ਦੇਸ਼ ’ਚ ਮਹਿੰਗਾਈ ਦੇ ਪਿੱਛੇ ਬਾਹਰੀ ਕਾਰਕ ਜ਼ਿੰਮੇਵਾਰ : ਸ਼ਸ਼ਾਂਕ ਭਿੜੇ
Saturday, Oct 29, 2022 - 10:41 AM (IST)

ਨਵੀਂ ਦਿੱਲੀ–ਭਾਰਤ ’ਚ ਇਨੀਂ ਦਿਨੀਂ ਮਹਿੰਗਾਈ ਇਕ ਵੱਡਾ ਮੁੱਦਾ ਬਣਿਆ ਹੋਇਆ ਹੈ। ਦੇਸ਼ ਨੂੰ ਉੱਚ ਪੱਧਰ ਦੀ ਮਹਿੰਗਾਈ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਸ ਦਾ ਅਸਰ ਮੰਗ ਸਟੋਰੀ ’ਤੇ ਵੀ ਪੈ ਰਿਹਾ ਹੈ। ਆਉਣ ਵਾਲੇ ਦਿਨਾਂ ’ਚ ਇਹ ਅਰਥਵਿਵਸਥਾ ਲਈ ਨਾਂਹਪੱਖੀ ਸਾਬਤ ਹੋ ਸਕਦਾ ਹੈ। ਆਰ. ਬੀ. ਆਈ. ਨੇ ਦੇਸ਼ ’ਚ ਮਹਿੰਗਾਈ ਦੇ ਪਿੱਛੇ ਬਾਹਰੀ ਕਾਰਕਾਂ ਨੂੰ ਜ਼ਿੰਮੇਵਾਰ ਦੱਸਿਆ। ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਦੀ ਮਾਨੀਟਰੀ ਪਾਲਿਸੀ ਕਮੇਟੀ ਦੇ ਮੈਂਬਰ ਸ਼ਸ਼ਾਂਕ ਭਿੜੇ ਨੇ ਕਿਹਾ ਕਿ ਬੀਤੀਆਂ 3 ਤਿਮਾਰੀਆਂ ਤੋਂ ਮਹਿੰਗਾਈ ਦੀ ਦਰ ਉੱਚੀ ਬਣੀ ਹੋਈ ਹੈ, ਜਿਸ ਦਾ ਕਾਰਨ ਕੀਮਤਾਂ ’ਤੇ ਬਾਹਰੀ ਦਬਾਅ ਹੈ।
ਮਾਨੇਟਰੀ ਪਾਲਿਸੀ ਕਮੇਟੀ ਮੈਂਬਰ ਨੇ ਕਿਹਾ ਕਿ ਮਹਿੰਗਾਈ ਨਾਲ ਨਜਿੱਠਣ ਲਈ ਨੀਤੀਗਤ ਯਤਨਾਂ ਦੀ ਲੋੜ ਹੋਵੇਗੀ। ਦਬਾਅ ਬਹੁਤ ਜ਼ਿਆਦਾ ਹੈ ਅਤੇ ਭਾਰਤ ’ਚ ਮਹਿੰਗਾਈ ਨਾਲ ਨਜਿੱਠਣ ਦੀ ਰੂਪ-ਰੇਖਾ ਤਿਆਰ ਕਰਨਾ ਵੀ ਇਕ ਔਖੀ ਪ੍ਰੀਖਿਆ ਵਾਂਗ ਹੈ। ਉਨ੍ਹਾਂ ਨੇ ਕਿਹਾ ਕਿ 2022-23 ਦੀ ਦੂਜੀ ਤਿਮਾਹੀ ’ਚ ਮਹਿੰਗਾਈ ਉੱਚ ਪੱਧਰ ’ਤੇ ਰਹੀ। ਇਸ ਤੋਂ ਪਹਿਲਾਂ ਦੋ ਤਿਮਾਹੀਆਂ ’ਚ ਵੀ ਇਹ ਉੱਚ ਪੱਧਰ ’ਤੇ ਸੀ।
ਐਨਰਜੀ ਅਤੇ ਖਾਣ-ਪੀਣ ਦੀਆਂ ਚੀਜ਼ਾਂ ਮਹਿੰਗੀਆਂ
ਈਂਧਨ ਅਤੇ ਖਾਣ-ਪੀਣ ਦੀਆਂ ਚੀਜ਼ਾਂ ਦੇ ਉੱਚੇ ਰੇਟ ਅਤੇ ਹੋਰ ਖੇਤਰਾਂ ’ਤੇ ਇਸ ਦੇ ਅਸਰ ਨੇ ਮਹਿੰਗਾਈ ਦੀ ਦਰ ਨੂੰ ਵੱਧ ਬਣਾ ਕੇ ਰੱਖਿਆ ਹੈ। ਕੰਜਿਊਮਰ ਪ੍ਰਾਈਸ ਇੰਡੈਕਸ (ਸੀ. ਪੀ. ਆਈ.) ’ਤੇ ਆਧਾਰਿਤ ਰਿਟੇਲ ਮਹਿੰਗਾਈ ਜਨਵਰੀ 2022 ਤੋਂ ਹੁਣ ਤੱਕ 6 ਫੀਸਦੀ ਤੋਂ ਉੱਪਰ ਬਣੀ ਹੋਈ ਹੈ। ਸਤੰਬਰ ’ਚ ਇਹ 7.41 ਫੀਸਦੀ ਸੀ।
ਖਪਤ ਅਤੇ ਨਿਵੇਸ਼ ਦੀ ਮੰਗ ’ਤੇ ਪ੍ਰਭਾਵ
ਭਿ਼ੜੇ ਨੇ ਕਿਹਾ ਕਿ ਇਸ ਸਥਿਤੀ ਕਾਰਨ ਕੀਮਤਾਂ ’ਤੇ ਬਾਹਰੀ ਕਾਰਕਾਂ ਦਾ ਦਬਾਅ ਹੈ। ਉੱਥੇ ਹੀ ਬਾਕੀ ਦੀ ਅਰਥਵਿਵਸਥਾ ’ਤੇ ਇਸ ਦੇ ਅਸਰ ਨੂੰ ਸੀਮਤ ਕਰਨ ਲਈ ਕਦਮ ਉਠਾਉਣਾ ਜ਼ਰੂਰੀ ਹੈ। ਇਨ੍ਹਾਂ ਮੁੱਦਿਆਂ ਨਾਲ ਨਜਿੱਠਣ ਲਈ ਨੀਤੀਗਤ ਯਤਨਾਂ, ਬਿਹਤਰ ਮਾਨੇਟਰੀ ਪਾਲਿਸੀ ਅਤੇ ਹੋਰ ਆਰਥਿਕ ਨੀਤੀਆਂ ਦੀ ਲੋੜ ਹੋਵੇਗੀ। ਉਨ੍ਹਾਂ ਨੇ ਕਿਹਾ ਕਿ ਆਰ. ਬੀ. ਆਈ. ਦੀ ਮਾਨੇਟਰੀ ਸਖਤੀ ਦਾ ਟੀਚਾ ਮਹਿੰਗਾਈ ਦੇ ਦਬਾਅ ਨੂੰ ਘੱਟ ਕਰਨਾ ਹੈ ਕਿਉਂਕਿ ਮਹਿੰਗਾਈ ਦਾ ਉੱਚੇ ਪੱਧਰ ’ਤੇ ਬਣੇ ਰਹਿਣ ਦਾ ਖਪਤ ਅਤੇ ਨਿਵੇਸ਼ ਦੀ ਮੰਗ ’ਤੇ ਨਾਂਹਪੱਖੀ ਅਸਰ ਪੈਂਦਾ ਹੈ।
ਮਹਿੰਗਾਈ ਘਟਾਉਣ ’ਚ ਕਿਉਂ ਅਸਫਲ ਰਿਹਾ ਸੈਂਟਰਲ ਬੈਂਕ
ਰਿਜ਼ਰਵ ਬੈਂਕ ਦੀ ਮੁਦਰਾ ਨੀਤੀ ਕਮੇਟੀ ਦੀ 3 ਨਵੰਬਰ ਨੂੰ ਵਿਸ਼ੇਸ਼ ਬੈਠਕ ਹੋਣ ਜਾ ਰਹੀ ਹੈ। ਦਰਅਸਲ ਆਰ. ਬੀ. ਆਈ. ਨੂੰ ਸਰਕਾਰ ਨੂੰ ਇਹ ਰਿਪੋਰਟ ਦੇਣੀ ਹੈ ਕਿ ਉਹ ਜਨਵਰੀ ਤੋਂ ਲਗਾਤਾਰ 3 ਤਿਮਾਰੀਆਂ ਤੋਂ ਰਿਟੇਲ ਮਹਿੰਗਾਈ ਨੂੰ 6 ਫੀਸਦੀ ਦੇ ਟੀਚੇ ਤੋਂ ਹੇਠਾਂ ਰੱਖਣ ’ਚ ਕਿਉਂ ਅਸਫਲ ਰਿਹਾ ਹੈ। ਆਰ. ਬੀ. ਆਈ. ਗਵਰਨਰ ਸ਼ਕਤੀਕਾਂਤ ਦਾਸ ਦੀ ਪ੍ਰਧਾਨਗੀ ’ਚ 6 ਮੈਂਬਰੀ ਐੱਮ. ਪੀ. ਸੀ. ਇਹ ਰਿਪੋਰਟ ਤਿਆਰ ਕਰੇਗੀ, ਜਿਸ ’ਚ ਮਹਿੰਗਾਈ ਦੇ ਟੀਚੇ ਨੂੰ ਹਾਸਲ ਕਰਨ ’ਚ ਅਸਫਲਤਾ ਦੇ ਕਾਰਨ ਦੱਸੇ ਜਾਣਗੇ।
ਕੀਮਤਾਂ ਨੂੰ ਘੱਟ ਕਰਨ ਲਈ ਕੀ ਉਪਾਅ ਹੋਏ
ਇਸ ਤੋਂ ਇਲਾਵਾ ਇਹ ਵੀ ਦੱਸਿਆ ਜਾਵੇਗਾ ਕਿ ਦੇਸ਼ ’ਚ ਕੀਮਤਾਂ ’ਚ ਨਰਮੀ ਲਿਆਉਣ ਲਈ ਕੇਂਦਰੀ ਬੈਂਕ ਨੇ ਕੀ ਉਪਾਅ ਕੀਤੇ ਹਨ। ਭਾਰਤ ਦੀ ਮੌਜੂਦਾ ਵਿਆਪਕ ਆਰਥਿਕ ਸਥਿਤੀ ਬਾਰੇ ਭਿੜੇ ਨੇ ਕਿਹਾ ਕਿ ਜੋਖਮ ਅਨਿਸ਼ਚਿਤ ਗਲੋਬਲ ਮਾਹੌਲ ਤੋਂ ਆਉਂਦਾ ਹੈ। ਹਾਲਾਂਕਿ ਚਾਲੂ ਵਿੱਤੀ ਸਾਲ ’ਚ ਜੀ. ਡੀ. ਪੀ. ਗ੍ਰੋਥ ਕਰੀਬ 7 ਫੀਸਦੀ ਰਹਿਣ ਦਾ ਅਨੁਮਾਨ ਹੈ।