GDP ਲਈ ਚੰਗੀ ਖ਼ਬਰ, ਇਕ ਦਹਾਕੇ ਤੋਂ ਉਪਰ ਪੁੱਜਾ ਫੈਕਟਰੀ ਨਿਰਮਾਣ
Monday, Nov 02, 2020 - 02:15 PM (IST)
ਨਵੀਂ ਦਿੱਲੀ— ਕੋਰੋਨਾ ਵਾਇਰਸ ਕਾਰਨ ਸੁਸਤ ਪਈ ਭਾਰਤੀ ਅਰਥਵਿਵਸਥਾ ਲਈ ਚੰਗੀ ਖ਼ਬਰ ਹੈ। ਤਿਉਹਾਰੀ ਮੌਸਮ 'ਚ ਮੰਗ ਅਤੇ ਵਿਕਰੀ 'ਚ ਤੇਜ਼ੀ ਨਾਲ ਨਿਰਮਾਣ ਖੇਤਰ 'ਚ ਜ਼ਬਰਦਸਤ ਵਾਪਸੀ ਦੇਖੀ ਜਾ ਰਹੀ ਹੈ।
ਨਿਰਮਾਣ ਗਤੀਵਧੀ ਇੰਡੈਕਸ ਅਕਤੂਬਰ 'ਚ ਇਕ ਦਹਾਕੇ ਦੇ ਉੱਚ ਪੱਧਰ 'ਤੇ ਪਹੁੰਚ ਗਿਆ। ਹਾਲਾਂਕਿ, ਫਰਮਾਂ ਨੇ ਨੌਕਰੀਆਂ 'ਚ ਕਟੌਤੀ ਕੀਤੀ ਜਾਰੀ ਰੱਖੀ ਹੋਈ ਹੈ। ਜੂਨ ਤਿਮਾਹੀ 'ਚ ਭਾਰਤੀ ਅਰਥਵਿਵਸਥਾ ਨੇ 23.9 ਫੀਸਦੀ ਦੀ ਗਿਰਾਵਟ ਦਰਜ ਕੀਤੀ ਸੀ, ਜਿਸ 'ਚ ਹੁਣ ਸੁਧਾਰ ਦੇ ਸੰਕੇਤ ਮਿਲ ਰਹੇ ਹਨ।
ਨਿਰਮਾਣ ਪੀ. ਐੱਮ. ਆਈ. ਅਕਤੂਬਰ 'ਚ 58.9 ਰਿਹਾ, ਜੋ ਮਈ 2010 ਤੋਂ ਬਾਅਦ ਦਾ ਉੱਚਾ ਪੱਧਰ ਹੈ। ਇਸ ਤੋਂ ਪਹਿਲਾਂ ਸਤੰਬਰ 'ਚ ਇਹ ਇੰਡੈਕਸ 56.8 ਰਿਹਾ ਸੀ। ਨਿਰਮਾਣ ਪੀ. ਐੱਮ. ਆਈ. 50 ਤੋਂ ਉਪਰ ਰਹਿਣ ਦਾ ਮਤਲਬ ਹੈ ਕਿ ਆਰਥਿਕ ਵਿਕਾਸ ਦਾ ਵਿਸਥਾਰ ਹੋ ਰਿਹਾ ਹੈ। ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਤਾਲਾਬੰਦੀ ਪਿੱਛੋਂ ਜਿਸ ਤਰ੍ਹਾਂ ਨਾਲ ਨਿਰਮਾਣ ਗਤੀਵਧੀਆਂ 'ਚ ਤੇਜ਼ੀ ਆ ਰਹੀ ਹੈ, ਉਸ ਨੂੰ ਦੇਖਦੇ ਹੋਏ ਵਿੱਤੀ ਸਾਲ 'ਚ ਜੀ. ਡੀ. ਪੀ. ਵਿਕਾਸ ਦਰ ਸਿਫ਼ਰ ਤੋਂ ਸਿਰਫ 6 ਫੀਸਦੀ ਹੇਠਾਂ ਰਹਿ ਸਕਦੀ ਹੈ। ਇਸ ਤੋਂ ਪਹਿਲਾਂ ਵਿਸ਼ਲੇਸ਼ਕਾਂ ਨੇ ਵਿਕਾਸ ਦਰ 10 ਫੀਸਦੀ ਤੋਂ ਵੀ ਵੱਧ ਹੇਠਾਂ ਰਹਿਣ ਦਾ ਅਨੁਮਾਨ ਜਤਾ ਰਹੇ ਸਨ। ਉਨ੍ਹਾਂ ਦਾ ਕਹਿਣਾ ਹੈ ਕਿ ਭਾਰਤੀ ਅਰਥਵਿਵਸਥਾ ਹੁਣ ਹੌਲੀ-ਹੌਲੀ ਪਟੜੀ 'ਤੇ ਆ ਰਹੀ ਹੈ ਅਤੇ ਇਹ ਜਲਦ ਹੀ ਤੇਜ਼ ਗਤੀ ਨਾਲ ਵਧਣ 'ਚ ਸਮਰੱਥ ਹੋਵੇਗੀ।