ਰਤਨ ਅਤੇ ਗਹਿਣਿਆਂ ਦੀ ਬਰਾਮਦ ਕੋਵਿਡ ਤੋਂ ਪਹਿਲਾਂ ਦੇ ਪੱਧਰ ’ਤੇ ਪਹੁੰਚੀ, ਪ੍ਰਮੁੱਖ ਬਾਜ਼ਾਰਾਂ ਦੀ ਮੰਗ ’ਚ ਸੁਧਾਰ : GJEPC
Saturday, Jan 09, 2021 - 11:22 AM (IST)

ਮੁੰਬਈ (ਭਾਸ਼ਾ) – ਪ੍ਰਮੁੱਖ ਬਾਜ਼ਾਰਾਂ ਦੀ ਮੰਗ ’ਚ ਸੁਧਾਰ ਨਾਲ ਨਵੰਬਰ ਅਤੇ ਦਸੰਬਰ ਦੌਰਾਨ ਦੇਸ਼ ਦੇ ਰਤਨ ਅਤੇ ਗਹਿਣਿਆਂ ਦੀ ਬਰਾਮਦ ਕੋਵਿਡ-19 ਤੋਂ ਪਹਿਲਾਂ ਦੇ ਪੱਧਰ ’ਤੇ ਪਹੁੰਚ ਗਈ ਹੈ। ਰਤਨ ਅਤੇ ਗਹਿਣਿਆਂ ਦੀ ਐਕਪੋਰਟ ਪ੍ਰਮੋਸ਼ਨ ਕੌਂਸਲ (ਜੀ. ਜੇ. ਈ. ਪੀ ਸੀ.) ਨੇ ਕਿਹਾ ਕਿ ਅਮਰੀਕਾ ਸਮੇਤ ਪ੍ਰਮੁੱਖ ਬਾਜ਼ਾਰਾਂ ਦੀ ਮੰਗ ’ਚ ਸੁਧਾਰ ਹੋ ਰਿਹਾ ਹੈ। ਅਮਰੀਕਾ ’ਚ ਧੰਨਵਾਦ ਦਿਵਸ (ਥੈਂਕਸਗਿਵਿੰਗ ਡੇਅ) ਵਾਲੇ ਦਿਨ ਖਰਚ ’ਚ ਕਰੀਬ 22 ਫੀਸਦੀ ਦਾ ਵਾਧਾ ਹੋਇਆ ਹੈ।
ਜੀ. ਜੇ. ਈ. ਪੀ. ਸੀ. ਦੇ ਚੇਅਰਮੈਨ ਕੋਲਿਨ ਸ਼ਾਹ ਨੇ ਭਾਰਤ ਕੌਮਾਂਤਰੀ ਗਹਿਣਾ ਪ੍ਰਦਰਸ਼ਨੀ (ਆਈ. ਆਈ. ਜੇ. ਐੱਸ.) ਵਰਚੁਅਲ ਦੇ ਦੂਜੇ ਐਡੀਸ਼ਨ ਦੇ ਉਦਘਾਟਨ ਮੌਕੇ ਕਿਹਾ ਕਿ ਨਵਾਂ ਸਾਲ ਕਈ ਮੋਰਚਿਆਂ ’ਤੇ ਚੰਗੀ ਖਬਰ ਲੈ ਕੇ ਆਇਆ ਹੈ। ਕਾਰੋਬਾਰ ਦੇ ਨਜ਼ਰੀਏ ਨਾਲ ਦੇਖਿਆ ਜਾਵੇ ਤਾਂ ਸਾਰੇ ਪ੍ਰਮੁੱਖ ਬਾਜ਼ਾਰਾਂ ’ਚ ਰਤਨ ਅਤੇ ਗਹਿਣਿਆਂ ਦੀ ਮੰਗ ਵਧ ਰਹੀ ਹੈ। ਚੀਨ ’ਚ 2020 ’ਚ ਗਹਿਣਾ ਸਭ ਤੋਂ ਜ਼ਿਆਦਾ ਵਿਕਣ ਵਾਲਾ ਉਤਪਾਦ ਰਿਹਾ। ਅਮਰੀਕਾ ’ਚ ਥੈਂਕਸਗਿਵਿੰਗ ਡੇਅ ਵਾਲੇ ਦਿਨ ਖਰਚਾ ਸਾਲਾਨਾ ਆਧਾਰ ’ਤੇ ਕਰੀਬ 22 ਫੀਸਦੀ ਵਧ ਕੇ 5.1 ਅਰਬ ਡਾਲਰ ਦੇ ਰਿਕਾਰਡ ਪੱਧਰ ’ਤੇ ਪਹੁੰਚ ਗਿਆ।
ਸ਼ਾਹ ਨੇ ਕਿਹਾ ਕਿ ਨਵੰਬਰ ਅਤੇ ਦਸੰਬਰ ’ਚ ਦੇਸ਼ ਦੇ ਰਤਨ ਅਤੇ ਗਹਿਣਿਆਂ ਦੀ ਬਰਾਮਦ ਕੋਵਿਡ-19 ਤੋਂ ਪਹਿਲਾਂ ਦੇ ਪੱਧਰ ’ਤੇ ਆਵੇਗੀ। ਇਸ ਨਾਲ ਰਤਨ ਅਤੇ ਗਹਿਣਾ ਖੇਤਰ ਦੇ ਵਾਧੇ ਨੂੰ ਹੋਰ ਉਤਸ਼ਾਹ ਮਿਲਿਆ।