ESI ਬੀਮਾ ਲਾਭ ਪਾਤਰੀ ਨੂੰ ਅੰਤਿਮ ਸੰਸਕਾਰ ਭੱਤੇ ਸਣੇ ਮਿਲਦੇ ਹਨ ਹੋਰ ਵੀ ਕਈ ਲਾਭ

02/22/2020 6:01:38 PM

ਨਵੀਂ ਦਿੱਲੀ — ਕਰਮਚਾਰੀ ਸਟੇਟ ਬੀਮਾ (ESI) ਸਕੀਮ ਪ੍ਰਾਈਵੇਟ ਕੰਪਨੀਆਂ, ਫੈਕਟਰੀਆਂ ਅਤੇ ਕਾਰਖਾਨਿਆਂ 'ਚ ਕੰਮ ਕਰਨ ਵਾਲੇ ਕਰਮਚਾਰੀਆਂ ਦੇ ਸਿਹਤ ਲਾਭ ਲਈ ਕਿਰਤ ਮੰਤਰਾਲੇ ਦੁਆਰਾ ਚਲਾਈ ਜਾ ਰਹੀ ਹੈ। ਇਸ ਯੋਜਨਾ ਵਿਚ ਉਨ੍ਹਾਂ ਕਰਮਚਾਰੀਆਂ ਨੂੰ ਸ਼ਾਮਲ ਕੀਤਾ ਜਾਂਦਾ ਹੈ ਜਿਨ੍ਹਾਂ ਦੀ ਮਹੀਨਾਵਾਰ ਆਮਦਨ 21 ਹਜ਼ਾਰ ਰੁਪਏ ਜਾਂ ਇਸ ਤੋਂ ਘੱਟ ਹੈ। ਇਸ ਯੋਜਨਾ ਦੇ ਤਹਿਤ ਹਰੇਕ ਕਰਮਚਾਰੀ ਅਤੇ ਉਸ 'ਤੇ ਨਿਰਭਰ ਲਾਭਪਾਤਰਾਂ ਨੂੰ ਬਹੁਤ ਸਾਰੀਆਂ ਸਹੂਲਤਾਂ ਮਿਲਦੀਆਂ ਹਨ।

ਆਓ ਜਾਣਦੇ ਹਾਂ ਇਨ੍ਹਾਂ ਸਹੂਲਤਾਂ ਬਾਰੇ।

ਇਲਾਜ ਦਾ ਲਾਭ - ਇਸ ਦੇ ਤਹਿਤ ESI 'ਚ ਬੀਮਾ ਧਾਰਕ ਵਿਅਕਤੀ ਅਤੇ ਉਸ 'ਤੇ ਨਿਰਭਰ ਪਰਿਵਾਰਕ ਮੈਂਬਰਾਂ ਨੂੰ ਡਾਕਟਰੀ ਇਲਾਜ ਦਾ ਲਾਭ ਮਿਲਦਾ ਹੈ।

ਬਿਮਾਰੀ ਲਾਭ - ਇਸ ਦੇ ਤਹਿਤ ESI ਬੀਮਾ ਧਾਰਕ ਵਿਅਕਤੀ ਨੂੰ ਬਿਮਾਰੀ ਦੌਰਾਨ ਲਈ ਜਾਣ ਵਾਲੀ ਛੁੱਟੀ ਲਈ 91 ਦਿਨਾਂ ਲਈ ਔਸਤਨ ਰੋਜ਼ਾਨਾ ਤਨਖਾਹ ਦਾ 70 ਫੀਸਦੀ ਨਕਦ ਭੁਗਤਾਨ ਕੀਤਾ ਜਾਂਦਾ ਹੈ।

ਜਣੇਪਾ ਲਾਭ - ESIC ਮੈਟਰਨਿਟੀ ਛੁੱਟੀ ਦੌਰਾਨ ਜਣੇਪੇ 'ਚ 26 ਹਫਤਿਆਂ ਤੱਕ, ਗਰਭਪਾਤ ਦੇ ਮਾਮਲੇ 'ਚ 6 ਹਫਤਿਆਂ ਤੱਕ, ਕਮਿਸ਼ਨਿੰਗ ਮਾਂ ਜਾਂ ਗੋਦ ਲੈਣ ਵਾਲੀ ਮਾਂ ਨੂੰ 12 ਹਫ਼ਤਿਆਂ ਤੱਕ ਔਸਤਨ ਰੋਜ਼ਾਨਾ ਤਨਖਾਹ ਦਾ 100 ਫੀਸਦੀ ਨਕਦ ਭੁਗਤਾਨ ਕਰਦਾ ਹੈ।

ਅਪਾਹਜਤਾ ਲਾਭ - ਇਕ ਬੀਮਾ ਧਾਰਕ ਵਿਅਕਤੀ ਨੂੰ ਅਸਥਾਈ ਅਪਾਹਜਤਾ ਦੀ ਸਥਿਤੀ 'ਚ ਸੱਟ ਠੀਕ ਹੋਣ ਤੱਕ ਅਤੇ ਸਥਾਈ ਅਪਾਹਜਤਾ ਦੀ ਸਥਿਤੀ 'ਚ ESIC ਜੀਵਨ ਭਰ ਨਿਰੰਤਰ ਮਹੀਨਾਵਾਰ ਪੈਨਸ਼ਨ ਦਾ ਭੁਗਤਾਨ ਕਰਦੀ ਹੈ।

ਨਿਰਭਰਤਾ ਲਾਭ - ਜੇਕਰ ਕਿਸੇ ਬੀਮਾ ਧਾਰਕ ਵਿਅਕਤੀ ਦੀ ਨੌਕਰੀ ਦੌਰਾਨ ਮੌਤ ਹੋ ਜਾਂਦੀ ਹੈ, ਤਾਂ ESIC ਉਸ ਵਿਅਕਤੀ 'ਤੇ ਨਿਰਭਰ ਵਿਅਕਤੀਆਂ ਨੂੰ ਨਿਰਧਾਰਤ ਅਨੁਪਾਤ 'ਚ ਮਹੀਨਾਵਾਰ ਪੈਨਸ਼ਨ ਦਾ ਭੁਗਤਾਨ ਕਰਦੀ ਹੈ।

ਬੇਰੋਜ਼ਗਾਰੀ ਭੱਤਾ - ਜੇਕਰ ਕਿਸੇ ਬੀਮਾ ਧਾਰਕ ਵਿਅਕਤੀ ਨੂੰ ਅਣਇੱਛਤ ਨੁਕਸਾਨ ਜਾਂ ਫਿਰ ਰੋਜ਼ਗਾਰ ਤੋਂ ਇਲਾਵਾ ਸੱਟ ਲੱਗਣ ਕਾਰਨ ਉਹ ਸਥਾਈ ਤੌਰ ਤੇ ਅਯੋਗ ਹੋ ਜਾਂਦਾ ਹੈ, ਤਾਂ ਉਸਨੂੰ 24 ਮਹੀਨਿਆਂ ਦੀ ਮਿਆਦ ਤੱਕ ਨਕਦ ਮਾਸਿਕ ਭੱਤਾ ਦਿੱਤਾ ਜਾਂਦਾ ਹੈ।

ਬੁਢਾਪਾ ਮੈਡੀਕਲ ਲਾਭ - ਜਿਹੜੇ ਬੀਮਾ ਧਾਰਕ ਵਿਅਕਤੀ ਆਪਣੀ ਨੌਕਰੀ ਪੂਰੀ ਕਰਨ ਤੋਂ ਬਾਅਦ ਸੇਵਾਮੁਕਤ/ਰਿਟਾਇਰ ਹੋ ਜਾਂਦੇ ਹਨ, ਉਨ੍ਹਾਂ ਨੂੰ ਈਐਸਆਈ ਹਸਪਤਾਲਾਂ ਅਤੇ ਡਿਸਪੈਂਸਰੀਆਂ ਵਿਚ ਡਾਕਟਰੀ ਲਾਭ ਦਿੱਤੇ ਜਾਂਦੇ ਹਨ।

ਪੇਸ਼ਾਵਰ ਸਿਖਲਾਈ - ESIC ਰੋਜ਼ਗਾਰ ਦੌਰਾਨ ਸੱਟ ਲੱਗਣ ਕਾਰਨ ਅਪਾਹਜ ਹੋਣ ਦੀ ਸਥਿਤੀ 'ਚ ਵਸੁਲਿਆ ਗਿਆ ਅਸਲ ਚਾਰਜ ਜਾਂ 123 ਰੁਪਏ ਪ੍ਰਤੀ ਦਿਨ ਦੇ ਹਿਸਾਬ ਨਾਲ ਬੀਮਾ ਧਾਰਕ ਵਿਅਕਤੀ ਨੂੰ ਭੁਗਤਾਨ ਕਰਦਾ ਹੈ।

ਸਰੀਰਕ ਮੁੜ ਵਸੇਬਾ - ਨੌਕਰੀ ਦੌਰਾਨ ਸੱਟ ਲੱਗਣ ਕਾਰਨ ਸਰੀਰਕ ਅਪਾਹਜਤਾ ਦੀ ਸਥਿਤੀ ਵਿਚ ਬੀਮਾ ਧਾਰਕ ਵਿਅਕਤੀ ਜਦੋਂ ਤੱਕ ਨਕਲੀ ਅੰਗ ਕੇਂਦਰ ਵਿਚ ਭਰਤੀ ਰਹਿੰਦਾ ਹੈ ਉਸਨੂੰ ਅਸਥਾਈ ਅਪਾਹਜਤਾ ਹਿੱਤਲਾਭ ਦੀ ਦਰ ਨਾਲ ਭੁਗਤਾਨ ਕੀਤਾ ਜਾਂਦਾ ਹੈ।

ਜਣੇਪਾ ਖਰਚ - ਅਜਿਹੇ ਮਾਮਲਿਆਂ ਵਿਚ ਜਿੱਥੇ ਗਰਭਵਤੀ ਔਰਤ ਨੂੰ ਐਮਰਜੈਂਸੀ ਦੌਰਾਨ ਈਐਸਆਈ ਹਸਪਤਾਲਾਂ ਵਿਚ ਡਾਕਟਰੀ ਇਲਾਜ ਦਾ ਲਾਭ ਨਹੀਂ ਮਿਲਦਾ, ਉਨ੍ਹਾਂ ਨੂੰ ਬਾਹਰੀ ਹਸਪਤਾਲਾਂ ਵਿਚ ਇਲਾਜ ਕਰਵਾਉਣ ਲਈ 7500 ਰੁਪਏ ਦੀ ਦਰ ਨਾਲ ਨਕਦ ਭੁਗਤਾਨ ਮਿਲਦਾ ਹੈ। ਇਹ ਲਾਭ ਦੋ ਵਾਰ ਹੀ ਦਿੱਤਾ ਜਾਂਦਾ ਹੈ।

ਅੰਤਮ ਸੰਸਕਾਰ - ESIC ਦੁਆਰਾ ਬੀਮਾ ਧਾਰਕ ਵਿਅਕਤੀ ਦੀ ਮੌਤ ਹੋਣ ਦੀ ਸਥਿਤੀ ਵਿਚ ਅੰਤਮ ਸੰਸਕਾਰ ਲਈ ਮੁਢਲਾ ਖਰਚਾ ਜਾਂ ਵੱਧ ਤੋਂ ਵੱਧ 15 ਹਜ਼ਾਰ ਰੁਪਏ ਦਾ ਨਕਦ ਭੁਗਤਾਨ ਕੀਤਾ ਜਾਂਦਾ ਹੈ।

ਵਧੇਰੇ ਜਾਣਕਾਰੀ ਲਈ ESIC ਵਿਭਾਗ ਨਾਲ ਸੰਪਰਕ ਕਰਕੇ ਵਿਸਥਾਰ ਸਹਿਤ ਜਾਣਕਾਰੀ ਲਈ ਜਾ ਸਕਦੀ ਹੈ।


Related News