲ ਹੀ ਕਿਰਾਏ ਦੀ ਘੱਟੋ-ਘੱਟ ਅਤੇ ਵੱਧ ਤੋਂ ਵੱਧ ਹੱਦ ਵੀ ਨਿਰਧਾਰਤ ਕਰ ਦਿੱਤੀ ਗਈ ਸੀ, ਤਾਂ ਕਿ ਇਸ ਸੰਕਟ ਭਰੇ ਸਮੇਂ 'ਚ ਜਹਾਜ਼ ਕੰਪਨੀਆਂ ਲੋਕਾਂ ਦੀ ਮਜ਼ਬੂਰੀ ਦਾ ਫਾਇਦਾ ਨਾ ਉਠਾ ਸਕਣ।

ਇੰਨੀ ਹੈ ਕਿਰਾਏ ਦੀ ਹੱਦ-
ਸਰਕਾਰ ਵੱਲੋਂ ਨਿਰਧਾਰਤ ਕੀਤੀ ਗਈ ਕਿਰਾਏ ਦੀ ਲਿਮਟ ਮੁਤਾਬਕ, 40 ਮਿੰਟ ਤੋਂ ਘੱਟ ਸਮੇਂ ਵਾਲੀ ਘਰੇਲੂ ਹਵਾਈ ਯਾਤਰਾ ਲਈ ਘੱਟੋ-ਘੱਟ ਕਿਰਾਇਆ 2,000 ਰੁਪਏ ਅਤੇ ਵੱਧ ਤੋਂ ਵੱਧ 6,000 ਰੁਪਏ ਹੈ। 40 ਤੋਂ 60 ਮਿੰਟ ਵਾਲੀ ਹਵਾਈ ਯਾਤਰਾ ਲਈ ਇਹ ਹੱਦ 2,500 ਅਤੇ 7,500 ਰੁਪਏ ਹੈ। 60 ਤੋਂ 90 ਮਿੰਟ ਦੀ ਉਡਾਣ ਲਈ ਘੱਟੋ-ਘੱਟ ਕਿਰਾਇਆ 3,000 ਰੁਪਏ ਅਤੇ ਵੱਧ ਤੋਂ ਵੱਧ ਕਿਰਾਇਆ 9,000 ਰੁਪਏ ਹੈ।

ਇਸ ਤੋਂ ਇਲਾਵਾ 90 ਤੋਂ 120 ਮਿੰਟ ਲਈ ਇਹ ਹੱਦ 3,500 ਤੋਂ 10,000 ਰੁਪਏ ਨਿਰਧਾਰਤ ਕੀਤੀ ਗਈ ਸੀ। 120 ਮਿੰਟ ਤੋਂ 150 ਮਿੰਟ ਤੱਕ ਦੀ ਹਵਾਈ ਯਾਤਰਾ ਲਈ ਕਿਰਾਇਆ 4,500 ਰੁਪਏ ਤੋਂ ਲੈ ਕੇ 13,000 ਰੁਪਏ ਵਿਚਕਾਰ ਨਿਰਧਾਰਤ ਕੀਤਾ ਗਿਆ ਹੈ। ਉੱਥੇ ਹੀ, 150 ਤੋਂ 180 ਮਿੰਟ ਦੀ ਫਲਾਈਟ ਲਈ ਕਿਰਾਇਆ ਘੱਟੋ-ਘੱਟ 5,500 ਰੁਪਏ ਅਤੇ ਵੱਧ ਤੋਂ ਵੱਧ 15,570 ਰੁਪਏ ਰੱਖਿਆ ਗਿਆ ਹੈ।


Sanjeev

Content Editor

Related News