EPFO ਦੇ 6 ਕਰੋੜ ਮੈਂਬਰਾਂ ਲਈ ਖ਼ੁਸ਼ਖ਼ਬਰੀ, PF 'ਤੇ ਮਿਲ ਸਕਦੈ ਵੱਧ ਰਿਟਰਨ

07/12/2021 1:51:14 PM

ਨਵੀਂ ਦਿੱਲੀ- ਕਰਮਚਾਰੀ ਭਵਿੱਖ ਫੰਡ ਸੰਗਠਨ (ਈ. ਪੀ. ਐੱਫ. ਓ.) ਦੇ 6 ਕਰੋੜ ਮੈਂਬਰਾਂ ਲਈ ਚੰਗੀ ਖ਼ਬਰ ਹੈ। ਪੀ. ਐੱਫ. ਖਾਤੇ 'ਤੇ ਜ਼ਿਆਦਾ ਰਿਟਰਨ ਮਿਲ ਸਕਦਾ ਹੈ। ਮਿੰਟ ਦੀ ਇਕ ਰਿਪੋਰਟ ਵਿਚ ਸਰਕਾਰੀ ਅਧਿਕਾਰੀਆਂ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਈ. ਪੀ. ਐੱਫ. ਓ. ਆਪਣੇ ਸਾਲਾਨਾ ਜਮ੍ਹਾ ਫੰਡ ਦਾ ਇਕ ਹਿੱਸਾ ਇੰਫਰਾਸਟ੍ਰਕਚਰ ਇਨਵੈਸਟਮੈਂਟ ਟਰੱਸਟ ਯਾਨੀ ਇਨਵਿਟਸ ਵਿਚ ਨਿਵੇਸ਼ ਕਰਨ ਦੀ ਯੋਜਨਾ ਬਣਾ ਰਿਹਾ ਹੈ। ਇਸ ਨਾਲ ਨਾ ਸਿਰਫ਼ ਇੰਫਰਾਸਟ੍ਰਕਚਰ ਵਿਚ ਨਿਵੇਸ਼ ਵਿਚ ਤੇਜ਼ੀ ਆਵੇਗੀ ਸਗੋਂ ਈ. ਪੀ. ਐੱਫ. ਓ.ਲਈ ਨਿਵੇਸ਼ ਦਾ ਦਾਇਰਾ ਵੀ ਵਧੇਗਾ।

ਈ. ਪੀ. ਐੱਫ. ਓ. ਹੁਣ ਤੱਕ ਸਿਰਫ਼ ਬਾਂਡਜ਼, ਸਰਕਾਰੀ ਸਕਿਓਰਿਟੀਜ਼ ਅਤੇ ਈ. ਟੀ. ਐੱਫ. ਵਿਚ ਹੀ ਨਿਵੇਸ਼ ਕਰਦਾ ਹੈ। ਇਨਵਿਟ ਇਕ ਅਲਟਰਨੇਟਿਵ ਇਨਵੈਸਟਮੈਂਟ ਫੰਡ (ਏ. ਆਈ. ਐੱਫ.) ਹੈ ਜੋ ਮਿਊਚੁਅਲ ਫੰਡ (ਐੱਮ. ਐੱਫ.) ਦੀ ਤਰ੍ਹਾਂ ਹੀ ਕੰਮ ਕਰਦਾ ਹੈ।

ਬਜਟ ਵਿਚ ਸਰਕਾਰ ਨੇ ਸੰਸਥਾਨਾਂ ਤੋਂ ਹੋਰ ਪੈਸਾ ਇੰਫਰਾਸਟ੍ਰਕਚਰ ਵਿਚ ਪਾਉਣ ਦਾ ਸੰਕੇਤ ਦਿੱਤਾ ਸੀ। ਮੰਨਿਆ ਜਾ ਰਿਹਾ ਹੈ ਕਿ ਇਨਵਿਟਸ ਜ਼ਰੀਏ ਇੰਫਰਾਸਟ੍ਰਕਚਰ ਪ੍ਰੋਜੈਕਟਸ ਪੈਨਸ਼ਨ ਫੰਡਸ ਤੋਂ ਲੰਮੀ ਮਿਆਦ ਲਈ ਫੰਡ ਜੁਟਾ ਸਕਦੇ ਹਨ। ਇੰਫਰਾਸਟ੍ਰਕਚਰ ਫੰਡਸ, ਐੱਸ. ਐੱਮ. ਈ. ਫੰਡਸ ਅਤੇ ਸੋਸ਼ਲ ਵੇਂਚਰ ਫੰਡਸ ਏ. ਆਈ. ਐੱਫ. ਦੀ ਸ਼੍ਰੇਣੀ 1 ਵਿਚ ਕੁਝ ਵਿਕਲਪ ਹਨ ਅਤੇ ਇਨ੍ਹਾਂ 'ਤੇ ਸੇਬੀ ਦੇ ਨਿਯਮ ਲਾਗੂ ਹੁੰਦੇ ਹਨ। ਇਕ ਅਧਿਕਾਰੀ ਨੇ ਕਿਹਾ ਕਿ ਸਰਕਾਰ ਨੇ ਈ. ਪੀ. ਐੱਫ. ਓ. ਨੂੰ ਇਨ੍ਹਾਂ ਵਿਚ ਨਿਵੇਸ਼ ਦੀ ਮਨਜ਼ੂਰੀ ਦੇ ਦਿੱਤੀ ਹੈ ਪਰ ਇਨ੍ਹਾਂ ਵਿਚ ਇਨਵਿਟਸ ਹੀ ਸਭ ਤੋਂ ਤੇਜ਼ੀ ਨਾਲ ਉਭਰਦਾ ਬਦਲ ਹੈ। ਪੀ. ਐੱਫ. ਖਾਤਾਧਾਰਕਾਂ ਨੂੰ ਵਿੱਤੀ ਸਾਲ 2020-21 ਲਈ 8.5 ਫ਼ੀਸਦੀ ਵਿਆਜ ਮਿਲੇਗਾ। ਮੰਨਿਆ ਜਾ ਰਿਹਾ ਹੈ ਕਿ ਇਹ ਵਿਆਜ ਅਗਸਤ ਦੇ ਅਖੀਰ ਵਿਚ ਪੀ. ਐਫ. ਖਾਤਾਧਾਰਕਾਂ ਦੇ ਖਾਤੇ ਵਿਚ ਜਮ੍ਹਾ ਹੋ ਜਾਵੇਗਾ। ਉੱਥੇ ਹੀ, ਜੇਕਰ ਈ. ਪੀ. ਐੱਫ. ਓ. ਆਪਣੇ ਫੰਡ ਦੇ ਕੁਝ ਹਿੱਸੇ ਨੂੰ ਇਨਵਿਟਸ ਵਿਚ ਨਿਵੇਸ਼ ਕਰਦਾ ਹੈ ਤਾਂ ਰਿਟਰਨ ਵੱਧ ਜਾਵੇਗਾ।


Sanjeev

Content Editor

Related News