ਸਾਲ 2023 ''ਚ ਮਹਿੰਗੇ ਮਿਲਣਗੇ ਪੱਖੇ, ਸਰਕਾਰ ਦੇ ਇਸ ਫ਼ੈਸਲੇ ਨੇ ਵਧਾਈ ਚਿੰਤਾ

Sunday, Jan 08, 2023 - 05:59 PM (IST)

ਸਾਲ 2023 ''ਚ ਮਹਿੰਗੇ ਮਿਲਣਗੇ ਪੱਖੇ, ਸਰਕਾਰ ਦੇ ਇਸ ਫ਼ੈਸਲੇ ਨੇ ਵਧਾਈ ਚਿੰਤਾ

ਨਵੀਂ ਦਿੱਲੀ (ਭਾਸ਼ਾ) - ਪਾਵਰ ਸੇਵਿੰਗ ਸਟਾਰ ਰੇਟਿੰਗ ਵਾਲੇ ਪੱਖੇ ਵੇਚਣਾ 1 ਜਨਵਰੀ ਤੋਂ ਲਾਜ਼ਮੀ ਹੋ ਗਿਆ ਹੈ, ਇਨ੍ਹਾਂ (ਸੀਲਿੰਗ ਫੈਨ) ਦੀਆਂ ਕੀਮਤਾਂ ਵਿਚ ਅੱਠ ਤੋਂ 20 ਫੀਸਦੀ ਤੱਕ ਦਾ ਵਾਧਾ ਹੋ ਸਕਦਾ ਹੈ।

ਬਿਊਰੋ ਆਫ ਐਨਰਜੀ ਐਫੀਸ਼ੈਂਸੀ (ਬੀ.ਈ.ਈ.) ਦੇ ਸੰਸ਼ੋਧਿਤ ਮਾਪਦੰਡਾਂ ਅਨੁਸਾਰ ਬਿਜਲੀ ਬਚਾਉਣ ਦੀ ਸਮਰੱਥਾ ਦੇ ਆਧਾਰ 'ਤੇ ਬਿਜਲੀ ਦੇ ਪੱਖਿਆਂ ਨੂੰ ਸਟਾਰ ਰੇਟਿੰਗ ਦਿੱਤੀ ਜਾਵੇਗੀ। ਵਨ ਸਟਾਰ ਰੇਟਿੰਗ ਵਾਲਾ ਪੱਖਾ ਘੱਟੋ-ਘੱਟ 30 ਫੀਸਦੀ ਬਿਜਲੀ ਦੀ ਬਚਤ ਕਰਦਾ ਹੈ ਜਦਕਿ 5 ਸਟਾਰ ਰੇਟਿੰਗ ਵਾਲਾ ਪੱਖਾ 50 ਫੀਸਦੀ ਤੋਂ ਵੱਧ ਬਿਜਲੀ ਦੀ ਬਚਤ ਕਰ ਸਕਦਾ ਹੈ।

ਇਸ ਬਦਲਾਅ ਦਾ ਜਿੱਥੇ ਹੈਵੇਲਜ਼, ਓਰੀਐਂਟ ਇਲੈਕਟ੍ਰਿਕ ਅਤੇ ਊਸ਼ਾ ਇੰਟਰਨੈਸ਼ਨਲ ਵਰਗੀਆਂ ਪ੍ਰਮੁੱਖ ਪੱਖਾ ਨਿਰਮਾਤਾ ਕੰਪਨੀਆਂ ਨੇ ਸਵਾਗਤ ਕੀਤਾ ਹੈ, ਉੱਥੇ ਹੀ ਇਸ ਨਾਲ ਪੱਖਿਆਂ ਦੀ ਕੀਮਤ 5 ਫੀਸਦੀ ਤੋਂ 20 ਫੀਸਦੀ ਤੱਕ ਵਧਣ ਦੀ ਉਮੀਦ ਹੈ। ਅਸਲ ਵਿੱਚ 5 ਸਟਾਰ ਰੇਟਿੰਗ ਵਾਲੇ ਪੱਖੇ ਲਈ ਆਯਾਤਿਤ ਮੋਟਰ ਅਤੇ ਇਲੈਕਟ੍ਰਾਨਿਕ ਸਾਜ਼ੋ-ਸਮਾਨ ਲਗਾਉਣ ਕਾਰਨ ਪੱਖਿਆਂ ਦੀ ਲਾਗਤ ਵਧ ਜਾਵੇਗੀ।

ਇਹ ਵੀ ਪੜ੍ਹੋ : RBI ਜਾਰੀ ਕਰੇਗਾ 16,000 ਕਰੋੜ ਦੇ ਸਾਵਰੇਨ ਗ੍ਰੀਨ ਬਾਂਡ, ਇਨ੍ਹਾਂ ਤਾਰੀਖ਼ਾਂ ਨੂੰ ਹੋਣਗੇ ਜਾਰੀ

ਨਵੀਂ ਪ੍ਰਣਾਲੀ ਦੇ ਤਹਿਤ ਹੁਣ ਪੱਖੇ ਬਣਾਉਣ ਵਾਲੀਆਂ ਕੰਪਨੀਆਂ ਲਈ ਹੁਣ ਆਪਣੇ ਪੱਖਿਆਂ ਉੱਤੇ ਊਰਜਾ ਬਚਾਉਣ ਵਾਲੇ ਸਟਾਰ ਰੇਟਿੰਗਾਂ ਦੇ ਲੇਬਲ ਦੇਣਾ ਜ਼ਰੂਰੀ ਹੋਵੇਗਾ।

ਓਰੀਐਂਟ ਇਲੈਕਟ੍ਰਿਕ ਦੇ ਮੈਨੇਜਿੰਗ ਡਾਇਰੈਕਟਰ ਅਤੇ ਮੁੱਖ ਕਾਰਜਕਾਰੀ ਅਧਿਕਾਰੀ (ਸੀ.ਈ.ਓ.) ਰਾਕੇਸ਼ ਖੰਨਾ ਨੇ ਇਸ ਨੂੰ 'ਵੱਡਾ ਬਦਲਾਅ' ਕਰਾਰ ਦਿੰਦੇ ਹੋਏ ਕਿਹਾ ਕਿ ਸਟਾਰ ਰੇਟਿੰਗ ਸਿਸਟਮ ਦੀ ਸ਼ੁਰੂਆਤ ਨਾਲ ਗਾਹਕਾਂ ਨੂੰ ਹੁਣ ਬਿਜਲੀ ਦੀ ਜ਼ਿਆਦਾ ਬੱਚਤ ਕਰਨ ਵਾਲੇ ਉੱਨਤ ਪੱਖੇ ਮਿਲਣਗੇ। ਪਰ ਇਸਦੇ ਲਈ ਗਾਹਕਾਂ ਨੂੰ ਹੁਣ ਵੱਧ ਕੀਮਤ ਅਦਾ ਕਰਨੀ ਪਵੇਗੀ ਕਿਉਂਕਿ ਬਿਹਤਰ ਰੇਟਿੰਗ ਪ੍ਰਾਪਤ ਕਰਨ ਲਈ ਪੱਖਿਆਂ ਵਿੱਚ ਐਡਵਾਂਸ ਕੰਪੋਨੈਂਟ ਲਗਾਏ ਜਾਣਗੇ। ਉਸ ਨੇ ਕੀਮਤਾਂ ਵਿੱਚ ਸੱਤ ਫੀਸਦੀ ਵਾਧਾ ਹੋਣ ਦੀ ਸੰਭਾਵਨਾ ਹੈ।

ਊਸ਼ਾ ਇੰਟਰਨੈਸ਼ਨਲ ਦੇ ਸੀਈਓ ਦਿਨੇਸ਼ ਛਾਬੜਾ ਨੇ ਕਿਹਾ ਕਿ ਸਟਾਰ ਰੇਟਿੰਗ ਵਾਲੇ ਪੱਖਿਆਂ ਦੀ ਵਰਤੋਂ ਕਰਨ ਨਾਲ ਗਾਹਕਾਂ ਨੂੰ ਬਿਜਲੀ ਦਾ ਬਿੱਲ ਘੱਟ ਕਰਨ ਵਿੱਚ ਮਦਦ ਮਿਲੇਗੀ ਪਰ ਇਨ੍ਹਾਂ ਪੱਖਿਆਂ ਨੂੰ ਖਰੀਦਣ 'ਤੇ ਉਨ੍ਹਾਂ ਨੂੰ ਵੱਧ ਕੀਮਤ ਚੁਕਾਉਣੀ ਪਵੇਗੀ। ਉਨ੍ਹਾਂ ਕਿਹਾ, "ਊਸ਼ਾ ਕੰਪਨੀ ਦੇ ਇੱਕ ਸਟਾਰ ਰੇਟਿੰਗ ਵਾਲੇ ਪੱਖੇ 5-7 ਫੀਸਦੀ ਅਤੇ ਪੰਜ ਤਾਰਾ ਰੇਟਿੰਗ ਵਾਲੇ ਪੱਖੇ 20 ਫੀਸਦੀ ਮਹਿੰਗੇ ਹੋਣਗੇ।"

ਹੈਵੇਲਜ਼ ਇੰਡੀਆ ਦੇ ਪ੍ਰਧਾਨ ਸੌਰਭ ਗੋਇਲ ਨੇ ਕਿਹਾ ਕਿ ਨਵੇਂ ਸਟੈਂਡਰਡ ਦੇ ਲਾਗੂ ਹੋਣ ਨਾਲ ਪੱਖਿਆਂ ਦੇ ਉਤਪਾਦਨ ਦੀ ਲਾਗਤ ਵਿੱਚ ਅੰਸ਼ਕ ਵਾਧਾ ਖਪਤਕਾਰਾਂ ਉੱਤੇ ਹੀ ਪਾਇਆ ਜਾਵੇਗਾ। ਨਾਲ ਹੀ ਉਨ੍ਹਾਂ ਕਿਹਾ ਕਿ ਇਹ ਬਦਲਾਅ ਲੋਕਾਂ ਨੂੰ ਬਿਜਲੀ ਦੀ ਬੱਚਤ ਬਾਰੇ ਜਾਗਰੂਕ ਕਰਨ ਦਾ ਵੀ ਮੌਕਾ ਹੈ।

ਦੇਸ਼ 'ਚ ਪੱਖੇ ਦਾ ਬਾਜ਼ਾਰ ਲਗਭਗ 10,000 ਕਰੋੜ ਰੁਪਏ ਦਾ ਹੈ। ਇੰਡੀਅਨ ਫੈਨ ਮੈਨੂਫੈਕਚਰਰਜ਼ ਐਸੋਸੀਏਸ਼ਨ ਦੀ ਰਿਪੋਰਟ ਅਨੁਸਾਰ, ਇਸ ਖੇਤਰ ਵਿੱਚ 200 ਤੋਂ ਵੱਧ ਕੰਪਨੀਆਂ ਸਰਗਰਮ ਹਨ।

ਇਹ ਵੀ ਪੜ੍ਹੋ : ਤਿੰਨ ਸਾਲ ਬਾਅਦ ਲਗਾਏ ਜਾ ਰਹੇ 'ਵਹੀਕਲ ਮੇਲੇ' ਤੋਂ ਕਈ ਵੱਡੀਆਂ ਵਾਹਨ ਕੰਪਨੀਆਂ ਨੇ ਬਣਾਈ ਦੂਰੀ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News