ਫੇਸਬੁੱਕ 'ਚ ਅੱਜ ਤੋਂ ਸ਼ੁਰੂ ਹੋਵੇਗੀ ਕਰਮਚਾਰੀਆਂ ਦੀ ਛਾਂਟੀ, ਜ਼ੁਕਰਬਰਗ ਨੇ ਲਈ ਕੰਪਨੀ ਦੀ ਬਦਹਾਲੀ ਦੀ ਜ਼ਿੰਮੇਵਾਰੀ
Wednesday, Nov 09, 2022 - 10:56 AM (IST)

ਬਿਜਨੈੱਸ ਡੈਸਕ- ਟਵਿੱਟਰ 'ਚ ਕਰਮਚਾਰੀਆਂ ਨੂੰ ਬਾਹਰ ਦਾ ਰਸਤਾ ਦਿਖਾਏ ਜਾਣ ਤੋਂ ਬਾਅਦ ਫੇਸਬੁੱਕ ਦੀ ਮੂਲ ਕੰਪਨੀ ਮੇਟਾ ਵੀ ਵੱਡੇ ਪੱਧਰ 'ਤੇ ਛਾਂਟੀ ਕਰਨ ਜਾ ਰਹੀ ਹੈ। ਫੇਸਬੁੱਕ, ਇੰਸਟਾਗ੍ਰਾਮ ਅਤੇ ਵਟਸਐਪ ਦੀ ਪੇਰੈਂਟ ਕੰਪਨੀ ਮੇਟਾ ਪਲੇਟਫਾਰਮਸ ਇੰਕ ਅੱਜ ਤੋਂ ਇਸ ਦੀ ਸ਼ੁਰੂਆਤ ਕਰਨ ਜਾ ਰਹੀ ਹੈ। ਮੇਟਾ 'ਚ ਅਜੇ ਲਗਭਗ 87,000 ਕਰਮਚਾਰੀ ਕੰਮ ਕਰਦੇ ਹਨ। ਇਨ੍ਹਾਂ 'ਚੋਂ 10% ਕਰਮਚਾਰੀਆਂ ਨੂੰ ਨੌਕਰੀ ਤੋਂ ਬਾਹਰ ਕੀਤਾ ਜਾ ਸਕਦਾ ਹੈ। ਇਸ ਦੌਰਾਨ ਕੰਪਨੀ ਦੇ ਸੀ.ਈ.ਓ ਮਾਰਕ ਜ਼ੁਕਰਬਰਗ ਨੇ ਕਿਹਾ ਕਿ ਕੁਝ ਗਲਤ ਫ਼ੈਸਲਿਆਂ ਕਾਰਨ ਕੰਪਨੀ ਦੀ ਇਹ ਹਾਲਤ ਹੋਈ ਹੈ।
ਉਨ੍ਹਾਂ ਨੇ ਇਸ ਲਈ ਖ਼ੁਦ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਜ਼ੁਕਰਬਰਗ ਨੇ ਕਿਹਾ ਹੈ ਕਿ ਕੰਪਨੀ ਉੱਚ ਪਹਿਲ ਵਾਲੇ ਵਾਧਾ ਖੇਤਰਾਂ 'ਚ ਛੋਟੀ ਗਿਣਤੀ 'ਚ ਨਿਵੇਸ਼ 'ਤੇ ਧਿਆਨ ਕੇਂਦਰਿਤ ਕਰੇਗੀ। ਉਨ੍ਹਾਂ ਨੇ ਕਿਹਾ ਕਿ 2023 ਦੇ ਅੰਤ ਤੱਕ ਸਾਡੇ ਸੰਗਠਨ ਦਾ ਆਕਾਰ ਅੱਜ ਦੇ ਬਰਾਬਰ ਜਾਂ ਉਸ ਤੋਂ ਕੁਝ ਛੋਟਾ ਹੋਵੇਗਾ।
ਫੇਸਬੁੱਕ ਦੀ ਸਥਾਪਨਾ 2004 'ਚ ਹੋਈ ਸੀ ਅਤੇ ਇਸ ਤੋਂ ਬਾਅਦ ਕੰਪਨੀ 'ਚ ਪਹਿਲੀ ਵਾਰ ਵੱਡੇ ਪੱਧਰ 'ਤੇ ਛਾਂਟੀ ਕਰਨ ਜਾ ਰਹੀ ਹੈ। ਇਕ ਰਿਪੋਰਟ ਮੁਤਾਬਕ ਕੰਪਨੀ ਦੇ ਅਧਿਕਾਰੀਆਂ ਨੇ ਕਰਮਚਾਰੀਆਂ ਨੂੰ ਕਿਹਾ ਸੀ ਕਿ ਉਹ ਇਸ ਹਫ਼ਤੇ ਤੋਂ ਕਿਸੇ ਵੀ ਗੈਰ-ਜ਼ਰੂਰੀ ਯਾਤਰਾ 'ਤੇ ਨਾ ਜਾਣ। ਕੰਪਨੀ ਦੇ 18 ਸਾਲਾਂ ਦੇ ਇਤਿਹਾਸ 'ਚ ਇਹ ਕਰਮਚਾਰੀਆਂ ਦੀ ਸਭ ਤੋਂ ਵੱਡੇ ਪੱਧਰ 'ਤੇ ਛਾਂਟੀ ਹੋਵੇਗੀ।
ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।